ਧਰਮ

ਗੁਰੂ ਤੇਗ਼ ਬਹਾਦਰ ਜੀ ਨੇ ਦੀਨ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ

ਕੌਮੀ ਮਾਰਗ ਬਿਊਰੋ | December 19, 2020 12:03 PM

ਗੁਰੂ ਤੇਗ਼ ਬਹਾਦਰ ਜੀ ਨੇ ਦੀਨ ਧਰਮ ਦੀ ਰੱਖਿਆ ਲਈ, ਲੁਕਾਈ ਦੇ ਸੰਕਟ ਕੱਟਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਸੀ।
ਗੁਰੂ ਸਾਹਿਬ ਦੀ ਸ਼ਹਾਦਤ ਦਾ ਬਿਰਤਾਂਤ ਇਤਿਹਾਸ ਦੇ ਪੰਨਿਆਂ 'ਤੇ ਗੌਰਵਮਈ ਢੰਗ ਨਾਲ ਦਰਜ ਹੈ। ਇਤਿਹਾਸ ਦੱਸਦਾ ਹੈ ਕਿ ਦੇਸ਼ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਸੀ। ਧਰਮ ਦੀ, ਵਿਚਾਰਾਂ ਦੀ ਆਜ਼ਾਦੀ ਲੋਕਾਂ ਪਾਸੋਂ ਖੋਹ ਲਈ ਗਈ ਸੀ। ਤੁਅੱਸਬ ਅਤੇ ਵਿਤਕਰੇ ਦਾ ਰਾਜ ਸੀ। ਤਿਲਕ ਅਤੇ ਜਨੇਊ ਜਬਰੀ ਉਤਾਰੇ ਜਾ ਰਹੇ ਸਨ। ਇਸ ਸਾਰੇ ਹਾਲਾਤ ਵਿਚ ਕਸ਼ਮੀਰ ਦੇ ਪੰਡਿਤ ਕਿਰਪਾ ਰਾਮ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਬਾਰ ਵਿਚ ਹਾਜ਼ਰ ਹੋਏ ਸਨ। ਹਿੰਦੂ ਧਰਮ ਦੀ ਅਗਵਾਈ ਕਰਨ ਵਾਲੇ ਇਨ੍ਹਾਂ ਸਾਰੇ ਬ੍ਰਾਹਮਣਾਂ ਦੇ ਚਿਹਰੇ ਉਤਰੇ ਹੋਏ ਸਨ, ਮਨ ਬੁਝਿਆ ਹੋਇਆ ਸੀ। ਪਰ ਇਕ ਆਸ ਦੀ ਕਿਰਨ ਉਨ੍ਹਾਂ ਨੂੰ ਗੁਰੂ ਦਰਬਾਰ ਵੱਲ ਖਿੱਚ ਲਿਆਈ ਸੀ। ਬ੍ਰਾਹਮਣਾਂ ਨੇ ਕਰੁਣਾ ਭਰੇ ਸੁਰ ਵਿਚ ਧਰਮ ਦੀ ਆਜ਼ਾਦੀ ਉੱਪਰ ਆਏ ਸੰਕਟ ਦਾ ਸਾਰਾ ਵੇਰਵਾ ਸੁਣਾਇਆ। ਸਾਰੀ ਵਿਥਿਆ ਸੁਣ ਕੇ ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਿਸੇ ਮਹਾਨ ਪੁਰਖ ਦੇ ਸੀਸ ਦੀ ਕੁਰਬਾਨੀ ਦੀ ਲੋੜ ਹੈ। ਇਸੇ ਸਮੇਂ ਨੌਂ ਸਾਲ ਦੇ ਬਾਲਕ, ਗੋਬਿੰਦ ਰਾਇ ਨੇ ਉਨ੍ਹਾਂ ਬ੍ਰਾਹਮਣਾਂ ਦੀਆਂ ਭਿੱਜੀਆਂ ਅੱਖਾਂ ਦੇਖ ਕੇ ਕਿਹਾ ਸੀ, 'ਗੁਰਦੇਵ ਪਿਤਾ! ਤੁਹਾਡੇ ਤੋਂ ਵੱਡਾ ਮਹਾਨ-ਪੁਰਖ ਇਸ ਯੁੱਗ ਵਿਚ ਹੋਰ ਕੌਣ ਹੋ ਸਕਦਾ ਹੈ? ਕੌਣ ਇਨ੍ਹਾਂ ਦੇ ਦੁਖੜੇ ਦੂਰ ਕਰਨ ਲਈ ਆਪਣੀ ਸ਼ਹਾਦਤ ਦੇ ਸਕਦਾ ਹੈ?' ਗੁਰੂ ਤੇਗ਼ ਬਹਾਦਰ ਸਾਹਿਬ ਬਾਲਕ ਗੋਬਿੰਦ ਰਾਇ ਦੇ ਗੰਭੀਰ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਏ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਮੇਰਾ ਗੋਬਿੰਦ ਰਾਇ ਧੁਰੋਂ ਬਖ਼ਸ਼ਿਸ਼ਾਂ ਲੈ ਕੇ ਆਇਆ ਹੈ ਅਤੇ ਉਹ ਲੋਕਾਂ ਦੀ ਸਹੀ ਰਹਿਨੁਮਾਈ ਕਰ ਸਕਦਾ ਹੈ। ਗੁਰੂ ਸਾਹਿਬ ਨੇ ਆਪਣੇ ਸੀਸ ਦੀ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ ਅਤੇ ਆਖ਼ਰਕਾਰ ਦਿੱਲੀ ਪਹੁੰਚ ਕੇ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦੇ ਦਿੱਤੀ। ਇਸ ਸਾਰੇ ਬਿਰਤਾਂਤ ਦੇ ਹਵਾਲੇ ਨਾਲ ਮੈਨੂੰ ਇੱਥੇ ਇਕ ਸਮਕਾਲੀ ਭੱਟ ਦੀਆਂ ਲਿਖੀਆਂ ਇਹ ਪੰਕਤੀਆਂ ਬੜੀ ਸ਼ਿੱਦਤ ਨਾਲ ਚੇਤੇ ਆਉਂਦੀਆਂ ਹਨ :
ਬਾਂਹਿ ਜਿਨ੍ਹਾਂ ਦੀ ਪਕੜੀਐ,
ਸਿਰ ਦੀਜੈ ਬਾਂਹਿ ਨ ਛੋੜੀਐ।
ਤੇਗ ਬਹਾਦਰ ਬੋਲਿਆ,
ਧਰ ਪਈੲੈ ਧਰਮ ਨ ਛੋੜੀਐ।
ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਆਪਣੀ ਅਕੀਦਤ ਭੇਟ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ 'ਤਿਲਕ ਜੰਞੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈ ਸਾਕਾ'। ਹਕੀਕਤ ਹੈ ਤਿਲਕ ਤੇ ਜੰਞੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇਣ ਵਾਲੇ ਗੁਰੂ ਤੇਗ਼ ਬਹਾਦਰ ਪਾਤਸ਼ਾਹ, ਆਪ ਤਿਲਕ ਤੇ ਜੰਞੂ ਦੇ ਧਾਰਣੀ ਨਹੀਂ ਸਨ। ਸਗੋਂ ਇਹ ਵੀ ਇਕ ਇਤਿਹਾਸਕ ਸਚਾਈ ਹੈ ਕਿ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੇ ਜੰਞੂ ਪਹਿਨਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਇਸ ਫ਼ੈਸਲੇ ਪਿੱਛੇ ਇਕ ਵੱਡੀ ਸਿਧਾਂਤਕ ਸੋਚ ਸੀ। ਪਰ ਜਦੋਂ ਤਿਲਕ ਤੇ ਜੰਞੂ ਉੱਪਰ ਸੰਕਟ ਆਣ ਪਿਆ ਅਤੇ ਮਸਲਾ ਧਰਮ ਦੀ, ਵਿਚਾਰਾਂ ਦੀ ਆਜ਼ਾਦੀ ਦਾ ਬਣ ਗਿਆ ਤਾਂ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ਹੈ :
ਤਿਲਕ ਜੰਞੂ ਰਾਖਾ ਪ੍ਰਭ ਤਾਕਾ।
ਕੀਨੋ ਬਡੋ ਕਲੂ ਮੈ ਸਾਕਾ।
ਸਾਧਨ ਹੇਤ ਇਤੀ ਜਿਨਿ ਕਰੀ।
ਸੀਸੁ ਦੀਆ ਪਰੁ ਸੀ ਨ ਉਚਰੀ।
ਧਰਮ ਹੇਤ ਸਾਕਾ ਜਿਨਿ ਕੀਆ।
ਸੀਸੁ ਦੀਆ ਪਰੁ ਸਿਰਰੁ ਨ ਦੀਆ।
ਇਕ ਹੋਰ ਅਹਿਮ ਨੁਕਤੇ ਬਾਰੇ ਇੱਥੇ ਗੱਲ ਕਰਨਾ ਚਾਹੁੰਦਾ ਹਾਂ। ਸ਼ਹਾਦਤ ਦੇ ਸੰਦਰਭ ਵਿਚ, ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੀ ਬਾਣੀ-ਰਚਨਾ ਦੇ ਅੰਤਰੀਵ ਭਾਵ ਨੂੰ ਸਮਝਣਾ ਵੀ ਜ਼ਰੂਰੀ ਹੈ। ਮੰਨੀ-ਪ੍ਰਮੰਨੀ ਹਕੀਕਤ ਹੈ ਕਿ ਉਨ੍ਹਾਂ ਦੀ ਬਾਣੀ ਦੇ ਪਾਸਾਰ ਵਿਚ ਬੈਰਾਗ ਦੀ ਪ੍ਰਧਾਨਤਾ ਹੈ। ਸੰਸਾਰ ਨਾਸ਼ਵਾਨ ਹੈ, ਰੇਤ ਦੀ ਕੰਧ ਦੀ ਤਰ੍ਹਾਂ ਹੈ, ਸਰੀਰ ਥਿਰ ਰਹਿਣ ਵਾਲਾ ਨਹੀਂ, ਮਨੁੱਖ ਪਾਣੀ ਦੇ ਬੁਲਬੁਲੇ ਵਾਂਗ ਉਪਜਦਾ ਹੈ ਤੇ ਬਿਨਸਦਾ ਹੈ, ਦੁਨਿਆਵੀ ਰਿਸ਼ਤਿਆਂ ਦਾ ਮੋਹ ਝੂਠਾ ਹੈ, ਇਨ੍ਹਾਂ ਤੱਥਾਂ ਵੱਲ ਉਨ੍ਹਾਂ ਦੀ ਬਾਣੀ ਵਾਰ-ਵਾਰ ਸੰਕੇਤ ਕਰਦੀ ਹੈ। ਪਰ ਇਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦਾ ਬੈਰਾਗ ਨਾਂਹ-ਮੁਖੀ ਨਹੀਂ, ਨਾ ਹੀ ਹਕੀਕਤ ਤੋਂ ਓਪਰਾ ਹੈ। ਇਹ ਬੈਰਾਗ ਸੰਸਾਰ ਤੋਂ ਉਪਰਾਮਤਾ ਨਹੀਂ, ਨਿਰਾਸ਼ਤਾ ਨਹੀਂ। ਇਹ ਬੈਰਾਗ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ। ਇਸ ਸਚਾਈ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਗੁਲਾਮੀ ਦਾ ਕਾਰਨ ਬਣਦਾ ਹੈ। ਇਤਿਹਾਸ ਸਾਖ਼ੀ ਹੈ, ਆਪਣੀ ਜ਼ਿੰਮੇਵਾਰੀ ਦੂਜਿਆਂ 'ਤੇ ਸੁੱਟ ਦੇਣ ਦੀ ਫ਼ਿਤਰਤ ਨੇ ਹੀ ਹਿੰਦੁਸਤਾਨ ਨੂੰ ਸਦੀਆਂ ਤੱਕ ਗੁਲਾਮ ਬਣਾਈ ਰੱਖਿਆ ਹੈ। ਅਸਲ ਵਿਚ, ਜਿਸ ਤਿਆਗ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਉਹ ਜ਼ਿੰਮੇਵਾਰੀ ਨੂੰ ਸਹੇੜਨ ਦਾ ਪੈਗਾਮ ਦਿੰਦਾ ਹੈ। ਜ਼ਿੰਮੇਵਾਰੀ ਤੋਂ ਭੱਜ ਜਾਣ ਅਤੇ ਪਲਾਇਨ ਕਰ ਜਾਣ ਦੀ ਉਸ ਵਿਚ ਕੋਈ ਗੁੰਜਾਇਸ਼ ਨਹੀਂ। ਗੁਰੂ ਸਾਹਿਬ ਐਸੇ ਮਨੁੱਖ ਦੇ ਜੀਵਨ ਨੂੰ ਸਾਰਥਕ ਮੰਨਦੇ ਹਨ ਜਿਹੜਾ 'ਭੈ ਮੁਕਤ' ਜੀਵਨ ਜਿਊਂਦਾ ਹੈ। ਨਾ ਕਿਸੇ ਤੋਂ ਭੈਭੀਤ ਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਭੈਭੀਤ ਕਰਦਾ ਹੈ। ਅਮਨ ਤੇ ਅਹਿੰਸਾ ਦੀਆਂ ਕਦਰਾਂ-ਕੀਮਤਾਂ ਦੀ ਰਾਖੀ, ਮਨੁੱਖ ਭੈ ਤੋਂ ਮੁਕਤ ਹੋ ਕੇ ਹੀ ਕਰ ਸਕਦਾ ਹੈ। ਗੁਰੂ ਸਾਹਿਬ ਦਾ ਇਹ ਮੁੱਖ ਵਾਕ ਸਾਰੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਹੈ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
ਇੱਥੇ ਇਕ ਹੋਰ ਇਤਿਹਾਸਕ ਹਕੀਕਤ ਵੀ ਧਿਆਨ ਵਿਚ ਰੱਖਣ ਵਾਲੀ ਹੈ। ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੀ ਮਹਾਨ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ-ਬਾਟੇ ਦਾ ਅੰਮ੍ਰਿਤ ਦੇ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਖ਼ਾਲਸਾ ਪੰਥ ਦੀ ਮੁੱਖ ਜ਼ਿੰਮੇਵਾਰੀ ਇਹ ਲਾਈ ਸੀ ਕਿ ਉਹ ਅਕਾਲ ਪੁਰਖ ਦੀ ਫ਼ੌਜ ਬਣ ਕੇ ਮਨੁੱਖੀ ਭਾਈਚਾਰੇ ਦੀ ਸੇਵਾ ਕਰੇ। ਕਿਤੇ ਵੀ ਵਿਤਕਰਾ ਹੋਵੇ, ਤੁਅੱਸਬ ਹੋ ਰਿਹਾ ਹੋਵੇ, ਮਨੁੱਖ ਦੀ ਬੁਨਿਆਦੀ ਆਜ਼ਾਦੀ ਦਾ ਹਨਨ ਹੋ ਰਿਹਾ ਹੋਵੇ ਤਾਂ ਗੁਰੂ ਤੇਗ਼ ਬਹਾਦਰ ਦੇ ਮਹਾਨ ਉਪਦੇਸ਼ 'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ' ਦੀ ਰੌਸ਼ਨੀ ਵਿਚ, ਉਹ ਮਨੁੱਖੀ ਅਣਖ ਤੇ ਆਬਰੂ ਦੀ ਬਹਾਲੀ ਲਈ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਦੇਵੇ। ਫਿਰ ਇਕ ਜਥੇਬੰਦੀ ਵੀ ਤਿਆਰ ਹੋ ਗਈ ਸੀ ਆਪਣੇ ਹੱਕਾਂ-ਅਧਿਕਾਰਾਂ ਪ੍ਰਤੀ ਚੇਤੰਨ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਵਾਲੀ। ਕੋਈ ਸ਼ੱਕ ਨਹੀਂ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ ਸੀ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਹੱਕ ਤੇ ਸੱਚ 'ਤੇ ਪਹਿਰਾ ਦੇਣਾ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ। ਆਪਣੇ ਵਿਹਾਰ ਨਾਲ, ਆਪਣਾ ਆਪਾ ਵਾਰ ਕੇ ਹੱਕ ਤੇ ਸੱਚ ਦੀ ਪੈਰਵੀ ਕਰਨਾ ਸਿੱਖੀ ਦੀ ਮਰਿਆਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਮਰਿਆਦਾ ਦਾ ਮੁੱਢ ਬੰਨ੍ਹਿਆ ਸੀ। ਇਤਿਹਾਸ ਦੇ ਪੰਨਿਆਂ 'ਤੇ ਗੁਰੂ ਤੇਗ਼ ਬਹਾਦਰ ਪਾਤਸ਼ਾਹ ਦੁਆਰਾ ਹੱਕ, ਸੱਚ, ਇਨਸਾਫ਼ ਤੇ ਮਨੁੱਖੀ ਅਧਿਕਾਰਾਂ ਉੱਪਰ ਅਡਿੱਗ ਪਹਿਰਾ ਦਿੰਦਿਆਂ ਦਿੱਤੀ ਸ਼ਹਾਦਤ ਦੀ ਵਿਥਿਆ ਸੁਨਹਿਰੀ ਅੱਖਰਾਂ ਵਿਚ ਦਰਜ ਹੈ। ਮਨੁੱਖਤਾ ਉੱਪਰ ਗੁਰੂ ਜੀ ਦੇ ਵੱਡੇ ਉਪਕਾਰ ਨੂੰ ਕਲਮਬੰਦ ਕਰਨਾ ਬੇਹੱਦ ਮੁਸ਼ਕਿਲ ਹੈ। 

 

Have something to say? Post your comment

 

ਧਰਮ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ