ਨਵੀਂ ਦਿੱਲੀ - ਸਿੱਖ ਪੰਥ ਦੀਆਂ ਸਟੇਜਾਂ ਕਦੇ ਗੁਰਪੁਰਬਾਂ ਅਤੇ ਵੱਖ ਵੱਖ ਮੌਕਿਆ ਉਪਰ ਬੌਧਿਕ ਅਗਵਾਈ ਦਾ ਦਰਪਣ ਹੁੰਦੀਆਂ ਸਨ। ਉੱਥੇ ਉਹ ਸ਼ਖਸੀਅਤਾਂ ਬੈਠਦੀਆਂ ਸਨ ਜਿਨ੍ਹਾਂ ਨੇ ਗੁਰਬਾਣੀ ਨੂੰ ਪੜ੍ਹਿਆ, ਇਤਿਹਾਸ ਨੂੰ ਸਮਝਿਆ ਅਤੇ ਕੌਮ ਦੇ ਦੁੱਖ-ਸੁੱਖ ਨੂੰ ਆਪਣੇ ਅੰਦਰ ਮਹਿਸੂਸ ਕੀਤਾ ਸੀ। ਉਹ ਸੰਗਤਾਂ ਨੂੰ ਸਿਰਫ਼ ਜੋਸ਼ ਨਹੀਂ ਦਿੰਦੇ ਸਨ, ਸਗੋਂ ਸੋਚਣ ਦੀ ਦਿਸ਼ਾ ਵੀ ਦਿੰਦੇ ਸਨ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਿੱਲੀ ਕਮੇਟੀ ਚੋਣਾਂ ਲਈ ਵਾਰਡ ਨੰਬਰ 32 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਸੰਤ ਮੀਤ ਸਿੰਘ ਨੇ ਕਿਹਾ ਅੱਜ ਦੁੱਖ ਦੀ ਗੱਲ ਹੈ ਕਿ ਬਹੁਤੀਆਂ ਸਟੇਜਾਂ ਉੱਤੇ ਵਿਚਾਰ ਦੀ ਥਾਂ ਵਾਹ-ਵਾਹ, ਸੱਚ ਦੀ ਥਾਂ ਲੋਕਪ੍ਰਿਯਤਾ ਅਤੇ ਪੰਥਕ ਚਿੰਤਨ ਦੀ ਥਾਂ ਨਾਅਰੇਬਾਜ਼ੀ ਨੇ ਲੈ ਲਈ ਹੈ। ਜਦੋਂ ਸਟੇਜਾਂ ਤੋਂ ਵਿਚਾਰਕ ਗਾਇਬ ਹੋ ਜਾਂਦੇ ਹਨ ਤਾਂ ਕੌਮ ਦੇ ਫੈਸਲੇ ਵੀ ਭਾਵਨਾਵਾਂ ਦੇ ਹਵਾਲੇ ਹੋ ਜਾਂਦੇ ਹਨ। ਓਨ੍ਹਾ ਕਿਹਾ ਅੱਜ ਲੀਡਰਸ਼ਿਪ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ ਕਿ ਅਸੀਂ ਸੰਗਤ ਨੂੰ ਕੀ ਦੇ ਰਹੇ ਹਾਂ, ਚਿੰਤਨ ਜਾਂ ਚਰਚਾ ਤੋਂ ਭੱਜਣ ਦੀ ਆਦਤ..? ਗੁਰੂ ਸਾਹਿਬਾਨ ਨੇ ਸਿੱਖ ਨੂੰ ਸੋਚਣ ਵਾਲਾ, ਸਵਾਲ ਕਰਨ ਵਾਲਾ ਅਤੇ ਸੱਚ ਨੂੰ ਪਰਖਣ ਵਾਲਾ ਬਣਾਇਆ ਸੀ। ਜੇ ਸਾਡੀਆਂ ਸਟੇਜਾਂ ਸਿਰਫ਼ ਵਿਅਕਤੀ-ਪੂਜਾ ਅਤੇ ਤਾਲੀਆਂ ਇਕੱਠੀਆਂ ਕਰਨ ਦਾ ਸਾਧਨ ਬਣ ਜਾਣ, ਤਾਂ ਇਹ ਪੰਥ ਦੀ ਤਾਕਤ ਨਹੀਂ, ਕਮਜ਼ੋਰੀ ਦੀ ਨਿਸ਼ਾਨੀ ਹੈ। ਕੌਮਾਂ ਨਾਅਰਿਆਂ ਨਾਲ ਨਹੀਂ, ਸਿਧਾਂਤਾਂ, ਗਿਆਨ ਅਤੇ ਦੂਰਅੰਦੇਸ਼ੀ ਨਾਲ ਅੱਗੇ ਵਧਦੀਆਂ ਹਨ। ਅੰਤ ਵਿਚ ਸ. ਸੰਤ ਮੀਤ ਸਿੰਘ ਨੇ ਕਿਹਾ ਸਮੇਂ ਦੀ ਮੰਗ ਹੈ ਕਿ ਗੁਰਪੁਰਬਾਂ ਦੀਆਂ ਸਟੇਜਾਂ ਮੁੜ ਗੁਰਮਤਿ ਅਧਾਰਿਤ ਵਿਚਾਰ-ਵਟਾਂਦਰੇ, ਇਤਿਹਾਸਕ ਸੂਝ ਅਤੇ ਕੌਮੀ ਮਸਲਿਆਂ ਦੇ ਗੰਭੀਰ ਮਨਨ ਦਾ ਕੇਂਦਰ ਬਣਨ। ਸੰਗਤ ਨੂੰ ਅਜਿਹੀ ਅਗਵਾਈ ਚਾਹੀਦੀ ਹੈ ਜੋ ਦਿਲਾਂ ਨੂੰ ਗਰਮ ਕਰਨ ਦੇ ਨਾਲ-ਨਾਲ ਦਿਮਾਗਾਂ ਨੂੰ ਵੀ ਰੌਸ਼ਨ ਕਰੇ। ਜੇ ਅਸੀਂ ਆਪਣੀਆਂ ਸਟੇਜਾਂ ਉੱਤੇ ਮੁੜ ਬੁੱਧੀਜੀਵੀਆਂ, ਵਿਦਵਾਨਾਂ ਅਤੇ ਨਿਰਭਉ ਸੱਚ ਬੋਲਣ ਵਾਲਿਆਂ ਨੂੰ ਜਗ੍ਹਾ ਦੇਵਾਂਗੇ, ਤਾਂ ਪੰਥ ਨੂੰ ਜੋਸ਼ ਦੇ ਨਾਲ ਹੋਸ਼ ਵੀ ਮਿਲੇਗਾ, ਅਤੇ ਇਹੀ ਕੌਮ ਦੀ ਅਸਲ ਤਰੱਕੀ ਦਾ ਰਾਹ ਹੈ।