ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦਲ ਵੱਲੋਂ ਅੱਜ ਸਾਕਾ ਨਨਕਾਣਾ ਸਾਹਿਬ ਨੂੰ ਮਹੰਤਾਂ ਤੋਂ ਛੁਡਵਾਉਣ ਲਈ ਸਿੰਘ ਸਿੰਘਣੀਆਂ ਵੱਲੋਂ ਦਿੱਤੀ ਸ਼ਹਾਦਤਾਂ ਨੂੰ ਸਮਰਪਿਤ 100 ਸਾਲ ਹੋਣ ਤੇ ਅਰਦਾਸ ਸਮਾਗਮ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ ਵਿਖੇ ਕੀਤਾ ਗਿਆ।
ਇਸ ਅਰਦਾਸ ਸਮਾਗਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ (SADD) ਦੇ ਸਾਰੇ ਸੀਨੀਅਰ ਮੈਂਬਰ, ਅਹੁਦੇਦਾਰ ਅਤੇ ਸੰਗਤਾਂ ਦੇ ਭਾਰੀ ਇਕੱਠ ਨੇ ਵੱਧ ਚਡ਼੍ਹ ਕੇ ਸ਼ਮੂਲੀਅਤ ਕੀਤੀ। ਕਾਬਲੇਗੌਰ ਹੈ ਕਿ 21 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੀ ਅਗਵਾਈ ਹੇਠ ਜਥੇ ਦੇ ਕਈ ਸਿੰਘ ਸਿੰਘਣੀਆਂ ਨੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਨਰੈਣੂ ਮਹੰਤ ਅਤੇ ਉਸ ਦੇ ਗੁੰਡਿਆਂ ਤੋਂ ਛੁਡਵਾਉਣ ਲਈ ਲੜਦੇ ਹੋਏ ਸ਼ਹਾਦਤਾਂ ਦੇ ਜਾਮ ਪੀ ਲਏ ਸਨ। ਇਹ ਅਰਦਾਸ ਸਮਾਗਮ ਉਨ੍ਹਾਂ ਸ਼ਹੀਦਾਂ ਦੀ ਬਹਾਦਰੀ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ।
ਪਾਰਟੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਦੱਸਿਆ ਕਿ, "ਅਸੀਂ ਇਸ ਸ਼ਤਾਬਦੀ ਸਮਾਰੋਹ ਦੇ ਮੌਕੇ ਉੱਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਜਿਵੇਂ ਗੁਰੂ ਸਾਹਿਬ ਨੇ ਪਹਿਲਾ ਬਖ਼ਸ਼ਿਸ਼ ਕੀਤੀ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਉਸੇ ਤਰ੍ਹਾਂ ਭਵਿੱਖ ਵਿੱਚ ਵੀ ਗੁਰੂ ਸਾਹਿਬ ਆਪਣੀ ਬਖ਼ਸ਼ਿਸ਼ ਸਿੱਖ ਜਗਤ ਅਤੇ ਗੁਰਦੁਆਰਿਆਂ ਉੱਤੇ ਬਣਾਈ ਰੱਖਣਗੇ।"
ਅਰਦਾਸ ਭਾਈ ਸਾਹਿਬ ਜਸਬੀਰ ਸਿੰਘ ਬਡ਼ੂ ਸਾਹਿਬ ਵਾਲਿਆਂ ਵਲੋਂ ਕੀਤੀ ਗਈ। ਅਰਦਾਸ ਸਮਾਗਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਮੁੱਚੇ ਆਹੁਦੇਦਾਰ, ਵਰਕਰ ਸਾਹਿਬਾਨ ਅਤੇ ਸੰਗਤਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ।