ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਹਰ ਸਾਲ ਦੀ ਤਰ੍ਹਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਸਰੋਵਰ ’ਤੇ ਸਿੱਖ ਸਾਹਿਬ ਅਤੇ ਚਿੱਤਰਾਂ ਦੀ ਪ੍ਰਦਰਸ਼ਨੀ ਅੱਜ ਸ਼ੁਰੂ ਹੋ ਗਈ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ ਜਿਸ ਉਪਰੰਤ ਪ੍ਰਦਰਸ਼ਨੀ ਸ਼ੁਰੂ ਹੋਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੈਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਕੰਢੇ ਹਰ ਸਾਲ ਗੁਰਪੁਰਬ ਮੌਕੇ ਇਹ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਜਿਸਦਾ ਮਕਸਦ ਇਹ ਹੈ ਕਿ ਸਿੱਖ ਸੰਗਤ ਖਾਸ ਤੌਰ ’ਤੇ ਸਿੱਖ ਵਿਦਿਆਰਥੀ ਆਪਣੇ ਸਾਹਿਤ ਤੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ। ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਵਿਸ਼ਵ ਪੱਧਰ ’ਤੇ ਪਬਲੀਸ਼ਰਾਂ ਦੀਆਂ ਕਿਤਾਬਾਂ ਪ੍ਰਦਰਸ਼ਨੀ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਹਰ ਸਾਲ ਲੱਖਾਂ ਰੁਪਏ ਮੁੱਲ ਦੀਆਂ ਪੁਸਤਕਾਂ ਸਾਹਿਤ ਦੇ ਚਾਹਵਾਨਾਂ ਵੱਲੋਂ ਇਥੇ ਲਈਆਂ ਜਾਂਦੀਆਂ ਹਨ ਤੇ ਅੱਗੇ ਸਿੱਖ ਸੰਗਤ ਵਿਚ ਵੀ ਵੰਡੀਆਂ ਜਾਂਦੀਆਂ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਸੰਗਤਾਂ ਇਸ ਪ੍ਰਦਰਸ਼ਨੀ ਨੂੰ ਵੀ ਹਰ ਸਾਲ ਵਾਂਗੂ ਵੱਧ ਤੋਂ ਵੱਧ ਹੁੰਗਾਰਾ ਦੇਣਗੀਆਂ।