ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 27 ਦਸੰਬਰ ਮਨਾਇਆ ਜਾਏਗਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇੱਕੋ ਦਿਨ ਆ ਰਹੇ ਹਨ । ਜਿਸਦੇ ਕਾਰਨ ਸੰਗਤ ਵਿੱਚ ਦੁਬਿਧਾ ਹੈ । ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਾਡੀ ਅਪੀਲ ਹੈ ਕਿ ਦਸਵੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਲਈ ਕੋਈ ਹੋਰ ਤਰੀਕ ਤੈਅ ਕੀਤੇ ਜਾਵੇ ਤਾਂ ਜੋ ਸੰਗਤ ਦੋਵੇਂ ਦਿਹਾੜੇ ਸ਼ਰਧਾ ਤੇ ਸਤਿਕਾਰ ਸਹਿਤ ਮਨਾ ਸਕੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਸੰਗਤਾਂ ਦੇ ਬਹੁਤ ਫੋਨ ਅਤੇ ਸੁਨੇਹੇ ਆ ਰਹੇ ਹਨ ਇਸ ਲਈ ਮੇਰੀ ਅਪੀਲ ਹੈ ਕਿ ਇਸ ਬਾਰੇ ਜਲਦ ਫ਼ੈਸਲਾ ਲੈ ਕੇ ਸੰਗਤਾਂ ਦੀ ਦੁਬਿਧਾ ਨੂੰ ਖ਼ਤਮ ਕਰਦਿਆਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਏ ।