ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਆਪਣੀ ਪਾਰਟੀ ਦੀ ਲਾਮਿਸਾਲ ਕਾਰਗੁਜ਼ਾਰੀ ਨੂੰ ਸਾਰੀਆਂ ਅਕਾਲੀ ਵਿਰੋਧੀ, ਪੰਜਾਬੀ ਵਿਰੋਧੀ ਤੇ ਪੰਥਕ ਤਾਕਤਾਂ ਵਿਰੋਧੀ ਸ਼ਕਤੀਆਂ ਖਿਲਾਫ ਨੈਤਿਕ ਜਿੱਤ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਪੰਜਾਬ ਪੁਲਿਸ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਵੱਡੀ ਸ਼ਰਮਨਾਕ ਹਾਰ ਹੈ।
ਉਹਨਾਂ ਕਿਹਾ ਕਿ ਪੰਜਾਬ ਦੀ ਖੇਤਰੀ ਆਵਾਜ਼ ਦੇ ਮੁੜ ਉਭਾਰ ਨੇ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਅਤੇ ਉਹਨਾਂ ਦੇ ਸਾਜ਼ਿਸ਼ਕਾਰਾਂ ਨੂੰ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਦਕਾ ਪੰਜਾਬ ਵਿਚ 2027 ਵਿਚ ਸਾਰੇ ਪੰਜਾਬੀਆਂ ਦੀ ਪੰਥਕ ਸਰਕਾਰ ਦੀ ਵਾਪਸੀ ਦਾ ਰਾਹ ਸਾਫ ਹੋ ਗਿਆ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ’ਤੇ ਚੁਟਕੀ ਲੈਂਦਿਆਂ ਕਿਹਾ ਪੰਜਾਬ ਦੇ ਡੀ ਜੀ ਪੀ ਤੇ ਉਹਨਾਂ ਦੇ ਅਫਸਰਾਂ ਨੂੰ ਆਪਣੀ ਸਹੁੰ ਦਾ ਮਖੌਡ ਉਡਾਉਣ ਅਤੇ ਆਪ ਦੇ ਪਾਰਟੀ ਵਰਕਰਾਂ ਵਜੋਂ ਕੰਮ ਕਰਨ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮੈਂ ਡੀ ਜੀ ਪੀ ਗੌਰਵ ਯਾਦਵ ਅਤੇ ਉਹਨਾਂ ਦੀ ਟੀਮ ਨੂੰ ਜਿਸ ਵਿਚ ਸੂਬੇ ਦੇ ਖੁਫੀਆ ਤੰਤਰ ਮੁਖੀ ਪੀ ਕੇ ਸਿਨਹਾ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ ਆਈ ਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ, ਤਰਨ ਤਾਰਨ, ਅੰਮ੍ਰਿਤਸਰ ਦਿਹਾਡੀ, ਬਟਾਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਐਸ ਐਸ ਪੀਜ਼ ਨੂੰ ਵਧਾਈ ਦਿੰਦਾ ਹਾਂ ਜਿਹਨਾਂ ਨੇ ਪੰਜਾਬ ਪੁਲਿਸ ਦੇ ਉਮੀਦਵਾਰ ਹਰਮੀਤ ਸੰਧੂ ਦੀ ਤਰਨ ਤਾਰਨ ਜ਼ਿਮਨੀ ਚੋਣ ਵਿਚ ਜਿੱਤ ਯਕੀਨੀ ਬਣਾਈ।
ਰੱਬ ਲੋਕਤੰਤਰ ਦੀ ਰਾਖੀ ਕਰੇ:
ਆਪਣੀ ਪਾਰਟੀ ਦੇ ਸਿਆਸੀ ਵਿਰੋਧੀਆਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕਾਂਗਰਸ, ਆਪ ਤੇ ਭਾਜਪਾ ਅਤੇ ਅਖੌਤੀ ਪੰਥਕ ਦਲਾਂ ਨੇ ਖਾਲਸਾ ਪੰਥ ਵਾਸਤੇ ਕੱਖ ਨਹੀਂ ਕੀਤਾ ਤੇ ਸਿਰਫ ਕੂੜ ਪ੍ਰਚਾਰ ਅਤੇ ਨਫਰਤ ਭਰਿਆ ਪ੍ਰਚਾਰ ਹੀ ਕੀਤਾ ਹੈ ਜਿਸਦਾ ਮਕਸਦ ਪੰਥ ਅਤੇ ਪੰਜਾਬ ਨੂੰ ਉਹਨਾਂ ਦੀ ਆਪਣੀ ਮਾਂ ਪਾਰਟੀ ਅਕਾਲੀ ਦਲ ਦੇ ਖਿਲਾਫ ਗੁੰਮਰਾਹ ਕਰਨਾ ਹੀ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਗੁਪਤ ਤੌਰ ’ਤੇ ਸਾਜ਼ਿਸ਼ ਰਚਦਿਆਂ ਪੰਜਾਬੀਆਂ ਨੂੰ ਆਪਣੀ ਹੀ ਖੇਤਰੀ ਪਾਰਟੀ ਅਤੇ ਪੰਥਕ ਆਵਾਜ਼ ਤੋਂ ਵਿਰਵਾ ਕੀਤਾ ਹੈ। ਉਹਨਾਂ ਕਿਹਾ ਕਿ ਮੰਦੇਭਾਗਾਂ ਨੂੰ ਕੁਝ ਸਮੇਂ ਤੱਕ ਇਹਨਾਂ ਦੇ ਝੂਠ ਸਫਲ ਵੀ ਹੋਏ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਕਹਿਣ ਮੁਤਾਬਕ ਓੜਕ ਸੱਚ ਰਹੀ ਤੇ ਅੰਤ ਵਿਚ ਪੰਥ ਤੇ ਪੰਜਾਬ ਦੀ ਜਿੱਤ ਹੋਵੇਗੀ ਤੇ ਸੱਚਾਈ ਦੀ ਜਿੱਤ ਹੋਵੇਗੀ।
ਸਰਦਾਰ ਬਾਦਲ ਨੇ ਕਿਹਾ ਕਿ ਤਰਨ ਤਾਰਨ ਵਿਚ ਲੜਾਈ ਪੰਜਾਬ ਅਤੇ ਪੰਥ ਜਿਸਦੀ ਨੁਮਾਇੰਦਗੀ ਅਕਾਲੀ ਦਲ ਕਰਦਾ ਸੀ ਅਤੇ ਦੂਜੇ ਪਾਸੇ ਸਰਕਾਰੀ ਜ਼ਬਰ ਤੇ ਇਸਦੀ ਪੁਲਿਸ ਵਿਚਾਲੇ ਸੀ ਜਿਸ ਵਿਚ ਸਾਜ਼ਿਸਕਾਰਤਾ ਵੀ ਦੂਜੀ ਧਿਰ ਦੇ ਨਾਲ ਸਨ। ਉਹਨਾਂ ਕਿਹਾ ਕਿ ਇਸ ਗੁਪਤ ਸਮਝੌਤੇ ਤੇ ਵੋਟਾਂ ਦੇ ਤਬਾਦਲੇ ਦੇ ਸਮਝੌਤੇ ਦੇ ਬਾਵਜੂਦ ਅਕਾਲੀ ਦਲ ਅਤੇ ਪੰਥਕ ਉਭਾਰ ਨੂੰ ਰੋਕਿਆ ਨਹੀਂ ਜਾ ਸਕਿਆ।
ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਵੀ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਕਰਨ ’ਤੇ ਡਟੇ ਹੋਏ ਸਨ, ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਅਤੇ ਕਾਂਗਰਸ ਤੇ ਭਾਜਪਾ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਸਰਦਾਰ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਨੇ ਵੀ ਵੇਖ ਲਿਆ ਹੈ ਕਿ ਕੌਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਡੇ ਖਿਲਾਫ ਵਰਤੋਂ ਕਰਦਾ ਹੈ। ਉਹਨਾਂ ਕਿਹਾ ਕਿ ਪੰਥ ਅਤੇ ਪੰਜਾਬ ਨੇ ਇਹਨਾਂ ਸਾਜ਼ਿਸ਼ ਘਾੜਿਆਂ ਨੂੰ ਇਹਨਾਂ ਦੀ ਥਾਂ ਵਿਖਾਈ ਹੈ ਅਤੇ ਸਰਕਾਰ ਤੇ ਹੋਰ ਪੰਥ ਵਿਰੋਧੀ ਤਾਕਤਾਂ ਦੀ ਸ਼ਹਿ ਪ੍ਰਾਪਤ ਇਹਨਾਂ ਤਾਕਤਾਂ ਨੂੰ ਇਹਨਾਂ ਦੀ ਥਾਂ ਵਿਖਾਈ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਤਰਨ ਤਾਰਨ ਸਾਹਿਬ ਹਲਕੇ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਸਰਕਾਰੀ ਜ਼ਬਰ ਦੇ ਖਿਲਾਫ ਖਾਸ ਤੌਰ ’ਤੇ ਪੁਲਿਸ ਦੀ ਦੁਰਵਰਤੋਂ, ਧਮਕੀਆਂ, ਹਿੰਸਾ ਅਤੇ ਪੈਸੇ ਦੀ ਤਾਕਤ ਦੇ ਖਿਲਾਫ ਡੱਟ ਕੇ ਹੌਂਸਲਾ ਵਿਖਾਇਆ ਅਕਾਲੀ ਦਲ ਦੇ ਪੰਥਕ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਡੱਟ ਕੇ ਵੋਟਾਂ ਪਾਈਆਂ।
ਉਹਨਾਂ ਨੇ ਆਪਣੀ ਪਾਰਟੀ ਦੇ ਬਹਾਦਰ ਯੋਧਿਆਂ ਅਤੇ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਡੱਟ ਕੇ ਕੰਮ ਕੀਤਾ ਅਤੇ ਪੁਲਿਸ ਦੇ ਜ਼ਬਰ ਤੇ ਅਫਸਰਸ਼ਾਹੀ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ।