ਧਰਮ

ਦਲਿ ਭੰਜਨੁ ਗੁਰ ਸੂਰਮਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

June 03, 2020 01:30 PM

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਜਿਹੀ ਹਸਤੀ ਦੇ ਮਾਲਕ ਸਨ ਜੋ ਸੰਤ ਵੀ ਸੀ ਤੇ ਸਿਪਾਹੀ ਵੀ। ਆਪਨੇ ਅਧਿਆਤਮਿਕਤਾ ਦੇ ਪ੍ਰਕਾਸ਼ ’ਚ ਦੁਨਿਆਵੀ ਕਦਰਾਂ-ਕੀਮਤਾਂ ਨੂੰ ਸਰਸ਼ਾਰ ਕਰਨ ਅਤੇ ਧਰਮ ਤੇ ਨੇਕੀ ਨੂੰ ਜ਼ਰੇ-ਜ਼ਰੇ ਵਿਚ ਸੁਰਜੀਤ ਕਰਨ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਣ ਕੀਤੀਆਂ ਅਤੇ ਤਲਵਾਰ ਵਰਗੇ ਮਾਨਵਘਾਤੀ ਹਥਿਆਰ ਨੂੰ ਕ੍ਰਿਪਾਨ ਦਾ ਰੂਪ ਬਖਸ਼ ਦਿੱਤਾ। ਆਪ ਜੀ ਨੇ ਰਾਜਨੀਤੀ ਨੂੰ ਧਰਮ ਦੇ ਅਧੀਨ ਕਰਕੇ ਪਾਪੀ ਹਾਕਮਾਂ ਨੂੰ ਨੱਥ ਪਾਉਣ ਦਾ ਮਹਾਨ ਕਾਰਜ ਕੀਤਾ। ਉਹੀ ਤਲਵਾਰ ਜੋ ਮਜ਼ਲੂਮਾਂ ’ਤੇ ਜ਼ੁਲਮ ਢਾਹੁੰਦੀ ਸੀ ਹੁਣ ਗਰੀਬਾਂ ਦੀ ਰੱਖਿਅਕ ਬਣ ਗਈ। ਸਿੱਖ ਧਰਮ ਦੇ ਵਿਕਾਸ-ਮਾਰਗ ਤੇ ਇਹ ਅਜਿਹਾ ਪੜਾਅ ਸੀ ਜਿਸ ਵਿਚ ਫਕੀਰੀ ਵਿੱਚੋਂ ਮੀਰੀ ਵੀ ਪ੍ਰਗਟ ਹੋਈ। ਮੁਕਤੀ ਦੇ ਦਾਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵਡਾਲੀ ਗ੍ਰਾਮ (ਜਿਲ੍ਹਾ ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ। ਗੁਰੂ ਕੀਆਂ ਸਾਖੀਆਂ ਜੋ ਭੱਟ ਵਹੀਆਂ ਤੇ ਅਧਾਰਿਤ ਹਨ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 21 ਹਾੜ, 1647 ਬਿਕਰਮੀ (1590 ਈ.) ਵਿਚ ਅਤੇ ਪ੍ਰੋ. ਕਰਤਾਰ ਸਿੰਘ ਦੁਆਰਾ ਲਿਖਤ ਸਿੱਖ ਇਤਿਹਾਸ (ਭਾਗ 1) ਅਨੁਸਾਰ 21 ਹਾੜ, 1652 ਬਿਕਰਮੀ 1595 ਈ. ਨੂੰ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਇਹ ਸ਼ਬਦ ਉਚਾਰਣ ਕੀਤਾ:

ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥
ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥ (ਪੰਨਾ 396)

ਪਰ ਆਪ ਜੀ ਦੇ ਤਾਇਆ ਪ੍ਰਿਥੀ ਚੰਦ ਅਤੇ ਉਹਨਾਂ ਦੀ ਸੁਪਤਨੀ ਕਰਮੋ ਨੂੰ ਇਸਦੀ ਬਿਲਕੁੱਲ ਖੁਸ਼ੀ ਨਾ ਹੋਈ, ਉਹ ਸਗੋਂ ਹੀ ਈਰਖਾ ਦੀ ਅਗਨ ਵਿਚ ਸੜ੍ਹਨ ਲੱਗੇ, ਕਿਉਂਕਿ ਉਹ ਗੁਰ-ਗੱਦੀ ਦੇ ਵਾਰਿਸ ਆਪ ਬਣਨਾ ਚਾਹੁੰਦੇ ਸਨ। ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਉਨ੍ਹਾਂ ਨੂੰ ਆਪਣੇ ਰਾਹ ਵਿਚ ਰੋੜਾ ਜਾਪਿਆ। ਉਹਨਾਂ ਨੇ (ਗੁਰੂ) ਹਰਿਗੋਬਿੰਦ ਜੀ ਨੂੰ ਖਤਮ ਕਰਨ ਲਈ ਕਈ ਸਾਜਿਸ਼ਾਂ ਰਚੀਆਂ ਪਰ ਅਸਫਲ ਰਹੇ। ਮਾਤਾ ਗੰਗਾ ਜੀ ਨੇ ਆਪ ਨੂੰ ਬਹੁਤ ਲਾਡਾਂ ਨਾਲ ਪਾਲਿਆ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ ਦੇ ਵੀ ਧਨੀ ਬਣਾਇਆ।
ਆਪ ਅਜੇ 11 ਵਰ੍ਹਿਆਂ ਦੇ ਸਨ ਜਦ ਆਪ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਬਖਸ਼ ਕੇ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਸ਼ਾਂਤ ਚਿੱਤ ਰਹਿ ਸ਼ਹੀਦੀ ਜਾਮ ਪੀਤ ੇ। ਆਪ ਦੀ ਸ਼ਹੀਦੀ ਨੇ ਸਮੂਹ ਸਿੱਖ ਕੌਮ ਵਿਚ ਜ਼ਬਰ-ਜ਼ੁਲਮ ਦੇ ਵਿਰੁੱਧ ਭਾਰਾ ਰੋਸ ਪੈਦਾ ਕਰ ਦਿੱਤਾ ਅਤੇ ਛਠਮ ਪਾਤਸ਼ਾਹ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਮੀਰੀ-ਪੀਰੀ ਦਾ ਸੰਕਲਪ ਪੈਦਾ ਕਰਕੇ ਸਿੱਖ ਸੰਗਤਾਂ ਵਿਚ 2 ਬੰਦਗੀ ਦੇ ਨਾਲ-ਨਾਲ ਸ਼ਕਤੀ ਦਾ ਵੀ ਵਿਗਾਸ ਕੀਤਾ। ਆਪਨੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਨਾਲ ਹੀ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਨਾਲ ਇਕ ਰਾਜ ਦੇ ਅੰਦਰ ਸਿੱਖਾਂ ਦਾ ਆਪਣਾ ਸੁਤੰਤਰ ਰਾਜ ਸਥਾਪਿਤ ਹੋ ਗਿਆ। ਇੱਥੇ ਭਜਨ-ਬੰਦਗੀ ਤੋਂ ਇਲਾਵਾ ਸਮਾਜ-ਭਲਾਈ ਨਾਲ ਸੰਬੰਧਿਤ ਵਿਚਾਰਾਂ ਵੀ ਹੁੰਦੀਆਂ ਸਨ। ਮਾਝੇ, ਮਾਲਵੇ, ਦੁਆਬੇ ਦੇ 500 ਸਿੱਖਾਂ ਨੇ ਗੁਰੂ ਸਾਹਿਬ ਅੱਗੇ ਆਪਾ ਸਮਰਪਿਤ ਕੀਤਾ ਅਤੇ ਗੁਰੂ ਸਾਹਿਬ ਨੇ ਇਹਨਾਂ ਸਾਰ ੇ ਸਿੱਖਾਂ ਨੂੰ ਘੋੜ-ਸਵਾਰੀ ਅਤੇ ਸ਼ਸਤਰ ਵਿਦਿਆ ਸਿਖਾ ਕੇ ਇਕ ਸੈਨਾ ਤਿਆਰ ਕਰ ਲਈ।
ਗੁਰੂ ਸਾਹਿਬ ਨੇ ਮੁਗ਼ਲਾਂ ਦੀਆਂ ਗਲਤ ਅਤੇ ਲੋਕਮਾਰੂ ਨੀਤੀਆਂ ਦੇ ਕਾਰਨ ਕਈ ਵਾਰ ਉਹਨਾਂ ਨਾਲ ਲੋਹਾ ਲਿਆ ਅਤੇ ਜੰਗ ਦੇ ਮੈਦਾਨ ਵਿਚ ਨਿਤਰੇ ਆਪ ਦੀ ਪਹਿਲੀ ਲੜਾਈ 1628 ਈ. ਵਿਚ ਅੰਮ੍ਰਿਤਸਰ ਦੇ ਨੇੜੇ ਹੋਈ ਜਿਸਦਾ ਕਾਰਣ ਇਕ ਬਾਜ਼ ਬਣਿਆ। ਸ਼ਾਹਜਹਾਨ ਦੇ ਸਿਪਾਹੀਆਂ ਦੀ ਇਕ ਟੁਕੜੀ ਅੰਮ੍ਰਿਤਸਰ ਸ਼ਿਕਾਰ ਖੇਡਣ ਲਈ ਆਈ ਤਾਂ ਉਸਦਾ ਇਕ ਬਾਜ਼ ਸਿੱਖਾਂ ਦੇ ਹੱਥ ਆ ਗਿਆ। ਸ਼ਾਹ ਜਹਾਨ ਦੇ ਆਦਮੀਆਂ ਨੇ ਬੜੇ ਰੋਹਬ ਨਾਲ ਬਾਜ ਮੰਗਿਆ ਪਰ ਸਿੱਖਾਂ ਨੇ ਉਨ੍ਹਾਂ ਨੂੰ ਆਕੜ ਭਰਿਆ ਰਵੱਈਆਂ ਦੇਖ ਕੇ ਬਾਜ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਹਜਹਾਨ ਨੇ ਗੁਰੂ ਸਾਹਿਬ ਤੇ ਚੜ੍ਹਾਈ ਕਰਨ ਲਈ ਸੈਨਾ ਭੇਜ ਦਿੱਤੀ। ਤਿੰਨ ਦਿਨ ਗਹਿਗੱਚ ਲੜਾਈ ਹੋਈ ਅਤੇ ਜਿੱਤ ਗੁਰੂ ਸਾਹਿਬ ਦੀ ਹੋਈ। ਦੂਸਰੀ ਲੜਾਈ ਹਰਿਗੋਬਿੰਦਪੁਰ ਵਿਖੇ 1630 ਈ. ਵਿਚ ਹੋਈ। ਜਦੋਂ ਗੁਰੂ ਸਾਹਿਬ ਹਰਿਗੋਬਿੰਦਪੁਰ ਰਹਿਣ ਲਈ ਆਏ ਤਾਂ ਇੱਥੋਂ ਦੇ ਵਸਨੀਕ ਭਗਵਾਨ ਦਾਸ ਘੇਰੜ (ਜੋ ਉੱਥੋਂ ਦੇ ਇਲਾਕੇ ਦਾ ਮਾਮਲਾ ਵਸੂਲ ਕਰਦਾ ਸੀ) ਨੇ ਸਿੱਖਾਂ ਨਾਲ ਜਾਣਬੁੱਝ ਕੇ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਮਸਲਾ ਇੰਨਾ ਵਧ ਗਿਆ ਕਿ ਮੁਗ਼ਲ ਫ਼ ੌਜ ਤੇ ਸਿੱਖ ਫ਼ੌਜ ਆਹਮੋ-ਸਾਹਮਣੇ ਆ ਗਈ ਗੁਰੂ ਸਾਹਿਬ ਨੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖਾਂ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਤੀਸਰੀ ਜੰਗ ਮੇਹਰਾਜ ਦੀ ਜੰਗ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਜੰਗ 1631 ਈ. ਵਿਚ ਗੁਰੂਸਰ ਮਹਿਰਾਜ ਵਿਖੇ ਲੱਲਾ ਬੇਗ ਅਤੇ ਕਮਰ ਬੇਗ ਨਾਲ ਹੋਈ। ਕਾਬਲ ਦਾ ਇਕ ਸਿੱਖ ਗੁਰੂ ਜੀ ਲਈ ਵਧੀਆਂ ਨਸਲ ਦੇ ਦੋ ਅਰਬੀ ਘੋੜੇ ਲੈ ਕੇ ਪੰਜਾਬ ਆ ਰਿਹਾ ਸੀ ਪਰ ਦੋਵੇਂ ਘੋੜੇ ਰਾਹ ਵਿਚ ਲਾਹੌਰ ਦੇ ਸੂਬੇ ਨੇ ਖੋਹ ਲਏ। ਭਾਈ ਬਿਧੀ ਚੰਦ ਦੋਵੇਂ ਘੋੜੇ ਮੁਗ਼ਲਾਂ ਦੇ ਕਬਜ਼ੇ ’ਚੋਂ ਛੁਡਾ ਕੇ ਗੁਰੂ-ਘਰ ਲੈ ਆਏ ਜਿਸ ਤੋਂ ਚਿੜ ਕੇ ਲੱਲਾ ਬੇਗ ਤੇ ਕਮਰ ਬੇਗ ਨੇ ਗੁਰੂ ਸਾਹਿਬ ਵਿਰੁੱਧ ਕਾਫੀ ਗਿਣਤੀ ਵਿਚ ਸੈਨਾ ਭੇਜ ਦਿੱਤੀ। ਘਮਸਾਨ ਦਾ ਯੁੱਧ ਹੋਇਆ। ਲੱਲਾ ਬੇਗ ਗੁਰੂ ਜੀ ਦਾ ਵਾਰ ਸਹਿ ਨਾ ਸਕਿਆ ਅਤੇ ਥਾਂ ਹੀ ਢੇਰ ਹੋ ਗਿਆ। ਉਸਨੂੰ ਡਿੱਗਦਾ ਦੇਖ ਸੈਨਾ ਵੀ ਭੱਜ ਗਈ। ਗੁਰੂ ਜੀ ਨੇ ਜਿੱਤ ਦੀ ਖੁਸ਼ੀ ਵਿਚ ਇੱਥੇ ਸਰੋਵਰ ਬਣਵਾਇਆ। ਚੌਥੀ ਜੰਗ ਗੁਰੂ ਸਾਹਿਬ ਨੇ ਕਰਤਾਰਪੁਰ (ਜਲੰਧਰ) ਵਿਖੇ 1634 ਈ. ਵਿਚ ਕੀਤੀ। ਇਸ ਲੜਾਈ ਦਾ ਕਾਰਨ ਅਕ੍ਰਿਤਘਣ ਪੈਂਦੇ ਖਾਂ (ਜਿਸਨੂੰ ਗੁਰੂ ਸਾਹਿਬ ਨੇ ਪੁੱਤਰਾਂ ਦੀ ਤਰ੍ਹਾਂ ਪਾਲਿਆ ਸੀ) ਦਾ ਹੰਕਾਰ ਬਣਿਆ। ਹੰਕਾਰ ਨਾਲ ਭਰਿਆ ਪੈਂਦੇ ਖਾਂ ਹਾਕਮਾਂ ਨਾਲ ਰਲ ਗਿਆ ਤੇ ਗੁਰੂ ਸਾਹਿਬ ਦੇ ਖਿਲਾਫ਼ 3 ਫ਼ੌਜ ਚੜ੍ਹਾ ਲਿਆਇਆ। ਇਸ ਲੜਾਈ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸ੍ਰੀ (ਗੁਰੂ) ਤੇਗ ਬਹਾਦਰ ਜੀ ਨੇ ਤਲਵਾਰ ਦੇ ਖੂਬ ਜੌਹਰ ਵਿਖਾਏ। ਹੰਕਾਰ ਵਿਚ ਅੰਨ੍ਹੇ ਪੈਂਦੇ ਖਾਂ ਨੇ ਗੁਰੂ ਸਾਹਿਬ ਤੇ ਕਈ ਵਾਰ ਕੀਤੇ, ਪਰ ਅਸਫ਼ਲ ਰਿਹਾ। ਗ ੁਰੂ ਜੀ ਦੇ ਇਕ ਵਾਰ ਨਾਲ ਹੀ ਉਹ ਥਾਂ ਹੀ ਢੇਰੀ ਹੋ ਗਿਆ। ਪੈਂਦੇ ਖਾਂ ਦੀ ਆਖਰੀ ਸਾਹਾਂ ਦੀ ਗੁਹਾਰ ਸੁਣ ਸਤਿਗੁਰੂ ਨੇ ਉਸਨੂੰ ਬਖਸ਼ ਦਿੱਤਾ। ਇਵੇਂ ਇਸ ਆਖਰੀ ਜੰਗ ਵਿਚ ਵੀ ਫ਼ਤਹਿ ਗੁਰੂ ਕੀਆਂ ਫ਼ੌਜਾਂ ਦੀ ਝੋਲੀ ਪਾਈ। ਇਹਨਾਂ ਜੰਗਾਂ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਸਾਹਿਬ (ਜਿਲ੍ਹਾ ਰੋਪੜ) ਵਿਖੇ ਵੱਸ ਗਏ ਤੇ ਲੋਕਾਈ ਦਾ ਭਲਾ ਕਰਨ ਲੱਗੇ। ਇੱਥੇ ਹੀ ਗੁਰੂ ਜੀ ਨੇ ਆਪਣੀ ਉਮਰ ਦੇ ਆਖਰੀ ਵਰ੍ਹੇ ਬਿਤਾਏ ਅਤੇ ਗੁਰਿਆਈ ਆਪਣੇ ਪੋਤਰੇ ਸ੍ਰੀ (ਗੁਰੂ) ਹਰਿਰਾਏ ਜੀ ਨੂੰ ਬਖਸ਼ ਕੇ 1644 ਈ. ਨੂੰ ਜੋਤੀ ਜੋਤਿ ਸਮਾ ਗਏ।

Have something to say? Post your comment

 

ਧਰਮ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਚੰਡੀਗੜ੍ਹ ਸਥਿਤ ਕਰਮਚਾਰੀਆਂ ਨੂੰ ਅੱਧੇ ਦਿਨ ਛੁੱਟੀ ਐਲਾਨੀ ਹਰਿਆਣਾ ਸਰਕਾਰ ਨੇ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਤੰਬਰ ਮਹੀਨੇ ’ਚ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾਵੇਗੀ-  ਸ਼੍ਰੋਮਣੀ ਕਮੇਟੀ

ਜੋੜ-ਮੇਲਾ ਮਾਘੀ ’ਤੇ ਵਿਸ਼ੇਸ਼-ਲਾਲ ਲਹੂ ਵਿੱਚ ਭਿੱਜੀ ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਦਾਸਤਾਨ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 10 ਜਨਵਰੀ ਨੂੰ ਆਰੰਭ ਹੋਵੇਗਾ ‘ਆਪੇ ਗੁਰੁ ਚੇਲਾ’ ਨਗਰ ਕੀਰਤਨ