ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਾਂਗਰਸ ਪਾਰਟੀ 'ਤੇ ਮੁੱਖ ਮੰਤਰੀ ਦੀ ਕੁਰਸੀ ਦੀ ਕਥਿਤ 'ਸੇਲ' ਨਾਲ ਜੁੜੇ 500 ਕਰੋੜ ਰੁਪਏ ਅਤੇ 350 ਕਰੋੜ ਰੁਪਏ ਦੇ ਸਵਾਲਾਂ ਦਾ ਜਵਾਬ ਨਾ ਦੇਣ 'ਤੇ ਤਿੱਖਾ ਹਮਲਾ ਕੀਤਾ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਾਂਗਰਸ ਤੋਂ ਪੁੱਛਿਆ ਕਿ ਉਹ ਜਵਾਬ ਕਿਉਂ ਨਹੀਂ ਦੇ ਰਹੀ ਕਿ ਇਹ 500 ਕਰੋੜ ਰੁਪਏ ਅਤੇ 350 ਕਰੋੜ ਰੁਪਏ ਦਾ ਖੇਡ ਕੀ ਸੀ? ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਪਹਿਲਾਂ ਰਾਤੋ-ਰਾਤ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਅੱਤਲ ਕੀਤਾ। ਫਿਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਫੜਾ ਦਿੱਤਾ। ਕੀ ਇਸ ਨੋਟਿਸਬਾਜ਼ੀ ਨਾਲ ਪੰਜਾਬੀਆਂ ਨੂੰ ਉਨ੍ਹਾਂ ਦੇ ਸਵਾਲ ਦਾ ਜਵਾਬ ਮਿਲ ਜਾਵੇਗਾ ਕਿ ਸੀਐਮ ਦੀ ਕੁਰਸੀ ਸੇਲ 'ਤੇ ਲੱਗੀ ਸੀ?
ਪੰਨੂ ਨੇ ਕਾਂਗਰਸ ਤੋਂ ਇਹ ਵੀ ਪੁੱਛਿਆ ਕਿ ਇਸ ਪੈਸੇ ਦੀ ਅਸਲ ਕਹਾਣੀ ਕੀ ਸੀ? ਇਹ ਪੈਸਾ ਕਿੱਥੋਂ ਇਕੱਠਾ ਕੀਤਾ ਜਾਂਦਾ ਸੀ? ਕੀ ਇਹ ਕਿਸੇ ਇੰਡਸਟਰੀ, ਪ੍ਰਾਈਵੇਟ ਸਕੂਲਾਂ, ਹਸਪਤਾਲਾਂ ਤੋਂ ਵਸੂਲਿਆ ਜਾਂਦਾ ਸੀ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ 'ਫਾਈਲਾਂ' ਦੀ ਗੱਲ ਕਰਦੇ ਹਨ, ਉਸੇ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਇਹ ਕੁਲੈਕਸ਼ਨ ਕੀਤੀ ਜਾਂਦੀ ਸੀ? ਇਹ ਦੋ ਰੇਟ ਕਿਉਂ ਸਨ? ਕੀ 500 ਕਰੋੜ 5 ਸਾਲਾਂ ਲਈ ਸੀ ਜਾਂ ₹350 ਕਰੋੜ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਤੋਂ ਬਾਅਦ ਜਿਹੜੀ ਬਚੀ ਹੋਈ ਟਰਮ ਸੀ, ਉਸ ਲਈ ਸਨ?
ਪੰਨੂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਇਸ ਮਾਮਲੇ 'ਤੇ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ ਜਾਖੜ ਖੁਦ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਇਸ ਲਈ ਉਨ੍ਹਾਂ ਨੂੰ ਪਤਾ ਹੋਵੇਗਾ ਕਿ 350 ਕਰੋੜ ਕਿਸ ਨੂੰ ਜਾ ਰਿਹਾ ਸੀ ਅਤੇ 500 ਕਰੋੜ ਦੀ ਡੀਲ ਕਿਸ ਦੀ ਹੋ ਰਹੀ ਸੀ। ਜਦੋਂ ਜਾਖੜ ਸਾਹਿਬ ਖੁਦ ਸੀਐਮ ਦੀ ਦੌੜ ਵਿੱਚ ਸਨ, ਤਾਂ ਉਨ੍ਹਾਂ ਤੋਂ ਵੀ 350 ਕਰੋੜ ਰੁਪਏ ਮੰਗੇ ਗਏ ਹੋਣਗੇ। ਜਾਖੜ ਸਾਹਿਬ ਦੱਸਣ ਕਿ ਇਹ ਪੈਸਾ ਕਿਸ ਨੇ ਮੰਗਿਆ ਸੀ?
ਪੰਨੂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਅਪੀਲ ਕੀਤੀ ਕਿ ਉਹ ਜਾਖੜ ਸਾਹਿਬ ਅਤੇ ਉਨ੍ਹਾਂ ਦੀ ਹੀ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਬਿਠਾ ਕੇ ਪੰਜਾਬ ਦੀ ਜਨਤਾ ਨੂੰ ਸੱਚਾਈ ਦੱਸਣ। ਉਹ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣ ਕਿ ਜਦੋਂ ਉਹ ਸੀਐਮ ਬਣੇ ਸਨ ਤਾਂ ਉਨ੍ਹਾਂ ਨੇ ਕਿੰਨੇ ਪੈਸੇ ਕਿਸ ਨੂੰ ਦਿੱਤੇ ਸਨ ਅਤੇ ਕੁਲੈਕਸ਼ਨ ਕਿਸ ਰੂਪ ਵਿੱਚ ਹੁੰਦੀ ਸੀ। ਕੀ ਉਸ ਕੁਲੈਕਸ਼ਨ ਦਾ ਕੁਝ ਹਿੱਸਾ ਸਾਡੇ ਗੁਆਂਢੀ ਦੇਸ਼ ਵਿੱਚ ਵੀ ਗਿਆ? ਕੈਪਟਨ ਅਮਰਿੰਦਰ ਸਿੰਘ ਤੋਂ ਇਹ ਵੀ ਕਲੀਅਰ ਕਰਵਾ ਲੈਣ।
ਪੰਨੂ ਨੇ ਕਿਹਾ ਕਿ ਕਾਂਗਰਸ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਨੋਟਿਸ ਦੇ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਦੁਆਰਾ ਨਵਜੋਤ ਕੌਰ ਨੂੰ ਨੋਟਿਸ ਭੇਜਣ 'ਤੇ ਪੰਨੂ ਨੇ ਉਨ੍ਹਾਂ ਤੋਂ ਸਵਾਲ ਕੀਤਾ ਕਿ ਕੁਝ ਮਹੀਨੇ ਪਹਿਲਾਂ ਜਦੋਂ ਇੱਕ ਗੈਂਗਸਟਰ ਦੀ ਮਾਂ ਨੇ ਉਨ੍ਹਾਂ 'ਤੇ ਦੋਸ਼ ਲਗਾਏ ਸਨ, ਤਦ ਉਨ੍ਹਾਂ ਨੇ ਕੋਈ ਲੀਗਲ ਨੋਟਿਸ ਕਿਉਂ ਨਹੀਂ ਦਿੱਤਾ ਸੀ?
ਪੰਨੂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ, ਜਿਨ੍ਹਾਂ 'ਤੇ 350 ਕਰੋੜ ਰੁਪਏ ਦੇ ਇਲਜ਼ਾਮ ਲੱਗ ਰਹੇ ਹਨ, ਨੇ ਅਜੇ ਤੱਕ ਕੋਈ ਜਵਾਬ ਕਿਉਂ ਨਹੀਂ ਦਿੱਤਾ, ਉਹ ਚੁੱਪ ਕਿਉਂ ਹਨ? ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨੂੰ ਵੀ ਚੁਣੌਤੀ ਦਿੱਤੀ ਕਿ ਉਹ ਪੰਜਾਬ ਦੀ ਜਨਤਾ ਨੂੰ ਦੱਸਣ ਕਿ ਉਨ੍ਹਾਂ ਕੋਲ ਕਿਹੜੇ ਸਬੂਤ ਅਤੇ ਫਾਈਲਾਂ ਹਨ।