ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਾਪਾਨ ਦੇ ਕਾਰੋਬਾਰੀ ਦਿੱਗਜ਼ਾਂ ਅੱਗੇ ਸੂਬੇ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦਿਆਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ।
ਆਪਣੀ ਜਾਪਾਨ ਫੇਰੀ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਜੇਬੀਆਈਸੀ, ਆਈਸਨ ਇੰਡਸਟਰੀ, ਯਾਮਾਹਾ, ਹੌਂਡਾ ਮੋਟਰ, ਜੇਆਈਸੀਏ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ, ਟੋਰੇ ਇੰਡਸਟਰੀਜ਼, ਪਾਰਲੀਮੈਂਟਰੀ ਵਾਈਸ-ਮਨਿਸਟਰ ਆਫ਼ ਇਕਨਾਮੀ, ਵਪਾਰ ਅਤੇ ਉਦਯੋਗ (ਐਮਈਟੀਆਈ), ਫੁਜਿਤਸੂ ਲਿਮਟਿਡ ਅਤੇ ਹੋਰਾਂ ਨਾਲ ਗੱਲਬਾਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਭਗਵੰਤ ਸਿੰਘ ਮਾਨ ਨੇ ਐਡਵਾਂਸਡ ਮੈਨੂਫੈਕਚਰਿੰਗ, ਮੋਬਿਲਟੀ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ ਅਤੇ ਗਲੋਬਲ ਸਰਵਿਸਿਜ਼ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਜਾਪਾਨ ਨਾਲ ਰਣਨੀਤਕ ਸਮਝੌਤੇ ਦੀ ਇੱਛਾ ਪ੍ਰਗਟਾਈ । ਉਨ੍ਹਾਂ ਨੇ ਜਾਪਾਨੀ ਕੰਪਨੀਆਂ ਨੂੰ ਸੂਬੇ ਵਿੱਚ ਉੱਭਰ ਰਹੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦਾ ਭਵਿੱਖ ਇਨ੍ਹਾਂ ਖੇਤਰਾਂ ਦੀਆਂ ਜ਼ਰੂਰਤਾਂ ਅਨੁਸਾਰ ਨਵਾਂ ਰੂਪ ਲੈ ਰਿਹਾ ਹੈ।
ਮੁੱਖ ਮੰਤਰੀ ਨੇ ਨਿਵੇਸ਼ਕਾਂ ਨੂੰ 13-15 ਮਾਰਚ 2026 ਨੂੰ ਆਈਐਸਬੀ ਮੋਹਾਲੀ ਕੈਂਪਸ, ਪੰਜਾਬ ਵਿਖੇ ਹੋਣ ਵਾਲੇ 6ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਤਰੱਕੀ ਨੂੰ ਦਰਸਾਉਂਦਾ ਹੈ, ਜੋ ਵੱਡੇ ਕਾਰੋਬਾਰੀ ਦਿੱਗਜ਼ਾਂ ਨੂੰ ਇੱਕ ਮੰਚ 'ਤੇ ਲਿਆ ਕੇ ਭਾਈਵਾਲੀ ਅਤੇ ਸਹਿਯੋਗ ਦੇ ਨਵੇਂ ਮੌਕੇ ਪੇਸ਼ ਕਰੇਗਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਅਤੇ ਜਾਪਾਨ ਵਿਸ਼ਵਾਸ, ਗੁਣਵੱਤਾ ਅਤੇ ਲੰਬੇ ਸਮੇਂ ਦੀ ਵਚਨਬੱਧਤਾ ਨਾਲ ਡੂੰਘੇ ਵਪਾਰਕ ਸਬੰਧਾਂ ਦੀ ਸਮਰੱਥਾ ਰੱਖਦੇ ਹਨ ਅਤੇ ਸੂਬਾ ਸਰਕਾਰ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ।
ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਜ਼ਬੂਤ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਰਾਹੀਂ ਵਿਕਾਸ ਤੇ ਖੁਸ਼ਹਾਲੀ ਦਾ ਸਾਂਝਾ ਭਵਿੱਖ ਸਿਰਜਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਆਪਣੇ ਹਿੰਮਤੀ ਸੁਭਾਅ, ਲਚਕੀਲੇਪਣ, ਸਖ਼ਤ ਮਿਹਨਤ, ਉੱਦਮੀ ਭਾਵਨਾ, ਰਚਨਾਤਮਕਤਾ ਅਤੇ ਆਪਸੀ ਭਾਈਚਾਰੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਹਮੇਸ਼ਾ ਭਾਰਤ ਦੇ ਵਿਕਾਸ ਵਿੱਚ ਖਾਸ ਕਰਕੇ ਦੇਸ਼ ਨੂੰ ਅੰਨ ਉਤਪਾਦਨ ਵਿੱਚ ਸਵੈ-ਨਿਰਭਰ ਬਣਾਉਣ ਲਈ ਵੱਡੀ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਆਧੁਨਿਕ ਉਦਯੋਗ, ਤਕਨਾਲੋਜੀ ਅਤੇ ਵਿਸ਼ਵਵਿਆਪੀ ਸਹਿਯੋਗ ਲਈ ਇੱਕ ਮੋਹਰੀ ਕੇਂਦਰ ਬਣਨ ਦੀ ਦਿਸ਼ਾ ਵਿੱਚ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ।
ਜਾਪਾਨੀ ਉਦਯੋਗ ਨਾਲ ਪੰਜਾਬ ਦੇ ਮਜ਼ਬੂਤ ਅਤੇ ਉਸਾਰੂ ਸਬੰਧਾਂ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਬਦਲਦੇ ਉਦਯੋਗਿਕ ਮਾਹੌਲ ਦੇ ਅਗਲੇ ਪੜਾਅ ਦਾ ਹਿੱਸਾ ਬਣਨ ਦਾ ਨਿੱਘਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵਾਸ, ਅਨੁਸ਼ਾਸਨ ਅਤੇ ਲੰਬੇ ਸਮੇਂ ਦੀ ਭਾਈਵਾਲੀ ਦੀਆਂ ਕਦਰਾਂ ਕੀਮਤਾਂ ਪੰਜਾਬ ਅਤੇ ਜਾਪਾਨ ਦੀ ਬੁਨਿਆਦ ਹਨ, ਜੋ ਸੂਬੇ ਲਈ ਹੋਰ ਵੀ ਮਹੱਤਵਪੂਰਨ ਹੋ ਸਕਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਾਪਾਨੀ ਕੰਪਨੀਆਂ ਨੇ ਆਪਣੇ ਕਾਰੋਬਾਰ ਨਾਲ ਪੰਜਾਬ ਵਿੱਚ ਪਹਿਲਾਂ ਹੀ ਵੱਡੀ ਸਫ਼ਲਤਾ ਦਰਜ ਕੀਤੀ ਹੈ ਅਤੇ ਹੁਣ ਇਥੋਂ ਦੀਆਂ ਹੋਰ ਨਾਮੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਲਈ ਆਪਣਾ ਵਿਸ਼ਵਾਸ ਅਤੇ ਰੁਚੀ ਦਿਖਾਈ ਹੈ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਿਵੇਸ਼ ਲਈ ਦਿੱਤੇ ਨਿੱਘੇ ਸੱਦੇ ਪ੍ਰਤੀ ਜਾਪਾਨੀ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਦੀ ਡੂੰਘੀ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਨਿਵੇਸ਼ ਨਾਲ ਨਾ ਸਿਰਫ਼ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ ਬਲਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਬਲ ਦੇਣਗੇ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਜਾਪਾਨੀ ਨਿਵੇਸ਼ਕਾਂ ਨੂੰ ਹਰ ਪੱਖੋਂ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।