ਨਵੀਂ ਦਿੱਲੀ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਨੇ ਅੱਜ ਦਾਅਵਾ ਕੀਤਾ ਹੈ ਕਿ ਕਮੇਟੀ ਦੇ ਭ੍ਰਿਸ਼ਟਾਚਾਰ ਅਤੇ ਗੁਰੂ ਦੀ ਗੋਲਕ ਦੀ ਲੁੱਟ 'ਚ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਬਰਾਬਰ ਦਾ ਦੋਸ਼ੀ ਹੈ। ਸ਼ੰਟੀ ਨੇ ਕਿਹਾ ਕਿ ਜੀ.ਕੇ. ਨੇ ਆਪਣੇ ਕਾਰਜਕਾਲ 'ਚ ਜਿਹੜੇ ਜਿਹੜੇ ਘੁਟਾਲਿਆਂ ਨੂੰ ਅੰਜਾਮ ਦਿੱਤਾ ਹੈ, ਉਸ ਵਿਚ ਸਿਰਸਾ ਵੀ ਸ਼ਾਮਿਲ ਸੀ ਅਤੇ ਇਸ ਸਬੰਧੀ ਸਬੂਤ ਉਨ੍ਹਾਂ ਨੂੰ ਹਾਲ ਹੀ 'ਚ ਹੱਥ ਲੱਗੇ ਹਨ। ਸ਼ੰਟੀ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਨੂੰ ਉਹ (ਸ਼ੰਟੀ) ਅਦਾਲਤ ਤੇ ਜਾਂਚ ਅਧਿਕਾਰੀ ਨੂੰ ਦੇਣ ਹੀ ਵਾਲੇ ਸਨ ਕਿ ਸਿਰਸਾ ਨੂੰ ਇਸ ਦੀ ਭਿਣਕ ਪੈ ਗਈ, ਜਿਸ ਤੋਂ ਬਾਅਦ ਸਿਰਸਾ ਨੇ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਤਿੰਨ ਦਿਨ ਪਹਿਲਾਂ ਦਿੱਲੀ ਦੀ ਇਕ ਅਦਾਲਤ 'ਚ ਹਲਫਨਾਮਾ ਦੇ ਕੇ ਸਬਜ਼ੀ ਖਰੀਦ ਸਬੰਧੀ ਪੁਰਾਣੇ ਕੇਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜੋ ਪਹਿਲਾਂ ਹੀ 2 ਵਾਰੀ ਡਿਸਮਿਸ ਹੋ ਚੁੱਕਾ ਹੈ। ਸ਼ੰਟੀ ਨੇ ਦੱਸਿਆ ਕਿ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਜੀ.ਕੇ. ਨੇ ਆਪਣੇ ਭਰਾ ਹਰਜੀਤ ਸਿੰਘ ਨੂੰ ਅੱਗੇ ਕਰਕੇ ਇਸ ਮਾਮਲੇ ਨੂੰ ਚੁੱਕਿਆ ਸੀ।
ਗੁਰਮੀਤ ਸਿੰਘ ਸ਼ੰਟੀ ਨੇ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ ਕਿ ਮਨਜੀਤ ਸਿੰਘ ਜੀ.ਕੇ. ਦੇ ਕਥਿਤ ਘੁਟਾਲਿਆਂ 'ਚ ਮਨਜਿੰਦਰ ਸਿੰਘ ਸਿਰਸਾ ਦੀ ਵੀ ਪੂਰੀ ਸ਼ਮੂਲੀਅਤ ਹੈ ਕਿਉਂਕਿ ਉਹ ਉਸ ਸਮੇਂ ਜਨਰਲ ਸਕੱਤਰ ਹੁੰਦੇ ਸਨ ਅਤੇ ਸਾਰੇ ਵੱਡੇ ਮਾਮਲਿਆਂ 'ਚ ਦੋਵਾਂ ਅਹੁਦੇਦਾਰਾਂ ਦੇ ਦਸਤਖਤ ਹੁੰਦੇ ਸਨ। ਸ਼ੰਟੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਹੱਥ ਨਵੇਂ ਸਬੂਤ ਲੱਗੇ ਹਨ , ਜਿਸ ਵਿਚ ਸਿਰਸਾ ਨੇ ਸਾਰੇ ਦਸਤਾਵੇਜਾਂ 'ਚ ਆਪਣੇ ਕੀਤੇ ਦਸਤਖਤਾਂ ਨਾਲ ਛੇੜਛਾੜ ਕੀਤੀ ਹੋਈ ਹੈ।ਇਸ ਦੇ ਲਈ ਕੋਈ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ। ਸ਼ੰਟੀ ਨੇ ਕਿਹਾ ਕਿ ਅਜਿਹੇ ਸਾਰੇ ਦਸਤਾਵੇਜਾਂ ਨੂੰ ਲੈ ਕੇ ਉਹ ਬਹੁਤ ਛੇਤੀ ਹੀ ਦਿੱਲੀ ਪੁਲਿਸ ਦੇ ਜਾਂਚ ਅਧਿਕਾਰੀ ਅਤੇ ਅਦਾਲਤ ਨੂੰ ਦੇ ਕੇ ਐਸ.ਐਫ.ਐਲ. ਜਾਂਚ ਦੀ ਮੰਗ ਕਰਨਗੇ ਤਾਂਕਿ ਸਿਰਸਾ ਦੇ ਚਿਹਰੇ ਤੋਂ ਅਸਲੀ ਨਕਾਬ ਉਤਰ ਸਕੇ ਤੇ ਸੰਗਤਾਂ ਨੂੰ ਸਿਰਸਾ ਦੇ ਅਸਲੀ ਚਿਹਰੇ ਦਾ ਪਤਾ ਲੱਗ ਸਕੇ। ਸ਼ੰਟੀ ਨੇ ਦਾਅਵਾ ਕੀਤਾ ਕਿ ਇਸ ਭਿਣਕ ਪੈਂਦਿਆਂ ਹੀ ਸਿਰਸਾ ਨੇ 15 ਫਰਵਰੀ ਨੂੰ ਪਟਿਆਲਾ ਹਾਊਸ ਕੋਰਟ 'ਚ ਜਾ ਕੇ ਹਲਫਨਾਮਾ ਦੇ ਕੇ ਸਵਾਲ ਚੁੱਕਿਆ ਸੀ।
ਦੱਸਣਯੋਗ ਹੈ ਕਿ 2013 'ਚ ਉਨ੍ਹਾਂ ਦੇ ਖਿਲਾਫ ਸਬਜ਼ੀ ਦਾ ਮਾਮਲਾ ਚੁੱਕਿਆ ਗਿਆ ਸੀ, ਜਿਸ ਨੂੰ ਅਦਾਲਤ ਨੇ 2015 'ਚ ਡਿਸਮਿਸ ਕਰ ਦਿੱਤਾ ਸੀ। ਸਾਲ 2013 'ਚ ਹੀ ਜੀ.ਕੇ. ਦਿੱਲੀ ਕਮੇਟੀ ਦੇ ਪ੍ਰਧਾਨ ਬਣੇ ਸਨ, ਉਸ ਸਮੇਂ ਇਹ ਕੇਸ ਕਿਉਂ ਨਹੀਂ ਪਾਇਆ ਗਿਆ? ਸਾਲ 2015 ਤੋਂ 2018 ਤੱਕ ਮਨਜੀਤ ਸਿੰਘ ਜੀ.ਕੇ. ਹੀ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਪਰ ਤੱਦ ਵੀ ਇਹ ਮਾਮਲਾ ਨਹੀਂ ਚੁੱਕਿਆ ਗਿਆ। ਪਰੰਤੂ 2019 'ਚ ਜਦ ਉਨ੍ਹਾਂ (ਸ਼ੰਟੀ) ਨੇ ਜੀ.ਕੇ. ਦੇ ਭ੍ਰਿਸ਼ਟਾਚਾਰ ਅਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦਾ ਮਾਮਲਾ ਚੁੱਕਿਆ ਤਾਂ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਜੀ.ਕੇ. ਨੇ ਆਪਣੇ ਭਰਾ ਹਰਜੀਤ ਸਿੰਘ ਦੇ ਰਾਹੀਂ 2019 'ਚ ਸਬਜ਼ੀ ਦਾ ਕੇਸ ਫਿਰ ਉਠਾਇਆ, ਹਾਲਾਂਕਿ 6 ਜੂਨ 2019 'ਚ ਕੋਰਟ ਨੇ ਦੂਜੀ ਵਾਰੀ ਡਿਸਮਿਸ ਕਰ ਦਿੱਤਾ।
ਸ਼ੰਟੀ ਦੇ ਮੁਤਾਬਿਕ ਸਿਰਸਾ ਅਪ੍ਰੈਲ 2019 'ਚ ਕਮੇਟੀ ਦੇ ਨਵੇਂ ਪ੍ਰਧਾਨ ਬਣੇ ਤੱਦ ਵੀ ਮੈਂ ਕਿਸੀ ਪਾਰਟੀ 'ਚ ਸ਼ਾਮਿਲ ਨਹੀਂ ਸੀ ਅਤੇ ਇਕ ਆਜ਼ਾਦ ਮੈਂਬਰ ਵੱਜੋਂ ਹੀ ਸੰਗਤਾਂ ਦੀ ਸੇਵਾ ਕਰਦਾ ਰਿਹਾ। ਦਿਲਚਸਪ ਗੱਲ ਹੈ ਕਿ ਅਪ੍ਰੈਲ 2019 ਤੋਂ ਲੈ ਕੇ ਫਰਵਰੀ 2021 ਤੱਕ ਕਮੇਟੀ ਪ੍ਰਧਾਨ ਸਿਰਸਾ ਨੂੰ ਕੋਈ ਗੜਬੜੀ ਨਜ਼ਰ ਨਹੀਂ ਆਈ। ਪ੍ਰੰਤੂ ਹੁਣ ਜਦੋਂ ਸਿਰਸਾ ਦੇ ਖ਼ਿਲਾਫ ਕਈ ਸਬੂਤ ਅਤੇ ਰਿਕਾਡਿੰਗ ਉਨ੍ਹਾਂ ਨੂੰ ਮਿਲ ਗਈ ਹੈ ਤਾਂ ਹੁਣ ਸਿਰਸਾ ਵੱਲੋਂ ਨਵੇਂ ਤਰੀਕੇ ਦੀ ਡਰਾਮੇਬਾਜੀ ਖੇਡ ਰਹੇ ਹਨ।
ਸ਼ੰਟੀ ਮੁਤਾਬਿਕ ਮਨਜੀਤ ਸਿੰਘ ਜੀ.ਕੇ. ਦੇ ਖ਼ਿਲਾਫ ਕੋਰਟ ਦੇ ਆਦੇਸ਼ 'ਤੇ 3 ਕੇਸ ਦਰਜ ਹੋ ਚੁੱਕੇ ਹਨ ਅਤੇ ਸਿਰਸਾ 'ਤੇ 2 ਕੇਸ ਦਰਜ ਹੋ ਚੁੱਕੇ ਹਨ। ਹੁਣ ਦੋਵੇ ਇਨ੍ਹਾਂ ਮਾਮਲਿਆਂ ਤੋਂ ਸੰਗਤਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ ਕਿਉਂਕਿ ਗੁਰਦੁਆਰਾ ਚੋਣਾਂ ਛੇਤੀ ਹੀ ਹੋਣ ਵਾਲੀਆਂ ਹਨ।