ਲੁਧਿਆਣਾ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿੱਚ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦੋ ਰੋਜਾ ਗੁਲਦਾਉਦੀ ਸ਼ੋਅ ਅੱਜ ਸ਼ੁਰੂ ਹੋ ਗਿਆ| ਇਹ ਸ਼ੋਅ ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਆਰਗੇਨਾਈਜੇਸਨ ਦੁਆਰਾ ਸਾਂਝੇ ਤੌਰ ’ਤੇ ਆਯੋਜਿਤ ਕੀਤਾ ਗਿਆ ਅਤੇ ਉੱਘੇ ਪੰਜਾਬੀ ਕਵੀ ਭਾਈ ਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ | ਇਸ ਸ਼ੋਅ ਵਿਚ ਲੁਧਿਆਣਾ ਅਤੇ ਆਸ ਪਾਸ ਦੇ ਫੁੱਲ ਪ੍ਰੇਮੀ ਅਤੇ ਸੰਸਥਾਵਾਂ ਗੁਲਦਾਉਦੀ ਨੂੰ ਮਾਨਣ ਦੇ ਨਾਲ-ਨਾਲ ਸੰਬੰਧਿਤ ਮੁਕਾਬਲਿਆਂ ਵਿਚ ਹਿੱਸਾ ਵੀ ਲੈ ਰਹੇ ਹਨ|
ਇਸ ਸ਼ੋਅ ਦਾ ਉਦਘਾਟਨ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਫੁੱਲ ਮਨੁੱਖੀ ਭਾਵਨਾਵਾਂ ਅਤੇ ਕੁਦਰਤ ਦਾ ਪ੍ਰਤੀਕ ਹਨ, ਫੁੱਲਾਂ ਰਾਹੀਂ ਕਿਸੇ ਮਨੁੱਖ ਦੇ ਜਜ਼ਬਿਆਂ ਦਾ ਭਰਪੂਰ ਪ੍ਰਗਟਾਵਾ ਹੋਣ ਦੇ ਨਾਲ-ਨਾਲ ਕੁਦਰਤ ਨਾਲ ਮਨੁੱਖੀ ਨੇੜਤਾ ਦਾ ਇਜ਼ਹਾਰ ਵੀ ਹੁੰਦਾ ਹੈ| ਡਾ. ਗੋਸਲ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸ਼ੋਅ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਭਾਈ ਵੀਰ ਸਿੰਘ ਨਾਲ ਜੋੜਿਆ ਜਾਂਦਾ ਹੈ | ਭਾਈ ਵੀਰ ਸਿੰਘ ਨੂੰ ਕਵਿਤਾ, ਕੁਦਰਤ ਅਤੇ ਬਨਸਪਤੀ ਦੇ ਭਰਪੂਰ ਜੋਬਨ ਦੇ ਬਿਆਨ ਕਰਤਾ ਵਜੋਂ ਦੇਖਿਆ ਜਾਂਦਾ ਹੈ| ਉਹਨਾਂ ਨੇ ਗੁਲਾਬ ਤੋਂ ਲੈ ਕੇ ਗੁਲਦਾਉਦੀ ਤੱਕ ਹਰ ਫੁੱਲਾਂ ਨੂੰ ਆਪਣੀ ਕਵਿਤਾ ਵਿੱਚ ਕੁਦਰਤ ਦੇ ਸੁਹੱਪਣ ਦੇ ਰੂਪ ਵਿੱਚ ਪੇਸ਼ ਕੀਤਾ| ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਸੁਨੇਹਾ ਵੀ ਪ੍ਰਸਾਰਿਤ ਕੀਤਾ ਹੈ | ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਨਿੱਜੀ ਤੌਰ ਤੇ ਆਪਣੇ ਘਰਾਂ ਅਤੇ ਦਫ਼ਤਰਾਂ ਦੁਆਲੇ ਫੁੱਲ ਬੀਜਣ ਵਾਲੇ ਪ੍ਰੇਮੀਆਂ ਦੇ ਨਾਲ-ਨਾਲ ਫੁੱਲਾਂ ਦੀ ਵਪਾਰਕ ਖੇਤੀ ਨੂੰ ਵੀ ਬਰਾਬਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ| ਇਸ ਨਜ਼ਰੀਏ ਤੋਂ ਗੁਲਦਾਉਦੀ ਦੀਆਂ ਅਨੇਕ ਕਿਸਮਾਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਵਿਕਸਿਤ ਕਰਕੇ ਜਾਰੀ ਕੀਤੀਆਂ ਹਨ| ਡਾ. ਗੋਸਲ ਨੇ ਪ੍ਰਦਰਸ਼ਿਤ ਫੁੱਲਾਂ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ| ਨਾਲ ਹੀ ਉਹਨਾਂ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ|
ਪੀ.ਏ.ਯੂ. ਦੇ ਫਲੋਰੀਕਲਚਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਏ ਪੀ ਐੱਸ ਗਿੱਲ ਅਤੇ ਵਿਭਾਗ ਦੇ ਸਾਬਕਾ ਮੁਖੀ ਡਾ. ਜੇ ਐੱਸ ਅਰੋੜਾ ਨੇ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋ ਕੇ ਗੁਲਦਾਉਦੀ ਦੀਆਂ ਪ੍ਰਦਰਸ਼ਿਤ ਕਿਸਮਾਂ ਦਾ ਆਨੰਦ ਮਾਣਿਆ| ਨਾਲ ਹੀ ਉਹਨਾਂ ਨੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸ਼ਲਾਘਾ ਵੀ ਕੀਤੀ|
ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸ਼ੋਅ ਦੀ ਸ਼ੁਰੂਆਤ ਯੂਨੀਵਰਸਿਟੀ ਵੱਲੋਂ ਗੁਲਦਾਉਦੀ ਦੇ ਫੁੱਲਾਂ ਬਾਰੇ ਦਿਲਚਸਪੀ ਪੈਦਾ ਕਰਨ ਲਈ 1996 ਵਿਚ ਕੀਤੀ ਗਈ ਸੀ| ਉਦੋਂ ਤੋਂ ਇਸ ਸ਼ੋਅ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ| ਡਾ. ਪਰਮਿੰਦਰ ਸਿੰਘ ਅਨੁਸਾਰ ਪ੍ਰਸਿੱਧ ਉਰਦੂ ਕਵੀ ਜਨਾਬ ਸਾਹਿਰ ਲੁਧਿਆਣਵੀਂ ਦੀ ਯਾਦ ਵਿਚ ਯੂਨੀਵਰਸਿਟੀ ਨੇ ਇਕ ਨਵੀਂ ਕਿਸਮ ਗੁਲ-ਏ-ਸਾਹਿਰ ਵੀ ਜਾਰੀ ਕੀਤੀ ਹੈ| ਉਹਨਾਂ ਦੱਸਿਆ ਕਿ 90 ਤੋਂ ਵਧੇਰੇ ਕਿਸਮਾਂ ਦੀ ਗੁਲਦਾਉਦੀ ਦੇ ਗਮਲੇ ਇਸ ਸ਼ੋਅ ਵਿਚ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ ਅਤੇ 12 ਵਰਗਾਂ ਵਿਚ ਗੁਲਦਾਉਦੀ ਦੇ ਮੁਕਾਬਲੇ ਵੀ ਹੋ ਰਹੇ ਹਨ| ਇਹਨਾਂ ਵਿਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਮਪੋਨ, ਬਟਨ, ਸਿੰਗਲ/ਡਬਲ ਕੋਰੀਅਨ, ਸਪੂਨ, ਐਨੀਮੋਨ ਆਦਿ ਪ੍ਰਮੁੱਖ ਹਨ| ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਫੱੁਲਾਂ ਦੀ ਖੋਜ ਕਰਨ ਦੇ ਪੱਖੋਂ ਉਹਨਾਂ ਦਾ ਵਿਭਾਗ ਭਾਰਤੀ ਖੇਤੀ ਖੋਜ ਪ੍ਰੀਸਦ ਦਾ ਪ੍ਰਮੁੱਖ ਕੇਂਦਰ ਹੈ| ਉਨ੍ਹਾਂ ਕਿਹਾ ਕਿ ਇਸ ਸੋਅ ਦਾ ਮੁੱਖ ਉਦੇਸ ਲੋਕਾਂ ਨੂੰ ਲੈਂਡਸਕੇਪ ਦੀ ਵਰਤੋਂ ਅਤੇ ਵਪਾਰਕ ਖੇਤੀ ਲਈ ਗੁਲਦਾਉਦੀ ਦੇ ਫੁੱਲ ਉਗਾਉਣ ਲਈ ਪ੍ਰੇਰਿਤ ਕਰਨਾ ਹੈ|
ਭਿੰਨ-ਭਿੰਨ ਰੰਗਾਂ ਵਿੱਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸਕਾਂ ਦੀਆਂ ਅੱਖਾਂ ਨੂੰ ਮੋਹ ਲਿਆ |
ਕੈਂਪਸ ਦੇ ਅੰਦਰ ਅਤੇ ਬਾਹਰੋਂ ਵੱਡੀ ਗਿਣਤੀ ਵਿੱਚ ਲੋਕ ਸੋਅ ਨੂੰ ਦੇਖਣ ਲਈ ਪਹੁੰਚੇ| ਇਹ ਸੋਅ 3 ਦਸੰਬਰ, 2025 ਨੂੰ ਸਾਮ 5.00 ਵਜੇ ਤੱਕ ਦਰਸਕਾਂ ਲਈ ਖੁੱਲ੍ਹਾ ਰਹੇਗਾ| ਇਸ ਸ਼ੋਅ ਵਿਚ ਸੈਲਾਨੀਆਂ ਲਈ ਵਿੰਟਰ ਕੁਈਨ, ਔਟਮਜੋਏ, ਪੰਜਾਬ ਸ਼ਿੰਗਾਰ, ਰੀਗਲ ਵਾਈਟ, ਰਾਇਲ ਪਰਪਲ, ਮਦਰ ਟੇਰੇਸਾ, ਯੈਲੋ ਚਾਰਮ ਆਦਿ ਕਿਸਮਾਂ ਮੁੱਖ ਆਕਰਸਣ ਹਨ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਅਪਰ ਨਿਰਦੇਸ਼ਕ ਪਸਾਰ ਸਿਖਿੱਆ ਡਾ. ਜੀ ਪੀ ਐੱਸ ਸੋਢੀ, ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਅਤੇ ਉੱਘੀਆਂ ਹਸਤੀਆਂ ਸ਼੍ਰੀ ਤੇਜ ਪ੍ਰਤਾਪ ਸਿੰਘ ਸੰਧੂ ਅਤੇ ਸ਼੍ਰੀ ਗੁਰਪ੍ਰੀਤ ਤੂਰ ਵੀ ਮੌਜੂਦ ਸਨ|