ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੇ ਮੁਖੀ ਸ: ਕਰਮਸਰ ਨੇ ਦੱਸਿਆ ਕਿ 27 ਜੁਲਾਈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ, ਲੱਖੀਸ਼ਾਹ ਵੰਜਾਰਾ ਹਾਲ ਵਿਖੇ ਇਸਤਰੀ ਸਤਸੰਗ ਜੱਥਿਆਂ ਦਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਆਈਆਂ ਹੋਈਆਂ ਇਸਤਰੀ ਜੱਥਿਆਂ ਦੀਆਂ ਬੀਬੀਆਂ ਇਕ ਮੰਚ ‘ਤੇ ਕੀਰਤਨ ਕਰਨਗੀਆਂ। ਇਸ ਸਮਾਗਮ ਦੀ ਰੂਪਰੇਖਾ ਬਣਾਉਣ ਲਈ ਦਿੱਲੀ ਕਮੇਟੀ ਦੀ ਐਗਜ਼ਿਕਿਊਟਿਵ ਮੈਂਬਰ ਬੀਬੀ ਰਣਜੀਤ ਕੌਰ ਅਤੇ ਹੋਰ ਬੀਬੀਆਂ ਨਾਲ ਇਕ ਮੀਟਿੰਗ ਧਰਮ ਪ੍ਰਚਾਰ ਦਫ਼ਤਰ ‘ਚ ਕੀਤੀ ਗਈ। ਸ: ਕਰਮਸਰ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਜ ਪਾਠ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਇੱਕ ਲੱਖ ਤੋਂ ਵੱਧ ਸੰਗਤਾਂ ਸਹਜ ਪਾਠ ਵਿਚ ਸ਼ਾਮਿਲ ਹੋ ਰਹੀਆਂ ਹਨ। ਇਹਨਾਂ ਸਾਰੇ ਪਾਠਾਂ ਦੇ ਭੋਗ 24 ਨਵੰਬਰ ਨੂੰ ਲਾਲ ਕਿਲੇ ਦੇ ਉਸ ਸਥਾਨ ‘ਤੇ ਪਾਏ ਜਾਣਗੇ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਹੁਕਮ ਮਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਹਰ ਮਹੀਨੇ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ ਅਤੇ 27 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ 350 ਸਾਲਾ ਸ਼ਤਾਬਦੀ ਸਮਾਰੋਹ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਸਮਾਪਤ ਕੀਤਾ ਜਾਵੇਗਾ। ਇਸ ਮੌਕੇ ਦੇਸ਼ ਦੇ ਵੱਖ-ਵੱਖ ਰਾਜਿਆਂ ਤੋਂ ਨਗਰ ਕੀਰਤਨ ਵੀ ਦਿੱਲੀ ਪਹੁੰਚ ਰਹੇ ਹਨ। ਇਸ ਮੌਕੇ ‘ਤੇ ਸਰਵ ਧਰਮ ਸੰਮੇਲਨ, ਕਵੀ ਦਰਬਾਰ, ਕੀਰਤਨ ਦਰਬਾਰ ਆਦਿ ਸਮਾਗਮ ਵੀ ਕਰਵਾਏ ਜਾਣਗੇ।