ਨਵੀਂ ਦਿੱਲੀ - ਤਖਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਰਮਿਆਨ ਬਣੇ ਤਣਾਅ ਅਤੇ ਖਾਲਸਾ ਜੀ ਦੇ ਧਾਰਮਕ-ਰਾਜਨੀਤਿਕ ਗਲਿਆਰਿਆਂ ਵਿਚ ਪੈਦਾ ਹੋਈ ਦੁਬਿਧਾ ਵਾਲੀ ਸਥਿਤੀ ਨੂੰ ਦੂਰ ਕਰਨ ਲਈ ਬੀਤੇ ਐਤਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਪੰਥਕ ਕਾਨਫਰੰਸ ਕਰਵਾਈ ਗਈ ਜਿਸ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਏ ਪੰਥਕ ਵਿਦਵਾਨਾਂ ਅਤੇ ਪੰਥਕ ਬੁਲਾਰਿਆਂ ਨੇ ਖਾਲਸਾ ਪੰਥ ਵਿਚ ਏਕਤਾ ਅਤੇ ਇਤਫਾਕ ਨੂੰ ਬਣਾਈ ਰੱਖਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਪੰਥਕ ਕਾਨਫਰੰਸ ਪੰਥਕ ਆਗੂ ਭਾਈ ਰਾਜਿੰਦਰ ਸਿੰਘ ਪੁਰੇਵਾਲ ਦੀ ਪਹਿਲ ਕਦਮੀ ਉਤੇ ਕਰਵਾਈ ਗਈ। ਇਸ ਕਾਨਫਰੰਸ ਵਿਚ ਲੱਗਭੱਗ ਹਰ ਕਿਸਮ ਦੇ ਵਿਚਾਰਾਂ ਅਤੇ ਵਿਚਾਰ-ਧਾਰਾਵਾਂ ਵਾਲੇ ਆਗੂਆਂ ਨੇ ਪੰਥ ਦੇ ਭਲੇ ਅਤੇ ਏਕੇ ਲਈ ਆਪਣੇ ਵਿਚਾਰ ਪ੍ਰਗਟ ਕੀਤੇ । ਗੁਰਦੁਆਰਾ ਸਾਹਿਬ ਦੇ ਜਨਰਲ ਸੈਕਟਰੀ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਆਖਿਆ ਕਿ ਵਰਤਮਾਨ ਸਮੇਂ ਦੋ ਤਖਤ ਸਾਹਿਬਾਨ ਦਰਮਿਆਨ ਜੋ ਤਕਰਾਰ ਚੱਲ ਰਿਹਾ ਹੈ ਉਹ ਖਾਲਸਾ ਪੰਥ ਦੀ ਏਕਤਾ ਅਤੇ ਪ੍ਰਤੀਬੱਧਤਾ ਨੂੰ ਢਾਹ ਲਗਾ ਰਿਹਾ ਹੈ ਇਸ ਲਈ, ਪੰਜ ਸਿੰਘ ਸਾਹਿਬਾਨ ਅਤੇ ਹੋਰ ਸੁਹਿਰਦ ਸਿੱਖ ਆਗੂਆਂ ਨੂੰ ਇਸ ਦੁਬਿਧਾ ਭਰੀ ਸਥਿਤੀ ਵਿਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ । ਉਹਨਾਂ ਕਾਨਫਰੰਸ ਵਿਚ ਪੇਸ਼ ਕੀਤੇ ਜਾਣ ਵਾਲੇ ਮਤਿਆਂ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ, ਸਿੰਘ ਸਭਾ ਡਰਬੀ ਦਾ ਹਮੇਸ਼ਾ ਹੀ ਇਹ ਯਤਨ ਰਿਹਾ ਹੈ ਕਿ ਹਰ ਪੰਥਕ ਮਸਲੇ ਬਾਰੇ ਉਹ ਪਹਿਲ ਕਦਮੀ ਕਰਕੇ ਵਿਦੇਸ਼ੀ ਸਿੱਖਾਂ ਦੇ ਵਿਚਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਤਖਤ ਸਾਹਿਬਾਨ ਤੱਕ ਪਹੁੰਚਦਾ ਕਰਨ।
ਪ੍ਰੋ: ਦਲਜੀਤ ਸਿੰਘ ਵਿਰਕ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਵਰਤਮਾਨ ਪੰਥਕ ਸੰਕਟ ਜਿਆਦਾ ਤਾਂ ਕੁਝ ਲੋਕਾਂ ਦੀ ਨਿੱਜੀ ਹਉਮੈਂ ਵਿੱਚੋਂ ਉਭਰਿਆ ਹੋਇਆ ਨਜ਼ਰ ਆਉਂਦਾ ਹੈ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦਰਮਿਆਨ ਪੈਦਾ ਹੋਏ ਭੁਲੇਖੇ ਕੁਝ ਸੁਹਿਰਦ ਸਿੱਖ ਵਿਦਵਾਨਾਂ ਦੇ ਸਹਿਯੋਗ ਨਾਲ ਨਿਪਟ ਗਏ ਸਨ ਪਰ ਕਿਸੇ ਵਿਅਕਤੀ ਨੇ ਆਪਣੀ ਵਿਸ਼ੇਸ਼ਤਾ ਨੂੰ ਉਜਾਗਰ ਕਰਨ ਲਈ ਇਨ੍ਹਾਂ ਨੂੰ ਤੂਲ ਦਿੱਤੀ ਹੈ। ਡਾ: ਗੁਰਨਾਮ ਸਿੰਘ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਸਾਡੇ ਉਤੇ ਨਾ ਕੇਵਲ ਰਾਜਸੀ ਹਮਲੇ ਹੋ ਰਹੇ ਹਨ ਬਲਕਿ ਇਸਦੇ ਨਾਲ ਹੀ ਕੌਮ ਉਤੇ ਸਿਧਾਂਤਕ ਹਮਲੇ ਵੀ ਹੋ ਰਹੇ ਹਨ ਜਿਨ੍ਹਾਂ ਦੇ ਟਾਕਰੇ ਲਈ ਸਾਨੂੰ ਆਪਣੇ ਆਰਥਕ ਸਰੋਤਾਂ ਨੂੰ ਡੂੰਘੀ ਖੋਜ ਅਤੇ ਸਿੱਖ ਇਤਿਹਾਸਕਾਰੀ ਵੱਲ ਲਗਾਉਣਾਂ ਚਾਹੀਦਾ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਸਾਡੇ ਜ਼ਿਆਦਾ ਸਰੋਤ ਇਮਾਰਤਾਂ ਉਸਾਰਨ ਤੇ ਹੀ ਲੱਗ ਰਹੇ ਹਨ, ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਖੋਜ ਉਤੇ ਬਹੁਤ ਘੱਟ ਸਰੋਤ ਲੱਗ ਰਹੇ ਹਨ। ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਕਿਹਾ ਕਿ ਅਸੀਂ ਰਹਿਤ ਮਰਯਾਦਾ ਦੇ ਜਾਂ ਹੋਰ ਛੋਟੇ ਮੋਟੇ ਮਤਭੇਦ ਪਾਸੇ ਰੱਖ ਕੇ ਸਾਂਝੀ ਪੰਥਕ ਸ਼ਕਤੀ ਦੇ ਤੌਰ ਤੇ ਵਿਚਰੀਏ।
ਸੁਪਰੀਮ ਸਿੱਖ ਕੌਂਸਲ ਦੇ ਨੁੰਮਾਇੰਦੇ ਭਾਈ ਚੰਦਰ ਸ਼ੇਖਰ ਸਿੰਘ ਗੁਰੂ ਨੇ ਕਿਹਾ ਕਿ ਆਪਾਂ ਵਿਦੇਸ਼ੀ ਸਿੱਖਾਂ ਦਾ ਇਕ ਸੰਗਠਨ ਬਣਾਈਏ ਜਿਸ ਵਿੱਚ ਹਰ ਮੁਲਕ ਵਿੱਚੋਂ ਪੰਜ ਸਿੰਘਾਂ ਨੂੰ ਲੈ ਲਿਆ ਜਾਵੇ ਤਾਂ ਕਿ ਉਹ ਪੰਥਕ ਸੰਗਠਨ ਵਿਦੇਸ਼ੀ ਸਿੱਖਾਂ ਦੀ ਅਵਾਜ਼ ਤਖਤ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਤੱਕ ਪਹੁੰਚਦੀ ਕਰੇ । ਅਵਤਾਰ ਸਿੰਘ ਪੱਤਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੂਹਾਨੀ ਸੰਕਲਪ ਦੀ ਫਿਲਾਸਫੀ ਅਤੇ ਇਸਦੇ ਸਿੱਖ ਮਾਨਸਿਕਤਾ ਨਾਲ ਗਹਿਰੇ ਰਿਸ਼ਤੇ ਦੀ ਵਿਆਖਿਆ ਕੀਤੀ, ਕਿ ਦੁਸ਼ਮਣ ਸਾਨੂੰ ਆਪਣੇ ਅਧਿਆਤਮਕ ਸੋਮੇ ਤੋਂ ਤੋੜਨ ਲਈ ਸਰਗਰਮੀ ਨਾਲ ਕਾਰਜ ਕਰ ਰਿਹਾ ਹੈ। ਦੁਸ਼ਮਣ ਦੇ ਇਸ ਹਮਲੇ ਨੂੰ ਪਛਾੜਨ ਲਈ ਇਕ ਤਾਂ ਸਾਨੂੰ ਆਪਣੀ ਇਤਿਹਾਸਕਾਰੀ ਅਤੇ ਖੋਜਪਰੰਪਰਾ ਨੂੰ ਮੁੜ ਤੋਂ ਸੰਗਠਿਤ ਕਰਨਾ ਪਵੇਗਾ ਦੂਜਾ ਸਾਨੂੰ ਉਨ੍ਹਾਂ ਧਾਰਮਕ ਵਖਰੇਵਿਆਂ ਨੂੰ ਉਛਾਲਣ ਤੋਂ ਗੁਰੇਜ ਕਰਨਾ ਪਵੇਗਾ ਜਿਹੜੇ ਅਕਸਰ ਹੀ ਸਾਡੀ ਏਕਤਾ ਦਰਮਿਆਨ ਆ ਖੜ੍ਹਦੇ ਹਨ। ਇਸ ਮੌਕੇ ਵਿਦਵਾਨ ਲੇਖਕ ਭਾਈ ਕੁਲਵੰਤ ਸਿੰਘ ਢੇਸੀ ਨੇ ਵੀ ਵਰਤਮਾਨ ਪੰਥਕ ਸੰਕਟ ਦੇ ਸੰਦਰਭ ਵਿਚ ਮਤਭੇਦ ਤਿਆਗ ਕੇ ਗੁਰੂ ਮਤ ਅਨੁਸਾਰ ਕਾਰਜ ਕਰਨ ਦੀ ਬੇਨਤੀ ਕੀਤੀ। ਰਾਮਗੜ੍ਹੀਆ ਕੌਂਸਲ ਯੂ ਕੇ ਦੇ ਸੇਵਾਦਾਰ ਭਾਈ ਰਣਜੀਤ ਸਿੰਘ ਸੀਹਰਾ ਨੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ। ਪੰਥਕ ਵਿਦਵਾਨ ਤੇ ਲੇਖਕ ਭਾਈ ਭਗਵਾਨ ਸਿੰਘ ਜੌਹਲ ਨੇ ਸੰਬੋਧਨ ਕਰਦੇ ਕਿਹਾ ਕਿ ਪੰਥ ਵਿੱਚ ਦੂਰੀਆਂ ਵਧ ਰਹੀਆਂ ਹਨ, ਪੰਥ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਸਾਰੀਆਂ ਧਿਰਾਂ ਨੂੰ ਪੰਥ ਲਈ ਸਮਰਪਿਤ ਹੋਣ ਦੀ ਲੋੜ ਹੈ ਤੇ ਇਹ ਦੂਰੀਆਂ ਮਿਟਾਉਣ ਵਿੱਚ ਹੀ ਪੰਥ ਦਾ ਭਲਾ ਹੈ । ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਪੰਥ ਦੀ ਅਜ਼ਾਦ ਹਸਤੀ ਖਾਲਿਸਤਾਨ ਕਾਇਮ ਕਰਕੇ ਹੀ ਹੋ ਸਕਦਾ ਹੈ । ਇਹਨਾਂ ਦੇ ਇਲਾਵਾ ਬਹੁਤ ਸਾਰੇ ਜਿਹੜੇ ਆਗੂ ਇਸ ਕਾਨਫਰੰਸ ਵਿੱਚ ਪਹੁੰਚ ਨਹੀਂ ਸਕੇ ਉਹਨਾਂ ਨੇ ਫੋਨ ਕਰਕੇ ਜਾਂ ਲਿਖ ਕੇ ਆਪਣੇ ਸੁਝਾਅ ਤੇ ਵਿਚਾਰ ਸਾਂਝੇ ਕਰਨ ਲਈ ਭੇਜੇ, ਉਹਨਾਂ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਸਪੋਕਸ ਪਰਸਨ ਭਾਈ ਜੋਗਾ ਸਿੰਘ, ਜਥੇਦਾਰ ਮਹਿੰਦਰ ਸਿੰਘ ਖਹਿਰਾ, ਭਾਈ ਅਵਤਾਰ ਸਿੰਘ ਸੰਘੇੜਾ, ਮਾਸਟਰ ਕੁਲਵਿੰਦਰ ਸਿੰਘ (ਸਰੀ ਕੈਨੇਡਾ), ਸ: ਗੁਰਦੇਵ ਸਿੰਘ ਚੌਹਾਨ ਪ੍ਰਧਾਨ (ਸ਼੍ਰੋ: ਅਕਾਲੀ ਦਲ ਯੂਕੇ), ਪ੍ਰਿੰਸੀਪਲ ਸੁਜਿੰਦਰ ਸਿੰਘ ਸੰਘਾ, ਭਾਈ ਗੁਰਦੇਵ ਸਿੰਘ ਜਥੇਦਾਰ (ਸਾਹਿਬਜ਼ਾਦਾ ਫਤਹਿ ਸਿੰਘ ਤਰਨਾ ਦਲ), ਸ: ਹਰਦਿਆਲ ਸਿੰਘ ਢਿੱਲੋਂ, ਸ: ਜਗਤਾਰ ਸਿੰਘ ਗਿੱਲ (ਗੁਰਦੁਆਰਾ ਏਡ), ਪ੍ਰੋ: ਬਲਵਿੰਦਰਪਾਲ ਸਿੰਘ, ਸ: ਪ੍ਰਮਿੰਦਰਪਾਲ ਸਿੰਘ ਖਾਲਸਾ (ਸਿੱਖ ਸੇਵਕ ਸੁਸਾਇਟੀ ਇੰ:) ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਗਿਆਨੀ ਤ੍ਰਿਬੇਦੀ ਸਿੰਘ ਆਦਿ ਸ਼ਾਮਿਲ ਹਨ।