ਸੰਸਾਰ

ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਮਰਹੂਮ ਗੁਰਦੇਵ ਸਿੰਘ ਮਾਨ ਨੂੰ ਸਮਰਪਿਤ ਸਮਾਗਮ

ਹਰਦਮ ਮਾਨ/ਕੌਮੀ ਮਾਰਗ ਬਿਊਰੋ | June 23, 2022 02:20 PM


ਸਰੀ-ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਨਾਮਵਰ ਸਾਹਿਤਕਾਰ ਗੁਰਦੇਵ ਸਿੰਘ ਮਾਨ ਦੀ ਬਰਸੀ ਨੂੰ ਸਮਰਪਿਤ ਸਮਾਗਮ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਕਰਵਾਇਆ ਗਿਆ ਅਤੇ ਇਸ ਸਮਾਗਮ ਵਿਚ ਬੀ.ਸੀ. ਦੇ ਉੱਘੇ ਸਨਅਤਕਾਰ ਅਤੇ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ਨੂੰ ਗੁਰਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦਾ ਆਗਾਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਸ. ਮਾਧੋਪੁਰੀ ਨੇ ਮਰਹੂਮ ਸਾਹਿਤਕਾਰ ਗੁਰਦੇਵ ਸਿੰਘ ਮਾਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ, ਉਨ੍ਹਾਂ ਦੀ ਸੁਚੱਜੀ ਸ਼ਖ਼ਸੀਅਤ, ਸਾਹਿਤਕ ਕਾਰਜ ਅਤੇ ਵਿਸ਼ੇਸ਼ ਤੌਰ ਤੇ ਪੰਜਾਬੀ ਗੀਤਕਾਰੀ ਖੇਤਰ ਵਿਚ ਸਦਾਬਹਾਰ ਗੀਤਾਂ ਰਾਹੀਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰਿਤਪਾਲ ਗਿੱਲ ਨੇ ਕਿਹਾ ਕਿ ਗੁਰਦੇਵ ਸਿੰਘ ਮਾਨ ਦੇ ਬਹੁਤ ਸਾਰੇ ਗੀਤ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਚੁੱਕੇ ਹਨ। ਉਨ੍ਹਾਂ ਆਪਣੇ ਬਹੁਤ ਹੀ ਸਾਰਥਿਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਪੰਜਾਬੀ ਗੀਤਾਂ ਦੀ ਫੁਲਵਾੜੀ ਨੂੰ ਵਿਸ਼ੇਸ਼ ਮਹਿਕ ਪ੍ਰਦਾਨ ਕੀਤੀ ਅਤੇ ਇਹ ਮਹਿਕ ਹਮੇਸ਼ਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸ਼ਰਸ਼ਾਰ ਕਰਦੀ ਰਹੇਗੀ।
ਸਮਾਗਮ ਦੇ ਮੁੱਖ ਬੁਲਾਰੇ ਡਾ. ਪ੍ਰਿਥੀਪਾਲ ਸੋਹੀ ਨੇ ਗੁਰਦੇਵ ਸਿੰਘ ਮਾਨ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿਚ ਪਾਏ ਨਿੱਗਰ ਯੋਗਦਾਨ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਦਰਸਾਉਂਦਿਆਂ ਕਿਹਾ ਕਿ ਉਨ੍ਹਾਂ ਸਾਹਿਤ ਦੀ ਹਰ ਸਿਨਫ਼ ਉੱਤੇ ਕਲਮ ਅਜ਼ਮਾਈ ਕੀਤੀ ਅਤੇ ਹਰੇਕ ਵਿਚ ਹੀ ਬਹੁਤ ਹੀ ਸਾਰਥਿਕ ਰਚਨਾਵਾਂ ਰਚੀਆਂ। ਪੰਜਾਬੀ ਗੀਤਕਾਰੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਅਣਗੌਲਿਆਂ ਲਈਂ ਕੀਤਾ ਜਾ ਸਕੇਗਾ।
ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਇਸ ਮੌਕੇ ਗੁਰਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤੇ ਗਏ ਜਤਿੰਦਰ ਜੇ ਮਿਨਹਾਸ ਕੈਨੇਡੀਅਨ ਪੰਜਾਬੀ ਭਾਈਚਾਰੇ ਦੀ ਮਾਣਮੱਤੀ ਸ਼ਖ਼ਸੀਅਤ ਹਨ ਜਿਨ੍ਹਾਂ ਕਾਰੋਬਾਰੀ ਖੇਤਰ ਵਿੱਚ ਵੱਡੀਆਂ ਪੁਲਾਘਾਂ ਪੁੱਟ ਕੇ ਚੰਗਾ ਨਾਮਣਾ ਖੱਟਿਆ ਹੈ। ਸ੍ਰੀ ਮਿਨਹਾਸ ਨੇ ਕਾਰੋਬਾਰ ਦੇ ਨਾਲ ਨਾਲ ਸਮਾਜ ਦੇ ਕਾਰਜਾਂ ਵਿਚ ਵਿਸ਼ੇਸ਼ ਦਿਲਚਸਪੀ ਦਿਖਾਉਂਦਿਆਂ ਕਈ ਭਾਈਚਾਰਕ ਸੰਸਥਾਵਾਂ ਵਿਚ ਆਪਣਾ ਯੋਗਦਾਨ ਪਾਇਆ ਹੈ। ਉਹ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ਬੀ.ਸੀ. ਅਤੇ ਗੁਰੂ ਨਾਨਕ ਮਿਸ਼ਨ ਅਵੇਅਰਨੈਸ ਸੋਸਾਇਟੀ ਆਫ਼ ਬੀਸੀ ਦੇ ਡਾਇਰੈਕਟਰ ਹਨ। ਉਨ੍ਹਾਂ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ, ਸੰਤ ਬਾਬਾ ਭਾਗ ਸਿੰਘ ਵਿਦਿਅਕ ਕੰਪਲੈਕਸ ਅਤੇ ਹੋਰ ਸੰਸਥਾਵਾਂ ਲਈ ਆਰਥਿਕ ਮਦਦ ਰਾਹੀਂ ਵਡੇਰਾ ਯੋਗਦਾਨ ਪਾਇਆ ਹੈ। ਉਹ ਰੋਟਰੀ ਕਲੱਬ ਦੇ ਸਰਗਰਮ ਕਾਰਕੁੰਨ ਹਨ ਅਤੇ ਰੋਟਰੀ ਪ੍ਰੋਜੈਕਟਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਸਦਕਾ ਉਨ੍ਹਾਂ ਨੂੰ ਪਾਲ ਹੈਰਿਸ ਫੈਲੋਸ਼ਿਪ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪਿਛਲੇ ਦੋ ਸਾਲ ਤੋਂ ਉਹ ਗੁਰੂ ਨਾਨਕ ਫੂਡ ਬੈਂਕ ਰਾਹੀਂ ਲੋੜਵੰਦ ਲੋਕਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੇਵਾ ਹਿਤ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ। ਗੁਰਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਲਈ ਉਨ੍ਹਾਂ ਦੀ ਚੋਣ ਨੂੰ ਬਹੁਤ ਸੁਚੱਜਾ ਕਾਰਜ ਦਸਦਿਆਂ ਸਾਰੇ ਬੁਲਾਰਿਆਂ ਨੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸ਼ਲਾਘਾ ਕੀਤੀ।
ਸਨਮਾਨਿਤ ਸ਼ਖ਼ਸੀਅਤ ਜਤਿੰਦਰ ਜੇ ਮਿਨਹਾਸ ਨੇ ਇਸ ਮਾਣ ਸਨਮਾਨ ਲਈ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਰਹੂਮ ਗੁਰਦੇਵ ਸਿੰਘ ਮਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਮਾਣਯੋਗ ਹਸਤੀ ਸਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਯਾਦ ਕਰਕੇ ਐਸੋਸੀਏਸ਼ਨ ਵੱਲੋਂ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਨਾਲ ਲੰਮੇਂ ਸਮੇਂ ਤੋਂ ਜੁੜੇ ਹੋਏ ਹਨ ਅਤੇ ਸਾਹਿਤਕਾਰਾਂ ਪ੍ਰਤੀ ਉਨ੍ਹਾਂ ਦੇ ਮਨ ਵਿਚ ਅਥਾਹ ਪਿਆਰ ਅਤੇ ਸਤਿਕਾਰ ਹੈ।
ਇਸ ਸਮਾਗਮ ਵਿਚ ਰੂਪਿੰਦਰ ਰੂਪੀ ਖੈਰ੍ਹਾ, ਸੁਰਜੀਤ ਸਿੰਘ ਮਾਧੋਪੁਰੀ, ਮਨਜੀਤ ਸਿੰਘ ਮੱਲ੍ਹਾ, ਅਮਰਜੀਤ ਜੋਸ਼, ਪਲਵਿੰਦਰ ਸਿੰਘ ਰੰਧਾਵਾ ਅਤੇ ਗੁਰਦੇਵ ਸਿੰਘ ਮਾਨ ਦੇ ਸਪੁੱਤਰ ਰਾਜਵੀਰ ਮਾਨ ਨੇ ਗੁਰਦੇਵ ਸਿੰਘ ਮਾਨ ਦੇ ਗੀਤ ਆਪਣੇ ਸੁਰੀਲੇ ਸੁਰਾਂ ਰਾਹੀਂ ਪੇਸ਼ ਕੀਤੇ। ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ, ਜਤਿੰਦਰ ਨਿੱਝਰ ਨੇ ਆਪਣੇ ਗੀਤ ਪੇਸ਼ ਕੀਤੇ ਅਤੇ ਗੁਰਦੇਵ ਸਿੰਘ ਮਾਨ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪ੍ਰਸਿੱਧ ਸ਼ਾਇਰ ਚਰਨ ਸਿੰਘ, ਰਣਜੀਤ ਸਿੰਘ ਨਿੱਝਰ, ਬਿੱਕਰ ਸਿੰਘ ਖੋਸਾ, ਹਰਦਮ ਸਿੰਘ ਮਾਨ, ਭੁਪਿੰਦਰ ਸਿੰਘ ਮੱਲ੍ਹੀ, ਪ੍ਰਿੰ. ਰਣਜੀਤ ਸਿੰਘ ਪੰਨੂ, ਕੁਲਦੀਪ ਕੌਰ ਪੰਨੂ, ਹਰਚੰਦ ਸਿੰਘ ਗਿੱਲ, ਹਰਪਾਲ ਸਿੰਘ ਬਰਾੜ, ਖੁਸ਼ਹਾਲ ਗਲੋਟੀ, ਚਮਕੌਰ ਸਿੰਘ ਸੇਖੋਂ, ਇੰਦਰਪਾਲ ਸਿੰਘ ਸੰਧੂ ਨੇ ਆਪਣੀਆਂ ਕਾਵਿ-ਰਚਨਾਵਾਂ ਅਤੇ ਵਿਚਾਰਾਂ ਰਾਹੀਂ ਗੁਰਦੇਵ ਸਿੰਘ ਮਾਨ ਨੂੰ ਯਾਦ ਕੀਤਾ।
ਸਮਾਗਮ ਵਿਚ ਮਰਹੂਮ ਮਾਨ ਦੇ ਪਰਿਵਾਰਕ ਮੈਂਬਰ ਦਲਜੀਤ ਕੌਰ ਮਾਨ (ਪੋਤਰੀ), ਯੁਵਕਰਨ ਸਿੰਘ ਪੜਪੋਤਰਾ, ਜਵਾਈ ਵਾਹਿਗੁਰੂ ਸਿੰਘ ਥਿੰਦ, ਬੇਟੀ ਰੁਪਿੰਦਰ ਕੌਰ ਥਿੰਦ, ਬੇਟਾ ਰਾਜਵੀਰ ਸਿੰਘ ਮਾਨ ਤੋਂ ਇਲਾਵਾ ਕੁਲਜਿੰਦਰ ਸਿੰਘ ਝੱਜ, ਰਾਜਨ ਝੱਜ, ਬਲਜੀਤ ਝੱਜ, ਹਾਕਮ ਸਿੰਘ, ਪ੍ਰਸਿੱਧ ਸ਼ਾਇਰ ਗੁਰਦਰਸ਼ਨ ਬਾਦਲ, ਰਵਿੰਦਰ ਸਿੰਘ ਆਹਲੂਵਾਲੀਆ, ਹਰਨੇਕ ਸਿੰਘ, ਜੋਗਿੰਦਰ ਸਿੰਘ ਮੱਲੀ, ਖੁਸ਼ਹਾਲ ਗਲੋਟੀ, ਨਾਹਰ ਸਿੰਘ ਢੇਸਾ, ਮੈਂਡੀ ਢੇਸਾ, ਅੰਤਰ ਪੰਮਾ, ਰਿਕੀ ਬਾਜਵਾ, ਹਰਪਾਲ ਬਰਾੜ ਟੋਰਾਂਟੋ, ਰਾਣੀ ਵਾਹਿਗੁਰੂ, ਸ਼ਬਨਮ ਮੱਲ੍ਹੀ, ਸੁਖਜੀਤ ਸੰਧੂ, ਡਾ: ਜੌਹਲ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦਾ ਸਮੁੱਚਾ ਸੰਚਾਲਨ ਪ੍ਰਿਤਪਾਲ ਗਿੱਲ ਨੇ ਆਪਣੇ ਬਾਖੂਬੀ ਅੰਦਾਜ਼ ਵਿਚ ਕੀਤਾ।

 

Have something to say? Post your comment

ਸੰਸਾਰ

ਸ਼ਹੀਦ ਭਾਈ ਗੁਰਦੇਵ ਸਿੰਘ ਜੀ ਧੀਰਪੁਰ ਦੀ 35ਵੀ ਬਰਸੀ ਮੌਕੇ ਕਲੋਨ ਵਿਖੇ ਹੋਏ ਸਮਾਗਮ

ਹਰਦਮ ਮਾਨ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਦਾ ਲੋਕ ਅਰਪਣ ਸਮਾਰੋਹ

ਅਮਰੀਕਾ ’ਚ ਸਿੱਖਾਂ ’ਤੇ ਹਮਲਾ ਕਰਨ ਵਾਲੇ ਵਰਨੌਨ ਡਗਲਸ ਦਾ ਹੋਇਆ ਕਤਲ

ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 103ਵਾਂ ਜਨਮ ਦਿਨ ਮਨਾਇਆ

ਹਿੰਦੁਸਤਾਨ ਨੇ ਮਨਮਾਨੇ ਢੰਗ ਨਾਲ ਬ੍ਰਿਟਿਸ਼ ਸਿੱਖ ਜੱਗੀ ਜੋਹਲ ਨੂੰ ਨਜ਼ਰਬੰਦ ਕੀਤਾ ਹੋਇਆ ਹੈ: ਬੋਰਿਸ ਜਾਨਸਨ

ਹਵਾਈ ਸਫਰ ’ਤੇ ਆਇਆ ਖਰਚ ਕੀਤਾ ਅਦਾ, ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ

ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਜਨਰਲ ਬਾਜਵਾ

ਚਮਕੌਰ ਸਿੰਘ ਸੇਖੋਂ ਦੀਆਂ ਪੁਸਤਕਾਂ ‘ਸੰਘਰਸ਼ੀ ਯੋਧੇ’ ਅਤੇ ‘ਖਾਲ਼ੀ ਪਿਆ ਪੰਜਾਬ ਕੁੜੇ’ ਦਾ ਲੋਕ ਅਰਪਣ ਸਮਾਗਮ

ਗਿਆਨ ਸਿੰਘ ਸੰਧੂ ਦੀਆਂ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਪੁਸਤਕਾਂ ਬਾਰੇ ਵਿਸ਼ੇਸ਼ ਸਮਾਰੋਹ 2 ਜੁਲਾਈ ਨੂੰ

ਬ੍ਰੈਂਪਟਨ ਵਿਚ ਤਿਨ ਦਿਨਾਂ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਸ਼ੁਰੂ - ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਨੇ ਕੀਤੀ ਸ਼ਮ੍ਹਾਂ ਰੌਸ਼ਨ