ਨਵੀਂ ਦਿੱਲੀ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਬਿਹਾਰ ਚੋਣਾਂ ਵਿੱਚ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਨ ਤਰੀਕੇ ਨਾਲ ਸਮਾਪਤ ਹੋਣ ਲਈ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਨੇ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਉਨ੍ਹਾਂ ਨੂੰ ਅੱਗੇ ਵੀ ਸੇਵਾ ਕਰਨ ਦਾ ਮੌਕਾ ਬਖ਼ਸ਼ਣ। ਇਸ ਮੌਕੇ ‘ਤੇ ਮੰਤਰੀ ਅਸ਼ੋਕ ਚੌਧਰੀ ਅਤੇ ਵਿਜੈ ਚੌਧਰੀ ਵੀ ਹਾਜ਼ਰ ਸਨ। ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਨੇ ਮੁੱਖ ਮੰਤਰੀ ਜੀ ਨੂੰ ਸਿਰੋਪਾ ਭੇਂਟ ਕੀਤਾ। ਤਖ਼ਤ ਸਾਹਿਬ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਗੁਰੂ ਤੇਗ਼ ਬਹਾਦੁਰ ਜੀ ਮਹਾਰਾਜ ਦੇ ਸ਼ਹੀਦੀ ਸ਼ਤਾਬਦੀ ਪੁਰਬ ਮਨਾਉਣ ਵਿੱਚ ਬਿਹਾਰ ਸਰਕਾਰ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਜੋੜਾ ਸਾਹਿਬ ਦੇ ਵੀ ਦਰਸ਼ਨ ਕੀਤੇ। ਸਰਦਾਰ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਮੁੱਖ ਮੰਤਰੀ ਨੀਤਿਸ਼ ਕੁਮਾਰ ਦਾ ਸਹਿਯੋਗ ਹਮੇਸ਼ਾਂ ਤਖ਼ਤ ਪਟਨਾ ਸਾਹਿਬ ਕਮੇਟੀ ਨੂੰ ਮਿਲਦਾ ਰਿਹਾ ਹੈ, ਕਿਉਂਕਿ ਗੁਰੂ ਮਹਾਰਾਜ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਪੂਰੀ ਸ਼ਰਧਾ ਹੈ। ਉਹ ਅਕਸਰ ਤਖ਼ਤ ਸਾਹਿਬ ਨਤਮਸਤਕ ਹੋ ਕੇ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਕਰਦੇ ਹਨ, ਚਾਹੇ ਉਹ ਪ੍ਰਕਾਸ਼ ਪੁਰਬ ਦੇ ਸਮਾਗਮ ਹੋਣ ਜਾਂ ਗੁਰਦੁਆਰਾ ਰਾਜਗੀਰ ਦੇ ਨਿਰਮਾਣ ਤੇ ਰਖ ਰਖਾਵ ਨਾਲ ਸੰਬੰਧਿਤ ਕੰਮ। ਸੰਗਤ ਦੀ ਵੱਧਦੀ ਆਮਦ ਨੂੰ ਦੇਖਦੇ ਹੋਏ ਸਰਕਾਰੀ ਪਰਿਸਰ ਵੀ ਸੰਗਤ ਦੀ ਰਹਾਇਸ਼ ਲਈ ਉਪਲਬਧ ਕਰਵਾਏ ਜਾਂਦੇ ਹਨ। ਗੁਰਦੁਆਰਾ ਗੁਰੂ ਕਾ ਬਾਗ ਵਿੱਚ ਸਰਕਾਰ ਵੱਲੋਂ ਪ੍ਰਕਾਸ਼ ਪੁੰਜ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿੱਥੇ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ ਹਨ। ਅੰਤ ਵਿੱਚ, ਸਰਦਾਰ ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਤਖ਼ਤ ਸਾਹਿਬ ਕਮੇਟੀ ਅਤੇ ਸਿੱਖ ਸੰਗਤ ਦੀ ਵੀ ਅਰਦਾਸ ਹੈ ਕਿ ਗੁਰੂ ਮਹਾਰਾਜ ਮੁੱਖ ਮੰਤਰੀ ਜੀ ਨੂੰ ਅੱਗੇ ਵੀ ਸੇਵਾ ਦਾ ਮੌਕਾ ਅਤੇ ਤੰਦਰੁਸਤੀ ਬਖ਼ਸ਼ਣ ਤਾਂ ਜੋ ਉਹ ਹੋਰ ਵੀ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ।