ਧਰਮ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਕੌਮੀ ਮਾਰਗ ਬਿਊਰੋ | January 20, 2021 12:16 PM


ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਦਾ ਹਰ ਪੱਖ ਵੱਡੇ ਅਰਥ ਅਤੇ ਪ੍ਰੇਰਨਾ ਦਿੰਦਾ ਹੈ। ਆਪ ਜੀ ਦਾ ਜੀਵਨ ਇਤਿਹਾਸ ਕ੍ਰਾਂਤੀਕਾਰੀ ਸੁਨੇਹਾ ਦੇਣ ਵਾਲਾ ਹੈ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਿਤ ਸਾਕਾ ਸ੍ਰੀ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਨੂੰ ਭਾਵਪੂਰਤ ਤੇ ਭਾਵੁਕ ਸ਼ਬਦਾਂ ਰਾਹੀਂ ਬਿਆਨ ਕਰਨ ਵਾਲੇ ਅੱਲ੍ਹਾ ਯਾਰ ਖਾਂ ਜੋਗੀ ਨੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਰੂਪਮਾਨ ਕੀਤਾ ਹੈ। ਉਹ ਲਿਖਦੇ ਹਨ ਕਿ ਬੇਸ਼ੱਕ ਮੇਰੇ ਹੱਥ ਵਿਚ ਕਲਮ ਹੈ, ਪਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਕੰਮਲ ਵਡਿਆਈ ਨਹੀਂ ਲਿਖੀ ਜਾ ਸਕਦੀ:
ਕਰਤਾਰ ਕੀ ਸੁਗੰਦ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵਹੁ ਕਮ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਅਧਿਐਨ ਸਾਨੂੰ ਹਰ ਮਨੋਭਾਵ ਦੇ ਰੂਬਰੂ ਕਰਵਾਉਂਦਾ ਹੈ। ਉਨ੍ਹਾਂ ਦਾ ਜੀਵਨ ਦਇਆ, ਧਰਮ, ਸੰਤੋਖ, ਬਹਾਦਰੀ, ਕੁਰਬਾਨੀ ਅਤੇ ਅਕਾਲ ਪੁਰਖ ਉਪਰ ਅਟੁੱਟ ਵਿਸ਼ਵਾਸ ਰੱਖਣ ਲਈ ਪ੍ਰੇਰਦਾ ਹੈ। ਇਸ ਨੂਰਾਨੀ ਸ਼ਖ਼ਸੀਅਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਜਗ ਰਹੀ ਸੀ, ਜਿਨ੍ਹਾਂ ਨੇੇ ਪੰਦਰ੍ਹਵੀਂ ਸਦੀ ਵਿਚ ਦੁਨੀਆ ਨੂੰ ਸੱਚੇ ਧਰਮ 'ਤੇ ਤੋਰਨ ਲਈ ਮਨੁੱਖੀ ਏਕਤਾ, ਧਾਰਮਿਕ ਸਮਾਨਤਾ ਅਤੇ ਆਜ਼ਾਦੀ ਦੀ ਮਾਨਵਵਾਦੀ ਵਿਚਾਰਧਾਰਾ ਦੀ ਰੌਸ਼ਨੀ ਫੈਲਾਈ। ਇਸੇ ਹੀ ਵਿਚਾਰਧਾਰਾ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ-
-ਕੋਈ ਬੋਲੈ ਰਾਮ ਰਾਮ ਕੋਈ ਖੁਦਾਇ
ਕੋਈ ਸੇਵੈ ਗੁਸਈਆ ਕੋਈ ਅਲਾਹਿ
(ਸ੍ਰੀ ਗੁਰੂ ਗ੍ਰੰਥ ਸਾਹਿਬ, 885)
ਅਜਿਹੀ ਸੋਚ ਅਤੇ ਅਜਿਹਾ ਬਹੁਮੁੱਲਾ ਵਿਰਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਸੇ ਵਿਚ ਮਿਲਿਆ, ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਇਕ ਸੁੱਚੇ ਮੋਤੀ ਵਰਗੀ ਸਾਫ਼-ਸੁਥਰੀ ਹੋ ਗਈ, 'ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ। ਹਮੂ ਰਤਨ ਜੌਹਰ, ਹਮੂ ਮਾਣਕ ਅਸਤ।' ਭਾਈ ਨੰਦ ਲਾਲ ਜੀ ਦੇ ਇਹ ਸੰਬੋਧਨ ਲਫ਼ਜ਼ ਗੁਰੂ ਸਾਹਿਬ 'ਤੇ ਇੰਨ-ਬਿੰਨ ਢੁਕਦੇ ਹਨ।
ਇਸ ਯੁੱਗ ਪਲਟਾਊ ਜੋਤ ਦਾ ਆਗਮਨ ਪੋਹ ਸੁਦੀ ਸੱਤਵੀਂ (23 ਪੋਹ) ਸੰਮਤ 1723, ਸੰਨ 1666 ਵਿਚ ਪਟਨੇ ਸ਼ਹਿਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਉਸ ਵੇਲੇ ਆਪ ਜੀ ਦੇ ਪਿਤਾ-ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਢਾਕਾ ਵਿਚ ਧਰਮ ਪ੍ਰਚਾਰ ਹਿਤ ਗਏ ਹੋਏ ਸਨ। ਇਸ ਸਮੇਂ ਹਿੰਦੁਸਤਾਨ ਵਿਚ ਔਰੰਗਜ਼ੇਬੀ ਕਹਿਰ ਵਰਤ ਰਿਹਾ ਸੀ। ਧਰਮ ਦੇ ਨਾਂਅ ਹੇਠ ਅਧਰਮ ਵਰਤ ਰਿਹਾ ਸੀ। ਭਾਰਤ ਦੀ ਸੰਸਕ੍ਰਿਤੀ ਅਤੇ ਹਿੰਦੂ ਧਰਮ ਔਰੰਗਜ਼ੇਬ ਦੇ ਇਕ ਨੁਕਾਤੀ ਜਬਰੀ ਧਰਮ ਬਦਲੀ ਦੇ ਨਾਅਰੇ ਹੇਠ ਬੇਦਰਦੀ ਨਾਲ ਦਰੜੇ ਜਾ ਰਹੇ ਸਨ। ਕਸ਼ਮੀਰ ਸੂਬੇ ਵਿਚ ਤਾਂ ਦਿਲ-ਕੰਬਾਊ ਜ਼ੁਲਮ ਵਰਤ ਰਹੇ ਸਨ। ਕੱਟੜ ਇਸਲਾਮਿਕ ਹਕੂਮਤ ਵਲੋਂ ਹਰ ਛੋਟਾ-ਵੱਡਾ ਕੰਮ ਮੁਸਲਿਮ ਧਰਮ ਨੂੰ ਸਮਰਪਿਤ ਹੁੰਦਾ ਸੀ। ਅਜਿਹੇ ਮਾਹੌਲ ਵਿਚ ਭਲਾ ਗੁਰੂ-ਘਰ ਕਿਵੇਂ ਅਣਭਿੱਜ ਰਹਿ ਸਕਦਾ ਸੀ। ਹਮੇਸ਼ਾ ਦੀ ਤਰ੍ਹਾਂ ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਗੁਰੂ ਪਰੰਪਰਾ ਭਲਾ ਕਿਵੇਂ ਚੁੱਪ ਰਹਿ ਸਕਦੀ ਸੀ, ਜਿਸ ਨੇ ਜ਼ਾਲਮ ਬਾਬਰ ਦੇ ਹਿੰਦੁਸਤਾਨ ਉੱਤੇ ਕਹਿਰ ਭਰੇ ਹਮਲੇ ਦੀ ਬੇਖੌਫ ਨਿੰਦਾ ਕੀਤੀ ਅਤੇ ਨਿਰਦੋਸ਼ ਜਨਤਾ ਨਾਲ ਹਮਦਰਦੀ:
ਖੁਰਾਸਾਨ ਖਸਮਾਨਾ ਕੀਆ
ਹਿੰਦੁਸਤਾਨੁ ਡਰਾਇਆ
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ
(ਸ੍ਰੀ ਗੁਰੂ ਗ੍ਰੰਥ ਸਾਹਿਬ, 360)
ਔਰੰਗਜ਼ੇਬ ਦੁਆਰਾ ਫੈਲਾਏ ਡਰ ਅਤੇ ਖੌਫ਼ ਦੇ ਮਾਹੌਲ ਵਿਚ ਹਿੰਦੁਸਤਾਨੀ ਲੋਕਾਂ ਵਾਸਤੇ ਸਿਰਫ਼ ਇਕੋ-ਇਕ ਹੀ ਆਸ ਦੀ ਕਿਰਨ ਸੀ, ਉਹ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਸਾਹਿਬ ਲੋਕਾਈ ਨੂੰ ਹਰ ਤਰ੍ਹਾਂ ਦਾ ਡਰ ਭੈਅ ਤਿਆਗਣ ਦਾ ਉਪਦੇਸ਼ ਅਤੇ ਸੱਚ ਦੇ ਰਾਹ 'ਤੇ ਚੱਲਣ ਦਾ ਉਪਦੇਸ਼ ਦੇ ਰਹੇ ਸਨ। ਆਪ ਹਿੰਦੁਸਤਾਨ ਦੇ ਪੀੜਤ ਲੋਕਾਂ ਦਾ ਕੇਂਦਰ ਬਿੰਦੂ ਬਣੇ ਅਤੇ ਕਸ਼ਮੀਰੀ ਪੰਡਤਾਂ ਦੀ ਪੁਕਾਰ 'ਤੇ ਧਰਮ ਅਤੇ ਨਿਆਂ ਖ਼ਾਤਰ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ-ਆਪ ਕੁਰਬਾਨ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਇਹ ਅਦੁੱਤੀ ਕੁਰਬਾਨੀ ਅਜਾਈਂ ਨਹੀਂ ਗਈ, ਕਈ ਨਵੀਂਆਂ ਸੇਧਾਂ ਦੇ ਗਈ ਅਤੇ ਸਿੱਖ ਧਰਮ ਨੂੰ ਨਵੀਆਂ ਲੀਹਾਂ 'ਤੇ ਤੋਰਨ ਦੇ ਪੂਰਨੇ ਪਾ ਗਈ। ਇਹ ਲਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਪ੍ਰਗਟ ਹੋਈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ, ਉਦੋਂ ਆਪ ਜੀ ਦੀ ਉਮਰ ਕੇਵਲ ਨੌਂ ਸਾਲ ਸੀ। ਏਨੀ ਛੋਟੀ ਬਾਲ ਉਮਰ ਅਤੇ ਏਨਾ ਵੱਡਾ ਜਿਗਰਾ ਕਿ ਪਿਤਾ ਦਾ ਕੱਟਿਆ ਸੀਸ ਸਾਹਮਣੇ ਰੱਖ ਕੇ ਇਕ ਵੀ ਅੱਥਰੂ ਨਹੀਂ ਕੇਰਿਆ। ਹਕੂਮਤ ਦੇ ਖੌਫ਼ਨਾਕ ਅਤੇ ਦਹਿਸ਼ਤਗਰਦੀ ਵਾਲੇ ਮਾਹੌਲ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਕਿਸੇ ਕਿਸਮ ਦੇ ਡਰ ਕਰਕੇ ਲੁਕ-ਛਿਪ ਕੇ ਨਹੀਂ ਬੈਠੇ, ਸਗੋਂ ਆਪਣੀਆਂ ਭਵਿੱਖਤ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਵਿਚਾਰਾਂ ਅਤੇ ਕੋਸ਼ਿਸ਼ਾਂ ਵਿਚ ਜੁਟ ਗਏ। ਇਸੇ ਸਿਲਸਿਲੇ ਵਿਚ ਖ਼ਾਲਸਾ ਪੰਥ ਦੀ ਸਾਜਣਾ ਕਰਕੇ, ਸਿੱਖ ਸੰਘਰਸ਼ ਨੂੰ ਨਵਾਂ ਬਲ ਅਤੇ ਨਵੀਂ ਸੇਧ ਦਿੱਤੀ, ਜੋ ਯੁੱਗ ਪਲਟਾਊ ਸਾਬਤ ਹੋਈ।
ਇਸ ਕਠਿਨ ਰਸਤੇ ਵਿਚ ਜਿਥੇ ਆਪ ਜੀ ਦੇ ਪਿਤਾ ਜੀ ਸ਼ਹੀਦ ਹੋਏ, ਉਥੇ ਆਪ ਜੀ ਦੇ ਚਾਰੇ ਸਾਹਿਬਜ਼ਾਦੇ ਵੀ ਆਪਣੀਆਂ ਕੀਮਤੀ ਜਾਨਾਂ ਵਾਰ ਗਏ। ਪੰਥ ਦੀ ਚੜ੍ਹਦੀ ਕਲਾ ਅਤੇ ਜੁਝਾਰੂਪਣ ਦੇਖ ਕੇ ਸਾਰੀ ਦੁਨੀਆ ਹੈਰਾਨ ਰਹਿ ਗਈ। ਗੁਰੂ ਸਾਹਿਬ ਜੀ ਨੇ ਫੁਰਮਾਨ ਕੀਤਾ ਹੈ-
-ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ...
ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ
-ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ
ਗੁਰੂ-ਘਰ ਵਲੋਂ ਨਿਮਾਣਿਆਂ ਨੂੰ ਮਾਣ ਅਤੇ ਨਿਓਟਿਆਂ ਨੂੰ ਓਟ ਮਿਲੀ, ਨਿਆਸਰਿਆਂ ਨੂੰ ਆਸਰਾ ਮਿਲਿਆ। ਜਿਨ੍ਹਾਂ ਪੰਜਾਂ-ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਨ੍ਹਾਂ ਪਾਸੋਂ ਖੁਦ ਵੀ ਅੰਮ੍ਰਿਤ ਛਕਿਆ। 'ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ'। ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਅਜਿਹੀ ਇਨਕਲਾਬੀ ਘਟਨਾ ਕਦੇ ਵੀ ਨਹੀਂ ਹੋਈ ਅਤੇ ਇਸੇ ਘਟਨਾ ਨੇ ਭਾਰਤ ਦੇ ਧਾਰਮਿਕ ਹੀ ਨਹੀਂ, ਸਗੋਂ ਸਿਆਸੀ ਵਰਤਾਰੇ ਨੂੰ ਵੀ ਬਦਲ ਕੇ ਰੱਖ ਦਿੱਤਾ। ਗੁਰੂ ਸਾਹਿਬ ਵਲੋਂ ਸਾਜੇ ਖ਼ਾਲਸੇ ਨੇ ਸਦੀਆਂ ਦੀ ਜ਼ਿੱਲਤ ਅਤੇ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟ ਦਿੱਤੀਆਂ ਅਤੇ ਇਹੀ ਖ਼ਾਲਸਾ ਪੰਥ ਯੁੱਗ ਪਲਟਾਊ ਸਾਬਤ ਹੋਇਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੈਂ ਸਮੁੱਚੇ ਖ਼ਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਹਾਰਦਿਕ ਵਧਾਈ ਦਿੰਦਿਆਂ

Have something to say? Post your comment

 

ਧਰਮ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਗੁਰਮਤਿ ਸਮਾਗਮ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਚੰਡੀਗੜ੍ਹ ਸਥਿਤ ਕਰਮਚਾਰੀਆਂ ਨੂੰ ਅੱਧੇ ਦਿਨ ਛੁੱਟੀ ਐਲਾਨੀ ਹਰਿਆਣਾ ਸਰਕਾਰ ਨੇ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਤੰਬਰ ਮਹੀਨੇ ’ਚ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾਵੇਗੀ-  ਸ਼੍ਰੋਮਣੀ ਕਮੇਟੀ

ਜੋੜ-ਮੇਲਾ ਮਾਘੀ ’ਤੇ ਵਿਸ਼ੇਸ਼-ਲਾਲ ਲਹੂ ਵਿੱਚ ਭਿੱਜੀ ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਦਾਸਤਾਨ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ 10 ਜਨਵਰੀ ਨੂੰ ਆਰੰਭ ਹੋਵੇਗਾ ‘ਆਪੇ ਗੁਰੁ ਚੇਲਾ’ ਨਗਰ ਕੀਰਤਨ