ਨਵੀਂ ਦਿੱਲੀ- ਸਿੱਖ ਕੌਮ ਲਈ ਇਤਿਹਾਸਕ ਮੌਕੇ ਵਜੋਂ ਇਸ ਵਾਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦੇਸ਼-ਵਿਦੇਸ਼ ਦੀ ਸਮੁੱਚੀ ਸੰਗਤ ਵੱਲੋਂ 18 ਜੂਨ ਨੂੰ ਇਕੋ ਤਾਰੀਖ਼ ‘ਤੇ ਮਨਾਇਆ ਜਾਵੇਗਾ। ਇਸ ਸਬੰਧੀ 100 ਸ਼ਰਧਾਲੂਆਂ ਦਾ ਜੱਥਾ ਅੱਜ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਜੱਥੇ ਦੀ ਅਗਵਾਈ ਕਮੇਟੀ ਦੇ ਮੁੱਖ ਸਲਾਹਕਾਰ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਕਰਨਗੇ। ਆਗੂਆਂ ਨੇ ਕਿਹਾ ਕਿ ਪਿਛਲੇ 13 ਸਾਲਾਂ ਤੋਂ ਗੁਰਪੁਰਬਾਂ ਅਤੇ ਸੰਗਰਾਂਦ ਦੀਆਂ ਤਾਰੀਖਾਂ ਨੂੰ ਲੈ ਕੇ ਬਣੀ ਦੁਬਿਧਾ ਕਾਰਨ ਵੱਖ-ਵੱਖ ਥਾਵਾਂ ‘ਤੇ ਵੱਖਰੇ ਦਿਨ ਮਨਾਏ ਜਾਂਦੇ ਸਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਲੀਡਰਸ਼ਿਪ ਦੇ ਸਾਂਝੇ ਯਤਨਾਂ ਨਾਲ ਇਹ ਦੁਬਿਧਾ ਦੂਰ ਹੋ ਗਈ ਹੈ ਅਤੇ ਸਮੁੱਚੀ ਸਿੱਖ ਸੰਗਤ 18 ਜੂਨ ਨੂੰ ਇਕੋ ਦਿਨ ਸ਼ਹੀਦੀ ਦਿਹਾੜਾ ਮਨਾਏਗੀ। ਜੱਥੇ ਦੀ ਰਵਾਨਗੀ ਮੌਕੇ ਪਰਮਜੀਤ ਸਿੰਘ ਚੰਢੋਕ ਨੇ ਇਸ ਇਕਜੁੱਟਤਾ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਕੌਮ ਦੀ ਏਕਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਹੋਰ ਵੀ ਵਿਸ਼ੇਸ਼ ਬਣਾਏਗੀ। ਜੱਥਾ ਅੱਜ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਅਤੇ 10 ਜੂਨ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋਵੇਗਾ। 18 ਜੂਨ ਨੂੰ ਸ਼ਹੀਦੀ ਪੁਰਬ ਮਨਾਉਣ ਉਪਰੰਤ ਜੱਥਾ 19 ਜੂਨ ਨੂੰ ਭਾਰਤ ਵਾਪਸ ਪਰਤੇਗਾ। ਇਸ ਮੌਕੇ ਕਮੇਟੀ ਦੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਵੀ ਮੌਜੂਦ ਸਨ।