ਧਰਮ

ਰੱਬੀ ਰੰਗ ਵਿਚ ਰੰਗੀ ਹੋਈ ਆਤਮਾ ਸਨ- ਭਾਈ ਸਾਹਿਬ ਭਾਈ ਰਣਧੀਰ ਸਿੰਘ

April 16, 2020 05:33 PM

ਚੰਡੀਗੜ੍ਹ-ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਜਿਹੀ ਰੱਬੀ ਰੰਗ ਵਿਚ ਰੰਗੀ ਹੋਈ ਆਤਮਾ ਸਨ, ਜਿਨ੍ਹਾਂ ਨੂੰ ਸਮੁੱਚਾ ਸਿੱਖ ਜਗਤ ਇਸ ਕਰਕੇ ਸਤਿਕਾਰ ਦਿੰਦਾ ਹੈ ਕਿ ਉਹ ਇਕੋ ਸਮੇਂ ਕੌਮੀ ਦਰਦ ਰੱਖਣ ਵਾਲੇ ਦੇਸ਼ ਭਗਤ, ਸੰਤ ਕਵੀ, ਗੁਰਬਾਣੀ ਦੇ ਵਿਆਖਿਆਕਾਰ ਹੋਣ ਦੇ ਨਾਲ-ਨਾਲ ਅੰਗਰੇਜ਼ ਹਕੂਮਤ ਨੂੰ ਵੰਗਾਰਨ ਵਾਲੇ ਗਦਰੀ ਬਾਬਿਆਂ ਦੇ ਸਾਥੀ, ਗੁਰਦੁਆਰਾ ਸੁਧਾਰ ਦੇ ਮੋਢੀ ਗੁਰਸਿੱਖ ਵੀ ਸਨ। ਭਾਈ ਸਾਹਿਬ ਦਾ ਜਨਮ 7 ਜੁਲਾਈ 1878 ਈ: ਨੂੰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ: ਨੱਥਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਪੰਜਾਬ ਕੌਰ ਦੀ ਕੁੱਖ ਤੋਂ ਹੋਇਆ। ਆਪ ਨੇ ਮੁਢਲੀ ਸਿੱਖਿਆ ਨਾਭੇ ਤੋਂ ਹਾਸਲ ਕੀਤੀ। ਉਚੇਰੀ ਸਿੱਖਿਆ ਵਾਸਤੇ ਸਰਕਾਰੀ ਕਾਲਜ ਲਾਹੌਰ ਵਿਖੇ ਦਾਖਲਾ ਲਿਆ। ਕਾਲਜ ਪੜ੍ਹਦਿਆਂ ਹੀ ਗੁਰਬਾਣੀ ਅਤੇ ਗੁਰਸ਼ਬਦ ਦੀ ਰੰਗਣ ਵਿਚ ਰੰਗੇ ਗਏ। ਆਤਮਿਕ ਰਸ ਆਉਣ ਲੱਗ ਪਿਆ, ਕਈ-ਕਈ ਘੰਟੇ ਇਕੋ ਚੌਕੜੇ ਵਿਚ ਬੈਠੇ ਰਹਿੰਦੇ। 22 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਕਰਕੇ ਅਜੇ ਜੀਵਨ ਦਾ ਸਫਰ ਆਰੰਭ ਕਰਨਾ ਸੀ ਕਿ ਪੰਜਾਬ ਵਿਚ ਪਲੇਗ ਵਰਗੀ ਭਿਆਨਕ ਬਿਮਾਰੀ ਫੈਲ ਗਈ। 1902 ਈ: ਵਿਚ ਪਲੇਗ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਅੰਗਰੇਜ਼ ਸਰਕਾਰ ਨੇ ਇੰਗਲੈਂਡ ਤੋਂ ਆਏ ਡਾਕਟਰ ਫਿਸ਼ਰ ਨਾਲ ਭਾਈ ਸਾਹਿਬ ਦੀ ਨਾਇਬ-ਤਹਿਸੀਲਦਾਰ ਵਜੋਂ ਨਿਯੁਕਤੀ ਕੀਤੀ। ਜਦੋਂ ਪਲੇਗ ਦੀ ਬਿਮਾਰੀ ਦਾ ਹਮਲਾ ਖਤਮ ਹੋ ਗਿਆ ਤਾਂ ਸਰਕਾਰ ਨੇ ਇਸ ਮਹਿਕਮੇ ਨੂੰ ਖਤਮ ਕਰਕੇ ਭਾਈ ਸਾਹਿਬ ਨੂੰ ਕਿਸੇ ਹੋਰ ਵਿਭਾਗ ਵਿਚ ਤਬਦੀਲ ਕਰਨ ਦੀ ਵਿਚਾਰ ਕੀਤੀ। ਪਰ ਭਾਈ ਸਾਹਿਬ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਪੂਰਨ ਰੂਪ ਵਿਚ ਪ੍ਰਭੂ ਸਿਮਰਨ ਕਰਦਿਆਂ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਮਨ ਬਣਾਇਆ।
ਇਸ ਤੋਂ ਛੇਤੀ ਪਿੱਛੋਂ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਸਰਬਲੋਹ ਦੇ ਧਾਰਨੀ ਬਣ ਕੇ ਬਿਬੇਕੀ ਜੀਵਨ ਆਰੰਭ ਕਰ ਦਿੱਤਾ। ਇਸ ਤੋਂ ਪਿੱਛੋਂ ਕੁਝ ਸਮਾਂ ਐਬਟਾਬਾਦ (ਪਾਕਿਸਤਾਨ) ਵਿਖੇ ਹੈੱਡ ਕਲਰਕ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ। ਪਰ ਆਪ ਦੇ ਹਿਰਦੇ ਵਿਚ ਸਿੱਖ ਧਰਮ ਲਈ ਅਥਾਹ ਪ੍ਰੇਮ ਸੀ। ਉਹ ਨਹੀਂ ਸੀ ਚਾਹੁੰਦੇ ਕਿ ਸਿੱਖ ਸਰਦਾਰ ਅੰਗਰੇਜ਼ ਸਰਕਾਰ ਦੇ ਹੱਥਾਂ ਵਿਚ ਖੇਡਣ। ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ ਲਈ ਕਮਰਕੱਸਾ ਕਰ ਲਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪਾਵਨ ਅਵਸਰ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਨੇੜੇ ਹੋਣ ਵਾਲੇ ਨਾਚ-ਗਾਣੇ ਤੇ ਮੁਜਰੇ ਬੰਦ ਕਰਵਾਏ। ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਨੂੰ ਮਹੰਤਾਂ ਦੇ ਪ੍ਰਬੰਧ ਤੋਂ ਮੁਕਤੀ ਦਿਵਾਈ। 1914 ਈ: ਵਿਚ ਅੰਗਰੇਜ਼ ਹਕੂਮਤ ਵੱਲੋਂ ਵਾਇਸਰਾਏ ਭਵਨ ਦੇ ਵਿਸਥਾਰ ਲਈ ਸਿੱਖ ਸੰਗਤ ਤੋਂ ਪੁੱਛੇ ਬਿਨਾਂ ਗੁ: ਸ੍ਰੀ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹੇ ਜਾਣ ਅਤੇ ਕਾਮਾਗਾਟਾਮਾਰੂ ਜਹਾਜ਼ ਦੇ ਨਿਹੱਥੇ ਮੁਸਾਫਿਰਾਂ ਉੱਪਰ ਗੋਲੀ ਚਲਾਉਣ ਦੀ ਘਟਨਾ ਤੋਂ ਪਿੱਛੋਂ ਭਾਈ ਸਾਹਿਬ ਨੇ ਹਕੂਮਤ ਨਾਲ ਸਿੱਧੀ ਟੱਕਰ ਲੈਣ ਲਈ ਤਿਆਰੀ ਆਰੰਭ ਕੀਤੀ। ਦੇਸ਼ ਭਗਤਾਂ ਨਾਲ ਫਿਰੋਜ਼ਪੁਰ ਛਾਉਣੀ ‘ਤੇ ਹਮਲਾ ਕਰਨ ਅਤੇ ਲਾਹੌਰ ਸਾਜ਼ਿਸ਼ ਕੇਸ ਵਿਚ ਆਪ ਨੂੰ ਗ੍ਰਿਫਤਾਰ ਕਰਕੇ 30 ਮਾਰਚ 1916 ਨੂੰ ਆਪ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਭਾਈ ਸਾਹਿਬ ਨੇ ਜੇਲ੍ਹ ਯਾਤਰਾ ਦੌਰਾਨ 42 ਦੇ ਲਗਭਗ ਪੁਸਤਕਾਂ ਗੁਰਮਤਿ ਸਾਹਿਤ ਦੀ ਝੋਲੀ ਵਿਚ ਪਾਈਆਂ। ਇਨ੍ਹਾਂ ਪੁਸਤਕਾਂ ਵਿਚ ‘ਜੇਲ੍ਹ ਚਿੱਠੀਆਂ’, ‘ਜੋਤਿ ਵਿਕਾਸ’ (ਕਾਵਿ-ਸੰਗ੍ਰਹਿ), ‘ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤਪ੍ਰਸਤੀ ਹੈ’, ‘ਗੁਰਮਤਿ ਵਿਚਾਰਾਂ’, ‘ਸੱਚਖੰਡ ਦਰਸ਼ਨ’, ‘ਸਿੱਖ ਕੌਣ’, ‘ਅੰਮ੍ਰਿਤ-ਕਲਾ’, ‘ਸਿੰਘਾਂ ਦਾ ਪੰਥ ਨਿਰਾਲਾ’, ‘ਦਰਸ਼ਨ ਝਲਕਾਂ’ (ਕਾਵਿ ਉਡਾਰੀਆਂ) ਤੇ ਕਥਾ ਕੀਰਤਨ ਆਦਿ ਹਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਪੰਥ ਦੀ ਅਜਿਹੀ ਰੰਗਰੱਤੜੀ ਆਤਮਾ ਸਨ, ਜੋ ਸੱਚਖੰਡ ਪਿਆਨੇ ਤੱਕ ਲਗਾਤਾਰ ਸਿੱਖ ਹਿਤਾਂ ਲਈ ਕਾਰਜਸ਼ੀਲ ਰਹੇ। 83 ਸਾਲ ਦੀ ਉਮਰ ਭੋਗ ਕੇ ਆਪ 16 ਅਪ੍ਰੈਲ 1961 ਨੂੰ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋ ਗਏ। 

Have something to say? Post your comment

 

ਧਰਮ

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ