ਮਨੋਰੰਜਨ

ਗੀਤਕਾਰ ਦੇਵ ਧਰੀਕਿਆਂ ਵਾਲੇ ਦਾ ਸਦੀਵੀ ਵਿਛੋੜਾ

ਕੌਮੀ ਮਾਰਗ ਬਿਊਰੋ | January 25, 2022 07:37 PM

ਚੰਡੀਗੜ੍ਹ:  ਪੰਜਾਬੀ ਦੇ ਹਰਮਨ ਪਿਆਰੇ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਦੇ ਦੇਹਾਂਤ ਨਾਲ ਸੰਸਾਰ ਵਿੱਚ ਵਸਦਾ ਪੰਜਾਬੀ ਭਾਈਚਾਰਾ ਬਹੁਤ ਉਦਾਸ ਹੈ। ਦੇਵ ਥਰੀਕਿਆਂ ਵਾਲੇ ਨੇ ਪੰਜਾਬੀ ਗੀਤਕਾਰੀ ਨੂੰ ਸਾਰਥਕ ਮੋੜ ਦਿੰਦਿਆਂ ਸਿਖਰਲੇ ਮੁਕਾਮ ਤੱਕ ਪਹੁੰਚਾਇਆ। ਉਹ ਇੱਕ ਚਰਚਿਤ ਗੀਤਕਾਰ ਦੇ ਨਾਲ ਨਾਲ ਇੱਕ ਸਮਰਪਿਤ ਅਧਿਆਪਕ ਸਨ। 'ਤੇਰੇ ਟਿੱਲੇ ਤੋਂ ਅਹੁ ਸੂਰਤ ਦੀਂਹਦੀ ਆ ਹੀਰ ਦੀ', 'ਛੇਤੀ ਕਰ ਸਰਵਣ ਪੁੱਤਰਾ, ਪਾਣੀ ਪਿਆ ਦੇ ਉਏ' ਵਰਗੀਆਂ ਅਤਿ ਮਾਰਮਿਕ ਕਲੀਆਂ ਅਤੇ 'ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ' ਤੇ 'ਨੀ ਉਠ ਦੇਖ ਨਨਾਨੇ ਕੌਣ ਪਰਾਹੁਣਾ ਆਇਆ' ਵਰਗੇ ਸਦਾਬਹਾਰ ਗੀਤ ਲਿਖਣ ਵਾਲੇ ਹਰਦੇਵ ਦਿਲਗੀਰ ਨੇ ਆਪਣਾ ਸਾਹਿਤਕ ਸਫ਼ਰ ਇੱਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ। ਉਹ ਪ੍ਰਸਿੱਧ ਕਹਾਣੀਕਾਰ ਹਰੀ ਸਿੰਘ ਦਿਲਬਰ ਦਾ ਵਿਦਿਆਰਥੀ ਅਤੇ ਚੇਲਾ ਸੀ। ਗੀਤ ਲਿਖਣ ਦੀ ਚੇਟਕ ਉਸ ਨੂੰ ਸਕੂਲ ਦੇ ਦਿਨਾਂ ਵਿੱਚ ਲੱਗੀ। 'ਚਲ ਚੱਕ ਭੈਣੇ ਬਸਤਾ ਸਕੂਲ ਚੱਲੀਏ' ਉਸ ਦਾ ਬਾਲ-ਉਮਰੇ ਰਚਿਆ ਪਹਿਲਾ ਗੀਤ ਹੈ। ਉਸ ਦੇ 900 ਤੋਂ ਵੱਧ ਗੀਤ, ਕਲੀਆਂ, ਲੋਕ ਗਾਥਾਵਾਂ ਅਤੇ ਦੁਗਾਣੇ ਪ੍ਰਸਿੱਧ ਗਾਇਕਾਂ ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਕਰਮਜੀਤ ਧੂਰੀ, ਕਰਨੈਲ ਗਿੱਲ, ਪੰਮੀ ਬਾਈ, ਸਵਰਨ ਲਤਾ, ਅਤੇ ਜਗਮੋਹਨ ਕੌਰ ਆਦਿ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ। ਉਸ ਦੇ 30 ਤੋਂ ਵੱਧ ਗੀਤ-ਸੰਗ੍ਰਹਿ ਛਪੇ ਹਨ। ਸੱਸੀ ਪੁੰਨੂੰ, ਬਲਬੀਰੋ ਭਾਬੀ ਅਤੇ ਪੁੱਤ ਜੱਟਾਂ ਦੇ ਆਦਿ ਫ਼ਿਲਮਾਂ ਵਿੱਚ ਉਸ ਦੇ ਗੀਤ ਫ਼ਿਲਮਾਏ ਗਏ ਹਨ। ਬਿਰਹਾ ਅਤੇ ਸ਼ਿੰਗਾਰ ਭਾਵਨਾ ਵਾਲੇ ਉਸ ਦੇ ਗੀਤਾਂ ਵਿੱਚ - 'ਕਾਹਤੋਂ ਮਾਰਦਾ ਚੰਦਰਿਆ ਛਪਕਾਂ, ਮੈਂ ਕੱਚ ਦੇ ਗਿਲਾਸ ਵਰਗੀ' ਜਿਹੇ ਗੀਤ ਸੈਂਕੜਿਆਂ ਦੀ ਗਿਣਤੀ ਵਿੱਚ ਹਨ। ਪੰਜਾਬੀ ਗੀਤਕਾਰੀ ਵਿੱਚ ਉਸ ਦੀ ਵਿਲੱਖਣਤਾ ਕਲੀਆਂ ਤੇ ਲੋਕ-ਗਾਥਾਵਾਂ ਲਿਖਣ ਕਰਕੇ ਹੈ। ਉਸ ਨੇ ਹੀਰ, ਰਾਜਾ ਰਸਾਲੂ, ਸੱਸੀ, ਸੋਹਣੀ ਮਹੀਂਵਾਲ, ਕੌਲਾਂ ਸ਼ਾਹਣੀ, ਰਾਣੀ ਸੁੰਦਰਾਂ ਅਤੇ ਬੇਗੋ ਨਾਰ ਵਰਗੀਆਂ ਪ੍ਰੇਮ ਨਾਇਕਾਵਾਂ ਬਾਰੇ ਕਲੀਆਂ ਲਿਖੀਆਂ। ਉਸ ਨੇ ਪੰਜਾਬ ਦੇ ਸੂਰਮਿਆਂ - ਜੈਮਲ ਫੱਤਾ, ਜਿਊਣਾ ਮੌੜ, ਸੁੱਚਾ ਸੂਰਮਾ, ਜੱਗਾ ਅਤੇ ਦੁੱਲਾ ਭੱਟੀ ਆਦਿ ਦੀਆਂ ਲੋਕ-ਗਾਥਾਵਾਂ ਨੂੰ ਆਪਣੀ ਗੀਤਕਾਰੀ ਦਾ ਮੌਜੂ ਬਣਾਇਆ ਹੈ। ਉਸ ਨੇ ਪੰਜਾਬੀਆਂ ਦੀ ਨਾਬਰੀ ਦੀ ਰਿਵਾਇਤ ਨੂੰ ਆਪਣੀਆਂ ਲੋਕ-ਗਾਥਾਵਾਂ ਵਿੱਚ ਸਿਰਜ ਕੇ ਲੋਕ ਸੰਘਰਸ਼ਾਂ ਨੂੰ ਪ੍ਰੇਰਨਾ ਅਤੇ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬੀ ਗੀਤਕਾਰੀ ਵਿੱਚ ਕਲੀਆਂ ਤੇ ਲੋਕ-ਗਾਥਾਵਾਂ ਦੀ ਸਿਰਜਣਾ ਕਰਨ ਵਿੱਚ ਉਸ ਦਾ ਸਿਖਰਲਾ ਸਥਾਨ ਹੈ। 'ਤੇਰੇ ਟਿੱਲੇ ਤੋਂ ਅਹੁ ਸੂਰਤ ਦੀਂਹਦੀ ਆ ਹੀਰ ਦੀ' ਅਤੇ 'ਛੇਤੀ ਕਰ ਸਰਵਣ ਪੁੱਤਰਾ' ਕਲੀਆਂ ਸਾਹਿਤਕ ਮਿਆਰਾਂ ਪੱਖੋਂ ਪੰਜਾਬੀ ਗੀਤਕਾਰੀ ਦਾ ਹਾਸਿਲ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਹਰਦੇਵ ਦਿਲਗੀਰ ਦੇ ਵਿਛੋੜੇ ਨਾਲ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਕਵਿਤਾ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕਰਦੀ ਹੈ।

 

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ