ਨਵੀਂ ਦਿੱਲੀ– ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜੇ ਸਾਹਿਬ ਨੂੰ ਲੈ ਕੇ ਦਿੱਲੀ ਦੇ ਗੁਰਦੁਆਰਾ ਮੋਤੀ ਸਾਹਿਬ ਤੋਂ ਚਲ ਕੇ "ਚਰਨ ਸੁਹਾਵੇ ਗੁਰੂ ਚਰਨ ਯਾਤਰਾ" ਤਖ਼ਤ ਪਟਨਾ ਸਾਹਿਬ ਪਹੁੰਚੀ, ਜਿਥੇ ਗੁਰੂ ਸਾਹਿਬ ਅਤੇ ਮਾਤਾ ਜੀ ਦੇ ਜੋੜੇ ਸਾਹਿਬ ਨੂੰ ਸਦਾ ਲਈ ਤਖ਼ਤ ਪਟਨਾ ਸਾਹਿਬ ਦੇ ਦੀਵਾਨ ਹਾਲ ਦੇ ਪਿੱਛੇ ਗੁੰਬਦ ਵਿਚ ਸੁਸ਼ੋਭਤ ਕੀਤਾ ਗਿਆ, ਤਾਂ ਜੋ ਸੰਗਤ ਉਨ੍ਹਾਂ ਦੇ ਦਰਸ਼ਨ ਕਰ ਸਕੇ। ਇਸ ਮੌਕੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੇ ਪਰਿਵਾਰ ਸਮੇਤ ਹਾਜ਼ਰੀ ਭਰ ਕੇ ਗੁਰੂ ਚਰਨ ਯਾਤਰਾ ਦਾ ਸਮਾਪਨ ਕਰਵਾਇਆ। ਇਸ ਮੌਕੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ, ਪ੍ਰਧਾਨ ਜਗਜੋਤ ਸਿੰਘ ਸੋਹੀ, ਮਹਾਸਚਿਵ ਇੰਦਰਜੀਤ ਸਿੰਘ, ਸੀਨੀਅਰ ਉਪ ਪ੍ਰਧਾਨ ਲਖਵਿੰਦਰ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਮੀਡੀਆ ਪ੍ਰਭਾਰੀ ਸੁਦੀਪ ਸਿੰਘ, ਸੁਮਿਤ ਸਿੰਘ ਕਲਸੀ, ਸੁਪਰਿੰਟੈਂਡੈਂਟ ਦਲਜੀਤ ਸਿੰਘ ਅਤੇ ਮੈਨੇਜਰ ਪਪੀੰਦਰ ਸਿੰਘ ਨੇ ਯਾਤਰਾ ਵਿਚ ਸ਼ਾਮਲ ਪੰਜ ਪਿਆਰੇ ਸਾਹਿਬਾਨ ਅਤੇ ਸ. ਹਰਦੀਪ ਸਿੰਘ ਪੁਰੀ ਪਰਿਵਾਰ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਸ. ਜਗਜੋਤ ਸਿੰਘ ਸੋਹੀ ਸਮੇਤ ਹੋਰ ਕਮੇਟੀ ਮੈਂਬਰਾਂ ਨੇ ਇਰਪ੍ਰੀਤ ਸਿੰਘ ਬਖ਼ਸ਼ੀ, ਯਾਤਰਾ ਦੇ ਕੋਆਰਡੀਨੇਟਰ ਜਸਬੀਰ ਸਿੰਘ ਧਾਮ ਅਤੇ ਇੰਚਾਰਜ ਹਰਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ।
ਸ. ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਗੁਰੂ ਚਰਨ ਯਾਤਰਾ ਕੱਲ੍ਹ ਸਸਾਰਾਮ ਤੋਂ ਚਲ ਕੇ ਦੇਰ ਰਾਤ ਗੁਰਦੁਆਰਾ ਗੁਰੂ ਦਾ ਬਾਗ ਪਹੁੰਚੀ ਸੀ, ਜਿਥੋਂ ਅੱਜ ਸਵੇਰੇ ਨਗਰ ਕੀਰਤਨ ਦੇ ਰੂਪ ਵਿਚ ਤਖ਼ਤ ਪਟਨਾ ਸਾਹਿਬ ਲਈ ਰਵਾਨਾ ਹੋਈ, ਜਿਥੇ ਗੁਰੂ ਸਾਹਿਬ ਅਤੇ ਮਾਤਾ ਸਾਹਿਬ ਦੇ ਜੋੜੇ ਸਾਹਿਬ ਨੂੰ ਦੀਵਾਨ ਹਾਲ ਦੇ ਪਿੱਛੇ ਗੁੰਬਦ ਵਿਚ ਸਦਾ ਲਈ ਸੁਸ਼ੋਭਤ ਕਰ ਦਿੱਤਾ ਗਿਆ ਹੈ, ਤਾਂ ਜੋ ਸੰਗਤ ਉਨ੍ਹਾਂ ਦੇ ਦਰਸ਼ਨ ਕਰ ਸਕੇ।