ਮਨੋਰੰਜਨ

200 ਤੋਂ ਵੱਧ ਭੋਜਪੁਰੀ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਮਜੂਮਦਾਰ ਕਰਦੇ ਹਨ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਚ ਕੀਰਤਨ ਦੌਰਾਨ ਤਬਲੇ ਦੀ ਸੰਗਤ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | July 04, 2021 09:39 PM

ਮੁੰਬਈ-ਮੁੰਬਈ ਦੇ ਮਲਾਡ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ  ਵਿੱਚ ਕੀਰਤਨ ਦੌਰਾਨ ਤਬਲੇ ਦੀ ਸੰਗਤ 200 ਤੋਂ ਵੱਧ ਭੋਜਪੁਰੀ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਸ੍ਰੀ ਦੁਰਗਾ ਪ੍ਰਸਾਦ ਮਜੂਮਦਾਰ ਕਰਦੇ ਹਨ । ਕੌਮੀ ਮਾਰਗ ਨੂੰ ਇਹ ਪਤਾ ਉਨ੍ਹਾਂ ਨਾਲ ਗੱਲਬਾਤ ਦੌਰਾਨ ਲੱਗਿਆ , ਸ੍ਰੀ ਦੁਰਗਾ ਦਾਸ ਮਜੂਮਦਾਰ ਨੇ ਦੱਸਿਆ ਕਿ ਕੋਰੋਨਾ ਕਾਰਨ ਤਬਲੇ ਉੱਪਰ ਸੰਗਤ ਕਰਨ ਵਾਲੇ ਭਾਈ ਸਾਬ੍ਹ ਪੰਜਾਬ ਆਪਣੇ ਪਿੰਡ ਗਏ ਹੋਏ ਹਨ । ਲਾਕਡਾਊਨ ਕਰ ਕੇ ਉਨ੍ਹਾਂ ਦਾ ਇੱਥੇ ਹਾਜ਼ਰ ਹੋਣਾ ਮੁਸ਼ਕਲ ਹੋ ਗਿਆ, ਤਾਂ  ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦੀ ਸੇਵਾ ਦੌਰਾਨ ਉਹ ਤਬਲੇ ਉੱਪਰ ਸੰਗਤ ਕਰਨ ਲੱਗ ਪਏ  ।ਗੱਲਬਾਤ ਜਦੋਂ ਅੱਗੇ ਤੁਰਦੀ ਗਈ ਤਾਂ ਉਨ੍ਹਾਂ ਦੀਆਂ ਗੱਲਾਂ ਨੇ ਸਾਨੂੰ ਵੀ ਭਾਵੁਕ ਕਰ ਦਿੱਤਾ । ਉਹ ਦੱਸਦੇ ਹਨ ਕਿ   ਪਿਤਾ ਡਾ ਭਾਨੂੰ ਪ੍ਰਸ਼ਾਦ ਮਜੂਮਦਾਰ  ਨੇ ਮੈਨੂੰ , ਮੇਰੀ ਭੈਣ ਤੇ ਮੇਰੇ ਛੋਟੇ ਭਰਾ ਦੀ ਪਰਵਰਿਸ਼ ਦੌਰਾਨ ਹੀ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾ ਕੇ  ਵੱਡਾ ਕੀਤਾ  ।ਕਈ ਵਾਰ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀਆਂ ਸਾਖੀਆਂ ਸੁਣਾਉਂਦੇ ਸੁਣਾਉਂਦੇ ਭਾਵੁਕ ਹੋ ਕੇ ਰੋ ਵੀ ਪਿਆ ਕਰਦੇ ਸਨ  ।ਉਹ ਕਹਿੰਦੇ ਸਨ ਕਿ ਸਿੱਖ ਗੁਰੂਆਂ ਦੀ ਕੁਰਬਾਨੀ ਇਹ ਦੇਸ਼  ਅਤੇ ਕੌਮ ਕਦੇ ਵੀ ਨਹੀਂ ਭੁਲਾ ਸਕਦੀ ਨਾ ਹੀ ਉਨ੍ਹਾਂ ਦਾ ਦੇਣਾ ਦੇ ਸਕਦੀ ਹੈ । ਪਿਤਾ ਜੀ ਘਰ ਵਿੱਚ ਅਕਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਹਿਜ ਪਾਠ ਵੀ ਕਰਿਆ ਕਰਦੇ ਸਨ  ਅਤੇ ਚੰਡੀ ਦੀ ਵਾਰ ਦਾ ਕੀਰਤਨ ਵੀ ਕਰਿਆ ਕਰਦੇ ਸਨ  ।ਉਨ੍ਹਾਂ ਨੇ ਮੈਨੂੰ, ਮੇਰੀ ਭੈਣ ਤੇ ਭਰਾ ਨੂੰ ਇਹ ਵੀ ਕਿਹਾ ਕਿ ਜੀਵਨ ਵਿਚ ਜੇ ਕਦੇ  ਮੌਕਾ ਮਿਲੇ ਤਾਂ ਅੰਮ੍ਰਿਤ ਛੱਕ ਕੇ ਸਿੰਘ ਜ਼ਰੂਰ ਸੱਜਣਾ  ।ਸਿੱਖਾਂ ਦੀ ਕੁਰਬਾਨੀ ਅਤੇ ਉਨ੍ਹਾਂ ਦੇ ਜਜ਼ਬੇ ਦਾ  ਪਾਠ ਅਸੀਂ   ਬਚਪਨ ਵਿੱਚ ਹੀ ਆਪਣੇ ਪਿਤਾ ਜੀ ਤੋਂ ਪੜ੍ਹ ਲਿਆ ਸੀ ।ਮੈਨੂੰ ਤਾਂ ਗੁਰਦੁਆਰਾ ਸਾਹਿਬ ਆ ਕੇ ਅਜ਼ੀਮ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ ਜੋ ਲਫ਼ਜ਼ਾਂ ਵਿਚ ਬਿਆਨਿਆ  ਨਹੀਂ ਜਾ ਸਕਦਾ, ਇਸੇ ਲਈ ਮੈਂ ਤਬਲੇ ਤੇ ਸੰਗਤ ਕਰਦਾ ਹਾਂ ਅਤੇ ਬੱਚਿਆਂ ਨੂੰ  ਗੁਰਦੁਆਰਾ ਸਾਹਿਬ ਆ ਕੇ ਤਬਲਾ ਵੀ ਸਿਖਾਉਂਦਾ ਹਾਂ। ਸ੍ਰੀ ਦੁਰਗਾ ਦਾਸ ਮਜੂਮਦਾਰ ਦੱਸਦੇ ਹਨ ਕਿ ਉਨ੍ਹਾਂ ਨੇ 1974 ਵਿੱਚ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਵਿਖੇ ਕੀਰਤਨੀ ਜਥੇ ਨਾਲ ਤਬਲਾ ਵੀ ਵਜਾਇਆ ਹੈ । ਇਹ ਕੀਰਤਨੀ ਜਥਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦਾ ਪਰਿਵਾਰ ਹੀ ਹੋਇਆ ਕਰਦਾ ਸੀ । ਜਿਸ ਵਿੱਚ ਉਨ੍ਹਾਂ ਦੀ ਭੈਣ ਉਨ੍ਹਾਂ ਦਾ ਛੋਟਾ ਭਰਾ ਅਤੇ ਉਨ੍ਹਾਂ ਦੀ ਬੀਵੀ  ਰਲ ਕੇ ਸ਼ਬਦ ਗਾਇਨ ਕਰਿਆ ਕਰਦੇ ਸਨ । ਉਨ੍ਹਾਂ ਦੀ ਪਤਨੀ ਵੀਨਾ ਮਜੂਮਦਾਰ ਦੇ ਕਈ ਸ਼ਬਦ ਅੱਜ ਵੀ ਜਲੰਧਰ ਰੇਡੀਓ ਸਟੇਸ਼ਨ ਤੋਂ ਸੁਣੇ ਜਾ ਸਕਦੇ ਹਨ  ।ਸ੍ਰੀ ਦੁਰਗਾ ਦਾਸ ਅੱਗੇ ਦੱਸਦੇ ਹਨ ਜਦੋਂ ਪੰਜਾਬ ਵਿਚ ਰੌਲੇ ਵਾਲੇ ਦਿਨ ਸ਼ੁਰੂ ਹੋਏ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਕੀਰਤਨ ਕਰਨ ਦਾ ਮੌਕਾ ਨਹੀਂ ਮਿਲਿਆ , ਪਰੰਤੂ ਰੂਹ ਦੇ ਸਕੂਨ ਲਈ  ਦਰਬਾਰ ਸਾਹਿਬ ਮੱਥਾ ਟੇਕਣ ਅਕਸਰ ਜਾਂਦੇ ਰਹਿੰਦੇ ਹਨ  ।

ਸਿੱਖਾਂ ਉੱਪਰ ਬਣੇ ਚੁਟਕਲਿਆਂ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸ੍ਰੀ ਦੁਰਗਾ ਦਾਸ ਨੇ ਕਿਹਾ  ਚੁਟਕਲੇ ਬਣਾਉਣੇ ਤਾਂ ਬਹੁਤ ਸੌਖੇ ਹਨ , ਪ੍ਰੰਤੂ ਸਿੱਖਾਂ ਵਰਗਾ ਬਣ ਜਾਣਾ ਬਹੁਤ ਹੀ ਕਠਿਨ ਹੈ । ਅਸੀਂ ਏ ਕੁਝ ਸਭ ਆਪਣੇ ਅੱਖੀਂ ਦੇਖਿਆ ਹੈ। ਹੁਣੇ ਹੁਣੇ  ਜਦੋਂ ਕੋਰੋਨਾ ਕਾਲ ਵਿੱਚ  ਦਵਾਈਆਂ ਦੇ ਲੰਗਰ , ਰੋਟੀਆਂ ਦੇ ਲੰਗਰ ਅਤੇ ਆਕਸੀਜਨ ਦੇ ਲੰਗਰ ਨੂੰ ਲੈ ਕੇ ਸਰਕਾਰਾਂ ਦੇ ਹੱਥ ਪੈਰ ਫੁੱਲ ਗਏ  ਤਾਂ ਸਿੱਖ ਹੀ ਸਨ ਜੋ ਮਨੁੱਖਤਾ ਦੀ ਖ਼ਾਤਰ  ਕੋਰੋਨਾ ਜਿਹੀ ਬਿਮਾਰੀ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ  ਲੋਕਾਂ ਦੀ ਸੇਵਾ ਲਈ ਨਿੱਤਰ ਪਏ  ।ਉਹ ਮੰਨਦੇ ਹਨ ਕਿ ਹਿੰਦੂ ਕੌਮ ਦਾ ਬਹੁਤਾਤ ਹਿੱਸਾ ਸਿੱਖਾਂ ਦੀ ਦਿਲੋਂ ਰਿਸਪੈਕਟ ਕਰਦਾ ਹੈ । ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖ ਹੋਣਾ ਮਤਲਬ ਬੈਟਰ ਹਿੰਦੂ ਹੋਣਾ ਹੈ  ।

ਆਪਣੇ ਫਿਲਮੀ ਸਫਰ ਬਾਰੇ ਦੱਸਦਿਆਂ ਦੁਰਗਾ ਦਾਸ ਜੀ ਨੇ ਦੱਸਿਆ ਕਿ ਮੈਂ  ਫ਼ਿਲਮੀ ਸੰਗੀਤ ਵਿੱਚ ਤਬਲਾ ਵਾਦਕ ਸੀ । ਇਕ ਦਿਨ ਟੀ ਸੀਰੀਜ਼ ਕੰਪਨੀ ਦੇ ਮਾਲਕ ਸ੍ਰੀ ਗੁਲਸ਼ਨ ਕੁਮਾਰ ਜੀ ਨੇ ਉਨ੍ਹਾਂ ਨੂੰ ਇਕ ਧਾਰਮਿਕ ਕੈਸੇਟ ਵਾਸਤੇ ਸੰਗੀਤ ਦੇਣ ਲਈ ਕਿਹਾ ।  ਜਦੋਂ ਇਹ ਆਫਰ ਸ੍ਰੀ ਗੁਲਸ਼ਨ ਕੁਮਾਰ ਹੋਰਾਂ ਉਨ੍ਹਾਂ ਦਿੱਤੀ ਤਾਂ ਉਹ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਏਸ ਲਈ ਪ੍ਰਭੂ ਦਾ ਸ਼ੁਕਰਾਨਾ ਕੀਤਾ।  ਇਹ ਦੌਰ 1986 ਦਾ ਸੀ ਜਦੋਂ ਕੈਸਿਟ ਇੰਡਸਟਰੀ ਧੁਰ ਜੋਬਨ ਨੂੰ  ਛੂਹਣ ਲਈ ਉਸਲਵੱਟੇ ਲੈ ਰਹੀ ਸੀ । ਮੇਰਾ ਕੰਮ ਉਨ੍ਹਾਂ ਨੂੰ ਪਸੰਦ ਆਇਆ ਅਤੇ ਉਸ ਕੈਸੇਟ ਨੇ ਬਿਜ਼ਨਸ ਵੀ ਚੰਗਾ ਕੀਤਾ । ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਾ ਦੇਖਿਆ ਅਤੇ ਮੈਂ ਤਕਰੀਬਨ 700 ਤੋਂ ਵੱਧ ਮਿਊਜ਼ਿਕ ਐਲਬਮ ਦੇ ਵਿੱਚ  ਮਿਊਜ਼ਿਕ ਦਿੱਤਾ ਜੋ ਟੀ ਸੀਰੀਜ਼ ਦੇ ਬੈਨਰ ਹੇਠ ਬਣੀਆਂ  ।

ਫਿਲਮ  ਲਾਈਨ ਵਿਚ ਹੋਣ ਕਰਕੇ ਅਸੀਂ  ਫ਼ਿਲਮ ਨਿਰਮਾਣ ਵਿੱਚ ਆ ਗਏ । ਭੋਜਪੁਰੀ ਫਿਲਮ ਇੰਡਸਟਰੀ ਉਦੋਂ ਖੜ੍ਹੀ ਹੋ ਰਹੀ ਸੀ । ਅਸੀਂ ਵੀ ਕਿਸਮਤ ਅਜ਼ਮਾਈ , ਕੁਦਰਤ ਦੀ ਕਿਰਪਾ ਨਾਲ ਚੱਲ ਨਿਕਲੇ ।ਹੁਣ ਤੱਕ ਅਸੀਂ 200 ਤੋਂ ਵੱਧ ਭੋਜਪੁਰੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਾਂ । ਉਨ੍ਹਾਂ ਦੱਸਿਆ ਭੋਜਪੁਰੀ ਫ਼ਿਲਮ ਬਣਾਉਣ ਲਈ 50 ਲੱਖ ਤੋਂ ਲੈ ਕੇ 2 ਕਰੋੜ ਰੁਪਏ ਤੱਕ ਲੱਗ ਜਾਂਦੇ ਹਨ।  ਹੈ ਤਾਂ ਇਕ ਤਰ੍ਹਾਂ ਦਾ ਜੂਆ ਪ੍ਰੰਤੂ ਪ੍ਰਭੂ ਦੀ ਕਿਰਪਾ ਨਾਲ ਹਾਲੇ ਸਾਰਾ ਕੁਝ ਸਾਡੀ ਫੇਵਰ ਵਿਚ ਹੈ । 25% ਫ਼ਿਲਮਾਂ ਸਾਡੀਆਂ ਫਲਾਪ ਵੀ ਹੋ ਗਈਆਂ , ਪ੍ਰੰਤੂ ਅੱਜ ਵੀ ਭੋਜਪੁਰੀ ਫ਼ਿਲਮਾਂ ਵਿੱਚ ਸਾਡਾ ਨਾਮ ਬੋਲਦਾ ਹੈ । ਰੱਖੜੀ ਉੱਪਰ ਇੱਕ ਵੱਡੀ ਭੋਜਪੁਰੀ ਫ਼ਿਲਮ ਸਾਡੀ ਰਿਲੀਜ਼ ਹੋਣ ਵਾਲੀ ਹੈ । ਉਨ੍ਹਾਂ ਦੱਸਿਆ ਕਿ ਅਸੀਂ ਸਾਲ ਵਿੱਚ 10 ਤੋਂ 12 ਭੋਜਪੁਰੀ ਫ਼ਿਲਮਾਂ ਦਾ ਨਿਰਮਾਣ ਕਰਦੇ ਹਾਂ ।

ਪੰਜਾਬੀ ਫ਼ਿਲਮਾਂ ਬਣਾਉਣ ਬਾਰੇ ਜਦੋਂ ਸਵਾਲ ਕੀਤਾ ਕਿ ਇਹ ਫ਼ਿਲਮ ਇੰਡਸਟਰੀ ਵੀ ਹੁਣ ਜੋਬਨ ਵੱਲ ਵੱਧਦੀ ਜਾ ਰਹੀ ਹੈ ਤਾਂ ਸ੍ਰੀ ਮਜੂਮਦਾਰ ਜੀ ਨੇ ਦੱਸਿਆ ਕਿ ਪਿਤਾ ਜੀ ਕਿਹਾ ਕਰਦੇ ਸਨ ਕਿ ਜੇ ਲਗਾਮ ਤੁਹਾਡੇ ਹੱਥ ਨਹੀਂ ਹੈ ਤਾਂ ਤੁਸੀਂ ਬਿਜ਼ਨਸ ਵਿੱਚ ਘਾਟਾ ਖਾਵੋਗੇ ,  ਅਤੇ ਇਕ ਤਾਕੀਦ ਉਹ ਹੋਰ ਕਰਿਆ ਕਰਦੇ ਸਨ ਕਿ ਕਦੇ ਵੀ ਬੈਂਕ ਤੋਂ ਲੋਨ ਲੈ ਕੇ ਫ਼ਿਲਮ ਨਿਰਮਾਣ ਨਹੀਂ ਕਰਨਾ।  ਉਹ ਕਹਿੰਦੇ ਸਨ ਜਦੋਂ ਤਕ ਕਿਸੇ ਇੰਡਸਟਰੀ ਦੇ ਪੂਰੇ ਤਾਣੇ ਬਾਣੇ ਦੀ ਤੁਹਾਨੂੰ ਪੂਰੀ ਡੂੰਘਾਈ ਤੱਕ ਨੌਲਜ ਨਹੀਂ ਉਦੋਂ ਤੱਕ ਉਸ ਵਿੱਚ ਵਪਾਰ ਦਾ ਮਤਲਬ ਹੈ ਕਿ ਘਾਟਾ ਪੈ ਸਕਦਾ ਹੈ । ਹਾਂ ਤਾਂ ਅਸੀਂ ਬੰਗਾਲੀ ਪ੍ਰੰਤੂ ਭੋਜਪੁਰੀ ਫਿਲਮਾਂ ਦੇ ਵਪਾਰ ਬਾਰੇ ਸਾਨੂੰ ਪੂਰੀ ਨੌਲਜ ਹੈ । ਇਸੇ ਕਰਕੇ  ਏਧਰਲੀਆਂ ਫ਼ਿਲਮਾਂ ਦਾ ਨਿਰਮਾਣ ਹੀ ਅਸੀਂ ਕਰਦੇ ਹਾਂ  ।

ਆਪਣੇ ਮਿਊਜ਼ਿਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਮਾਣ ਨਾਲ ਕਿਹਾ ਕਿ ਉਨ੍ਹਾਂ ਨੇ ਵੱਡੇ ਤੋਂ ਵੱਡੇ ਸੰਗੀਤਕਾਰ ਨਾਲ ਤਬਲੇ ਉੱਪਰ ਸੰਗਤ ਕੀਤੀ ਹੈ । ਜਿਨ੍ਹਾਂ ਵਿਚ ਪੰਚਮ ਦਾ ਉਰਫ ਆਰ. ਡੀ .ਬਰਮਨ, ਸੁਰਿੰਦਰ ਕੋਹਲੀ ਅਤੇ ਦਲੀਪ ਰਾਵਲ ਜੀ ਸ਼ਾਮਲ ਹਨ  । ਇਨ੍ਹਾਂ ਦਿੱਗਜ ਸੰਗੀਤਕਾਰਾਂ ਤੋਂ ਉਨ੍ਹਾਂ ਨੇ ਬਹੁਤ ਕੁਝ ਸਿੱਖਿਆ । ਜਿਸ ਨੂੰ ਉਨ੍ਹਾਂ ਨੇ ਆਪਣੇ ਫ਼ਿਲਮੀ ਸੰਗੀਤ  ਵਿੱਚ ਵਰਤ ਕੇ ਬਹੁਤ ਸਫਲਤਾ ਹਾਸਲ ਕੀਤੀ  ।

ਜੀਵਨ ਜੁਗਤ ਉੱਪਰ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ  ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਕ ਮਿਡਲ ਕਲਾਸ ਪਰਿਵਾਰ ਹੈ । ਕਈ ਵਾਰ ਤਾਂ ਇੱਕ ਸਟੂਡੀਓ ਤੋਂ ਦੂਜੇ ਸਟੂਡੀਓ ਤਬਲੇ ਦਾ ਸੰਗੀਤ ਦੇਣ ਜਾਣ ਪੈਦਲ ਹੀ ਪਹੁੰਚ ਜਾਂਦੇ ਸਨ। ਚਾਹੇ ਉਹ ਵਾਟ 10 ਕਿਲੋਮੀਟਰ ਦੀ ਹੀ ਕਿਉਂ ਨਾ ਹੋਵੇ । 25, 25  ਪੈਸੇ ਵੀ ਉਹ ਸੇਵ ਕਰਿਆ ਕਰਦੇ ਸਨ । ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਭੂ ਦੀ ਕੋਈ ਗੈਬੀ ਸ਼ਕਤੀ ਉਨ੍ਹਾਂ ਨੂੰ ਹਮੇਸ਼ਾਂ ਸਪੋਟ ਕਰਦੀ ਰਹਿੰਦੀ ਸੀ, ਜਿਸ ਕਰਕੇ ਉਨ੍ਹਾਂ ਦੇ ਕਦੇ ਵੀ ਕੋਈ ਕੰਮ ਨਾ ਰੁਕਿਆ ।  ਉਹ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ । ਜਦੋਂ ਇਹ ਪੁੱਛਿਆ ਕਿ ਜਿਵੇਂ ਸਮਾਜ ਨੇ ਤੁਹਾਨੂੰ ਹੈਲਪ ਤੇ ਸਪੋਟ ਕੀਤਾ ਕਿ ਉਹ ਵੀ ਕਰ ਰਹੇ ਹਨ । ਇਸ ਤੇ ਫੇਰ ਆਪਣੇ ਪਿਤਾ ਜੀ ਨੂੰ ਯਾਦ ਕਰਦਿਆਂ ਸ੍ਰੀ ਮਜੂਮਦਾਰ ਨੇ ਕਿਹਾ ਕਿ ਪਿਤਾ ਜੀ ਕਿਹਾ ਕਰਦੇ ਸਨ ਕਿ ਕਦੇ ਵੀ ਨੇਕੀ ਵਾਲੇ ਕੰਮਾਂ ਦਾ ਢੰਡੋਰਾ ਨਹੀਂ ਪਿੱਟਣਾ ,  ਇਨ੍ਹਾਂ ਨੂੰ ਭੁੱਲ ਜਾਣ ਨਾਲ ਹੀ ਤਰੱਕੀਆਂ ਹੁੰਦੀਆਂ ਹਨ ।  ਉਸ ਗੱਲ ਨੂੰ ਅਸੀਂ ਹਾਲੇ ਤਕ ਪੱਲੇ ਬੰਨ੍ਹ ਰੱਖਿਆ ਹੈ  ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ