ਅੰਮ੍ਰਿਤਸਰ - ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 3 ਨਵੰਬਰ ਨੂੰ ਹੋਣ ਜਾ ਰਹੇ ਜਰਨਲ ਇਜਲਾਸ ਵਿਚ ਆਪੋ ਆਪਣੀ ਪਾਰਟੀ ਵਲੋ ਪ੍ਰਧਾਨ ਅਤੇ ਬਾਕੀ ਆਹੁਦੇਦਾਰਾਂ ਦੇ ਨਾਵਾਂ ਤੇ ਵਿਚਾਰ ਕਰਨ ਲਈ ਅੱਜ ਸ਼ੋ੍ਰਮਣੀ ਅਕਾਲੀ ਦਲ ਤੇ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਮੈਂਬਰਾਂ ਤੇ ਆਹੁਦੇਦਾਰਾਂ ਨਾਲ ਵਿਚਾਰ ਕਰਨ ਲਈ ਗੁਰੂ ਨਗਰੀ ਅੰਮ੍ਰਿਤਸਰ ਵਿਚ ਮੀਟਿੰਗਾਂ ਕਰਨਗੇ। ਜਾਣਕਾਰੀ ਮੁਤਾਬਿਕ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪੀਤ ਸਿੰਘ ਨੇ ਅੱਜ ਦਿਨ ਦੇ ਇਕ ਵਜੇ ਪਾਰਟੀ ਦੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਤੇ ਹੋਰ ਆਹੁਦੇਦਾਰਾਂ ਦੀ ਮੀਟਿੰਗ ਬੁਲਾਈ ਹੈ ਜਿਸ ਵਿਚ ਪਾਰਟੀ ਵਲੋ ਪ੍ਰਧਾਨ ਦੇ ਉਮੀਦਵਾਰ ਦੇ ਨਾਮ ਤੇ ਵਿਚਾਰ ਕੀਤੀ ਜਾਵੇਗੀ। ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੈਂਬਰਾਂ ਦੀ ਮੀਟਿੰਗ ਸ਼ਾਮ 4 ਵਜੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੂੰਦਰੀ ਹਾਲ ਵਿਚ ਬੁਲਾਈ ਹੈ, ਜਿਸ ਵਿਚ ਪਾਰਟੀ ਵਲੋ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਦੇ ਨਾਵਾਂ ਬਾਰੇ ਮੈਂਬਰਾਂ ਦੀ ਰਾਏ ਲਈ ਜਾਵੇਗੀ। ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦਾ ਧਿਆਨ ਅੱਜ ਹੋਣ ਜਾ ਰਹੀਆਂ ਇਨਾਂ ਮੀਟਿੰਗਾਂ ਤੇ ਲਗਾ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ੋ੍ਰਮਣੀ ਕਮੇਟੀ ਦੇ ਜਰਨਲ ਹਾਉਸ ਲਈ 170 ਮੈਂਬਰ ਵੋਟਾ ਰਹੀ ਚੁਣੇ ਜਾਂਦੇ ਹਨ ਤੇ ਦੇਸ਼ ਭਰ ਵਿਚੋ 15 ਮੈਂਬਰ ਨਾਮਜਦ ਕੀਤੇ ਜਾਂਦੇ ਹਨ। ਇਸ ਦੇ ਨਾਲ ਨਾਲ 5 ਤਖ਼ਤ ਸਾਹਿਬਾਨ ਦੇ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵੀ ਜਰਨਲ ਹਾਉਸ ਦੇ ਮੈਂਬਰ ਹੁੰਦੇ ਹਨ, ਪਰ ਸਿੱਖ ਗੁਰਦਵਾਰਾ ਐਕਟ ਮੁਤਾਬਿਕ ਜਥੇਦਾਰ ਤੇ ਹੈਡ ਗ੍ਰੰਥੀ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਹੁੰਦਾ। ਮੌਜੂਦਾ ਹਾਉਸ ਵਿਚ 185 ਮੈਂਬਰਾਂ ਵਿਚੋ 34 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ, 4 ਮੈਂਬਰ ਅਸਤੀਫਾ ਦੇ ਚੁੱਕੇ ਹਨ, ਜਦਕਿ 2 ਮੈਂਬਰਾਂ ਕੋਲੋ ਵੋਟ ਪਾਉਣ ਦਾ ਅਧਿਕਾਰ ਵਾਪਿਸ ਲੈ ਲਿਆ ਗਿਆ ਹੈ। ਇਸ ਤਰ੍ਹਾਂ ਨਾਲ ਕੁਲ 145 ਮੈਂਬਰ ਆਪਣੀ ਵੋਟ ਦੀ ਵਰਤੋ ਕਰਨਗੇ। ਬੀਤੇ ਵਰ੍ਹੇ ਹੋਈਆਂ ਜਰਨਲ ਹਾਉਸ ਦੀਆ ਚੋਣਾ ਵਿਚ 142 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕੀਤੀ ਸੀ ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 107 ਵੋਟਾਂ ਮਿਲੀਆਂ ਹਨ।ਵਿਰੋਧੀ ਧਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 33 ਵੋਟਾਂ ਹਾਸਲ ਹੋਈਆਂ ਸਨ। 2 ਵੋਟਾਂ ਰਦ ਹੋ ਗਈਆਂ ਸਨ। ਇਸ ਵਾਰ ਅਕਾਲੀ ਦਲ ਪੁਨਰ ਸੁਰਜੀਤ ਦੇ 2 ਮੈਂਬਰ ਸ੍ਰ ਇੰਦਰ ਮੋਹਨ ਸਿੰਘ ਲਖਮੀਰ ਵਾਲਾ ਤੇ ਬਾਬਾ ਗੁਰਮੀਤ ਸਿੰਘ ਤਿਲੋਕੇ ਵਾਲਾ ਵੀ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ।