ਧਰਮ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੁੜ ਆਰੰਭੇ ਜਾਣਗੇ- ਬੀਬੀ ਜਗੀਰ ਕੌਰ

ਕੌਮੀ ਮਾਰਗ ਬਿਊਰੋ | July 20, 2021 05:31 PM

ਅੰਮ੍ਰਿਤਸਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਮੁੜ ਆਰੰਭਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਅੰਦਰ ਵੱਖ-ਵੱਖ ਥਾਵਾਂ ’ਤੇ ਸਮਾਗਮ ਆਯੋਜਤ ਕੀਤੇ ਜਾਣਗੇ ਅਤੇ ਵਿਸ਼ਾਲ ਪੱਧਰ ’ਤੇ ਮੁੱਖ ਸਮਾਗਮ ਵੀ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਕਾਰਨ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਸੰਖੇਪ ਰੂਪ ਵਿਚ ਕੀਤੇ ਗਏ ਸਨ ਅਤੇ ਜੇਕਰ ਹਾਲਾਤ ਸੁਖਾਵੇਂ ਰਹੇ ਤਾਂ ਜਲਦ ਹੀ ਸਮਾਗਮ ਮੁੜ ਆਰੰਭੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਪ੍ਰਚਾਰਕਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜੋ ਵੱਖ-ਵੱਖ ਥਾਵਾਂ ’ਤੇ ਸਮਾਗਮਾਂ ਦੀ ਰੂਪ-ਰੇਖਾ ਉਲੀਕਣਗੇ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਪਿੰਡਾਂ ਦੇ ਉਨ੍ਹਾਂ ਗ੍ਰੰਥੀਆਂ ਨੂੰ 2 ਹਜ਼ਾਰ ਰੁਪਏ ਮਾਸਿਕ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਯਾਦਾ ਨੂੰ ਸਮਰਪਿਤ ਹਨ ਅਤੇ ਘੱਟੋ-ਘੱਟ 10 ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਨਿਰੰਤਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਗ੍ਰੰਥੀ ਸ਼ੁੱਧ ਗੁਰਬਾਣੀ ਉਚਾਰਨ ਅਤੇ ਇਤਿਹਾਸ ਤੋਂ ਜਾਣੂ ਹੋਣੇ ਚਾਹੀਦੇ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਦਵਾਈਆਂ ਦੇ ਸਟੋਰ ਅਤੇ ਟੈਸਟਾਂ ਲਈ ਲੈਬ ਖੋਲ੍ਹਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਸਬੰਧ ਵਿਚ ਫੈਸਲਾ ਕੀਤਾ ਗਿਆ ਸੀ, ਜਿਸ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਵਿਸਥਾਰ ਵਿਚ ਹੁਣ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਵੀ ਇਹ ਸਟੋਰ ਅਤੇ ਲੈਬ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦਾ ਮੰਤਵ ਬਿਨਾ ਲਾਭ-ਹਾਨੀ ਦੇ ਲੋੜਵੰਦਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਰਾਹੀਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਵੀ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਗਈਆਂ। ਇਸ ਤਹਿਤ ਕੋਰੋਨਾ ਕੇਅਰ ਵਾਰਡ ਅਤੇ ਕੋਰੋਨਾ ਵੈਕਸੀਨ ਦਾ ਵਿਸ਼ਾਲ ਪੱਧਰ ’ਤੇ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ ਪੌਣੇ ਦੋ ਕਰੋੜ ਰੁਪਏ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਸੇਵਾਵਾਂ ਤਹਿਤ ਖਰਚੇ ਜਾ ਚੁੱਕੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ ਅਤੇ ਲੋੜ ਅਨੁਸਾਰ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਾਤਾ ਸਾਹਿਬ ਕੌਰ ਕਾਲਜ ਵਿਚ ਹੁਣ 400 ਅੰਮ੍ਰਿਤਧਾਰੀ ਬੱਚੀਆਂ ਨੂੰ ਮੁਫ਼ਤ ਪੜ੍ਹਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਬੱਚੀਆਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 200 ਬੱਚੀਆਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਇੰਜੀਨੀਅਰਿੰਗ ਕਾਲਜਾਂ ਵਿਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ 30 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾਵੇਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲਤ ਦਾ ਵਿਸਥਾਰ ਕਰਨ ਲਈ ਜਲਦ ਹੀ ਨਵੀਆਂ ਸਰਾਵਾਂ ਦਾ ਨਿਰਮਾਣ ਕਰੇਗੀ। ਇਸ ਤਹਿਤ ਸ੍ਰੀ ਗੁਰੂ ਰਾਮਦਾਸ ਸਰ੍ਹਾ ਵਾਲੀ ਜਗ੍ਹਾ ’ਤੇ ਨਾ-ਵਰਤੋਂਯੋਗ ਕਮਰਿਆਂ ਦੀ ਥਾਂ ਨਵੇਂ ਕਮਰੇ ਬਣਾਏ ਜਾਣਗੇ, ਪਰ ਬਾਹਰੀ ਦਿੱਖ ਨੂੰ ਹੂਬਹੂ ਕਾਇਮ ਰੱਖਿਆ ਜਾਵੇਗਾ। ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਵਿਚ ਜੂਨ 1984 ਦੇ ਘੱਲੂਘਾਰੇ ਸਮੇਂ ਬਹੁਤ ਸਾਰੇ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਹਨ, ਜਿਨ੍ਹਾਂ ਦੀ ਯਾਦ ਨੂੰ ਸੰਭਾਲਣ ਲਈ ਸਰਾਂ ਦੀ ਢੁੱਕਵੀਂ ਥਾਂ ’ਤੇ ਉਨ੍ਹਾਂ ਦੇ ਨਾਮ ਲਿਖੇ ਜਾਣਗੇ ਅਤੇ ਤਸਵੀਰਾਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਹਿਲੀਆਂ ਸਾਰੀਆਂ ਸਰਾਵਾਂ ਦੇ ਕਮਰਿਆਂ ਦੀ ਲੋੜ ਅਨੁਸਾਰ ਮੁਰੰਮਤ ਵੀ ਕਰਵਾਈ ਜਾਵੇਗੀ। ਬੀਬੀ ਜਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਨੇ ਕਿਸਾਨ ਸੰਘਰਸ਼ ਦੌਰਾਨ ਅਕਾਲ ਚਲਾਣਾ ਕਰਨ ਵਾਲੇ ਕਿਸਾਨਾਂ ਦੇ ਨਾਲ ਨਾਲ ਜ਼ਖ਼ਮੀ ਅਤੇ ਬਿਮਾਰ ਕਿਸਾਨਾਂ ਦੀ ਮੱਦਦ ਲਈ ਤਿੰਨ ਕਰੋੜ ਰੁਪਏ ਦੇ ਕਰੀਬ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ।
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤਿਆਰ ਕੀਤੇ ਜਾ ਰਹੇ ਜੋੜਾ ਘਰ ਅਤੇ ਵਹੀਕਲ ਸਟੈਂਡ ਦੀ ਖੁਦਾਈ ਦੌਰਾਨ ਮਿਲੇ ਇਮਾਰਤੀ ਢਾਂਚੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਬਾਰੇ ਪੁਰਾਤਤਵ ਵਿਭਾਗ ਦੀ ਟੀਮ ਪੁੱਜ ਗਈ ਹੈ ਅਤੇ ਜੇਕਰ ਇਸ ਦਾ ਸਬੰਧ ਸਿੱਖ ਇਤਿਹਾਸ ਨਾਲ ਜੁੜਦਾ ਹੋਇਆ ਤਾਂ ਇਸ ਨੂੰ ਸੰਭਾਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਂਝ ਇਹ ਗਲਿਆਰਾ 1984 ਦੇ ਫ਼ੌਜੀ ਹਮਲੇ ਮਗਰੋਂ ਸਰਕਾਰ ਨੇ ਲੋਕਾਂ ਦੇ ਘਰ ਅਤੇ ਦੁਕਾਨਾਂ ਆਦਿ ਢਾਹ ਕੇ ਬਣਾਇਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸ਼੍ਰੋਮਣੀ ਕਮੇਟੀ ਜ਼ੁੰਮੇਵਾਰ ਸੰਸਥਾ ਹੁੰਦਿਆਂ ਸੰਜੀਦਾ ਤੌਰ ’ਤੇ ਕਾਰਜ ਕਰ ਰਹੀ ਹੈ। ਅੰਤ੍ਰਿੰਗ ਕਮੇਟੀ ਵੱਲੋਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਅਤੇ ਸਾਬਕਾ ਮੀਤ ਪ੍ਰਧਾਨ ਸ. ਦਲੀਪ ਸਿੰਘ ਮੱਲੂਨੰਗਲ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੀ ਪ੍ਰਵਾਨਗੀ ਦੇਣ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਆਪਣਾ ਮਕਾਨ ਸ੍ਰੀ ਦਰਬਾਰ ਸਾਹਿਬ ਦੇ ਨਾਂ ਲਗਾਉਣ ’ਤੇ ਧੰਨਵਾਦ ਦਾ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਅੰਤ੍ਰਿੰਗ ਕਮੇਟੀ ਨੇ ਸਿੱਖ ਵਿਦਵਾਨ ਡਾ. ਜੋਧ ਸਿੰਘ ਅਤੇ ਉਡਣੇ ਸਿੱਖ ਸ. ਮਿਲਖਾ ਸਿੰਘ ਦੇ ਚਲਾਣੇ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਸ. ਨਵਤੇਜ ਸਿੰਘ ਕਾਉਣੀ, ਸ. ਬਲਦੇਵ ਸਿੰਘ ਚੂੰਘਾਂ, ਸ. ਅਜਮੇਰ ਸਿੰਘ ਖੇੜਾ, ਸ. ਭੁਪਿੰਦਰ ਸਿੰਘ ਭਲਵਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਦਰਸ਼ਨ ਸਿੰਘ ਸ਼ੇਰ ਖਾਂ, ਬੀਬੀ ਮਲਕੀਤ ਕੌਰ ਕਮਾਲਪੁਰ, ਸ. ਮਿੱਠੂ ਸਿੰਘ ਕਾਹਨੇਕੇ, ਸ. ਅਮਰੀਕ ਸਿੰਘ ਸ਼ਾਹਪੁਰ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਸੁਖਮਿੰਦਰ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸੁਲੱਖਣ ਸਿੰਘ ਭੰਗਾਲੀ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਓਐਸਡੀ ਸ. ਸਤਬੀਰ ਸਿੰਘ ਧਾਮੀ, ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ ਹਾਜ਼ਰ ਸਨ।

Have something to say? Post your comment

 

ਧਰਮ

ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੇ ਜਾਣ ਵਾਲੇ ਸਰਧਾਲੂ ਇਨ੍ਹਾਂ ਸਥਾਨਾਂ ਅਤੇ ਦਰਿਆਵਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ : ਮਾਨ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ