ਚੰਡੀਗੜ੍ਹ-ਮਿਸ਼ਨ ਚੜ੍ਹਦੀ ਕਲਾ ਅਧੀਨ ਹੜ੍ਹਾਂ ਅਤੇ ਮੀਂਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਹਤ ਰਾਸ਼ੀ ਵੰਡ ਦੀ ਪ੍ਰੀਕਿਰਿਆ ਲਗਾਤਾਰ ਜਾਰੀ ਹੈ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜ਼ਿਲ੍ਹਿਆਂ ਵਿਚ ਕਰਵਾਏ ਗਏ ਸਮਾਗਮ ਦੌਰਾਨ 17 ਕਰੋੜ ਰੁਪਏ ਤੋਂ ਵੱਧ ਦੀ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਨੂੰ ਵੰਡੀ ਗਈ।
ਇਸ ਮੁਹਿੰਮ ਅਧੀਨ ਅੱਜ ਕੈਬਨਿਟ ਮੰਤਰੀ ਸ੍ਰ.ਹਰਜੋਤ ਸਿੰਘ ਬੈਂਸ ਨੇ ਪਿੰਡ ਜ਼ਿੰਦਵੜੀ ਵਿੱਚ ਹੋਏ ਫਸਲ ਮੁਆਵਜ਼ਾ ਵੰਡ ਸਮਾਗਮ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਹੜ੍ਹ ਪੀੜਤਾਂ ਨੂੰ ਲਗਭਗ 2 ਕਰੋੜ 26 ਲੱਖ ਰੁਪਏ ਦਾ ਫਸਲ ਮੁਆਵਜ਼ਾ ਵੰਡਿਆ ਗਿਆ।
ਸ.ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀਆਂ ਸਬ ਡਵੀਜ਼ਨਾਂ ਵੱਲੋਂ ਵੰਡੇ ਗਏ ਮੁਆਵਜ਼ੇ ਦਾ ਵੇਰਵਾ ਸਾਂਝਾ ਕੀਤਾ। ਅੱਜ 70 ਕਿਸਾਨਾਂ ਨੂੰ 72, 12, 000 ਰੁਪਏ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ, 101 ਕਿਸਾਨਾਂ ਨੂੰ 58, 89, 000 ਰੁਪਏ ਸਬ ਡਵੀਜ਼ਨ ਨੰਗਲ ਵੱਲੋਂ ਅਤੇ 35 ਕਿਸਾਨਾਂ ਨੂੰ 89, 68, 000 ਰੁਪਏ ਸਬ ਡਵੀਜ਼ਨ ਰੂਪਨਗਰ ਵੱਲੋਂ ਮੁਆਵਜ਼ੇ ਵਜੋਂ ਵੰਡੇ ਗਏ ਹਨ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ 1330 ਕਿਸਾਨਾਂ ਨੂੰ 5.86 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡੀ।
ਰਾਹਤ ਵੰਡ ਪ੍ਰਕਿਰਿਆ ਦੇ ਤੀਜੇ ਪੜਾਅ ਦੇ ਲਗਾਤਾਰ ਚੌਥੇ ਦਿਨ ਸੂਬਾ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਤਹਿਤ ਆਪਣੀ ਵਿਆਪਕ ਪਹੁੰਚ ਨੂੰ ਜਾਰੀ ਰੱਖਦਿਆਂ ਸੂਬੇ ਭਰ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ।
ਬੁਲਾਰੇ ਨੇ ਦੱਸਿਆ ਕਿ ਅੱਜ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਭੈਣੀ ਕਾਦਰ ਬਖ਼ਸ਼ ਤੇ ਪੱਸਣ ਕਦੀਮ ਦੇ ਲੋਕਾਂ ਨੂੰ 40 ਲੱਖ ਰੁਪੈ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ ।
ਬੁਲਾਰੇ ਨੇ ਦੱਸਿਆ ਕਿ ਮਿਸਨ ਚੜ੍ਹਦੀ ਕਲਾ ਅਧੀਨ ਅੱਜ 380 ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਣ ਲਈ ਤਲਵੰਡੀ ਸਾਬੋ ਅਤੇ ਮੌੜ ਵਿਖੇ ਸਮਾਗਮ ਕਰਵਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਚੀਫ ਵਿੱਪ ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਭਾਰੀ ਬਰਸਾਤ ਤੇ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 80 ਵਿਅਕਤੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ।
ਬੁਲਾਰੇ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਮੌੜ ਹਲਕੇ ਵਿੱਚ ਭਾਰੀ ਬਰਸਾਤ ਜਾਂ ਹੜ੍ਹ ਵਰਗੇ ਹਾਲਾਤ ਨਾਲ ਪ੍ਰਭਾਵਿਤ 300 ਲੋਕਾਂ ਨੂੰ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ।
ਬੁਲਾਰੇ ਨੇ ਦੱਸਿਆ ਕਿ ਅੱਜ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ 17 ਪਿੰਡਾਂ ਵਿੱਚ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਕਰੀਬ 1350 ਲਾਭਪਾਤਰੀਆਂ ਨੂੰ 5.83 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇ ਮਨਜੂਰੀ ਪੱਤਰ ਜਾਰੀ ਕੀਤੇ।
ਬੁਲਾਰੇ ਨੇ ਦੱਸਿਆ ਕਿ ਵਿਧਾਨ ਫਿਰੋਜ਼ਪੁਰ ਸ਼ਹਿਰੀ ਤੋਂ ਸ. ਰਣਬੀਰ ਸਿੰਘ ਭੁੱਲਰ ਵੱਲੋਂ ਪਿੰਡ ਕਾਮਲ ਵਾਲਾ ( ਮੁੱਠਿਆਂਵਾਲਾ) ਅਤੇ ਬਾਲਾ ਮੇਘਾ ਵਿਖੇ ਪਹੁੰਚ ਕੇ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ 1 ਕਰੋੜ 5 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ।
ਬੁਲਾਰੇ ਨੇ ਦੱਸਿਆ ਕਿ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਵੱਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਵਿਖੇ ਕਿਸਾਨਾਂ ਨੂੰ 1 ਕਰੋੜ 57 ਲੱਖ ਦੀ ਮੁਆਵਜਾ ਰਾਸ਼ੀ ਵੰਡੀ।
ਜ਼ਿਕਰਯੋਗ ਹੈ ਕਿ ਪੰਜਾਬ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਹਰ ਪ੍ਰਭਾਵਿਤ ਪਰਿਵਾਰ ਤੱਕ ਪਾਰਦਰਸ਼ਤਾ ਨਾਲ ਰਾਹਤ ਪਹੁੰਚਾਈੇ ਜਾਵੇ।
ਦੱਸਣਯੋਗ ਹੈ ਕਿ ਨੁਕਸਾਨੇ ਗਏ ਘਰਾਂ ਲਈ ਵਿੱਤੀ ਸਹਾਇਤਾ 6, 500 ਰੁਪਏ ਤੋਂ ਵਧਾ ਕੇ 40, 000 ਰੁਪਏ ਪ੍ਰਤੀ ਘਰ ਕਰ ਦਿੱਤੀ ਗਈ ਹੈ ਜਦਕਿ ਫ਼ਸਲ ਖ਼ਰਾਬੇ ਲਈ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਪ੍ਰਤੀ ਏਕੜ 20, 000 ਰੁਪਏ ਦਿੱਤੇ ਜਾ ਰਹੇ ਹਨ, ਜੋ ਦੇਸ਼ ਵਿੱਚ ਹੁਣ ਤੱਕ ਦਿੱਤਾ ਗਿਆ ਸਭ ਤੋਂ ਵੱਧ ਫ਼ਸਲੀ ਮੁਆਵਜ਼ਾ ਹੈ। ਸੂਬਾ ਸਰਕਾਰ ਵੱਲੋਂ ਪ੍ਰਭਾਵਿਤ ਪਰਿਵਾਰਾਂ ਲਈ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਦੁਧਾਰੂ ਪਸ਼ੂ 37, 500 ਰੁਪਏ, ਪ੍ਰਤੀ ਗ਼ੈਰ-ਦੁਧਾਰੂ ਪਸ਼ੂ 32, 000 ਰੁਪਏ, ਪ੍ਰਤੀ ਵੱਛਾ 20, 000 ਰੁਪਏ ਅਤੇ ਪ੍ਰਤੀ ਪੋਲਟਰੀ ਪੰਛੀ 100 ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ ਹੈ।