ਟ੍ਰਾਈਸਿਟੀ

ਕੁਦਰਤ ਨੂੰ ਜਿਊਂਦਾ ਰੱਖਣ ਲਈ ਕਿਸਾਨ ਦਾ ਜਿਊਂਦਾ ਰਹਿਣਾ ਲਾਜ਼ਮੀ : ਹਮੀਰ ਸਿੰਘ

ਕੌਮੀ ਮਾਰਗ ਬਿਊਰੋ | October 11, 2020 06:50 PM


ਚੰਡੀਗੜ੍ਹ : ਕਰੋਨਾ ਦੀ ਆੜ 'ਚ ਚੱਲ ਰਹੀ ਤਾਲਾਬੰਦੀ ਤੋਂ ਬਾਅਦ ਛੇ ਮਹੀਨਿਆਂ ਬਾਅਦ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਇਕ ਹੰਗਾਮੀ ਸੈਮੀਨਾਰ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ-36 ਵਿਖੇ ਕੀਤਾ ਗਿਆ,  ਜਿਸ ਵਿਚ ਜਿੱਥੇ ਕਿਸਾਨ,  ਸਮਾਜ ਤੇ ਦੇਸ਼ ਵਿਰੋਧੀ ਨਵੇਂ ਆਏ ਤਿੰਨ ਖੇਤੀ ਕਾਨੂੰਨਾਂ ਦੀਆਂ ਪਰਤਾਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਹੁਰਾਂ ਨੇ ਫਰੋਲੀਆਂ ਉਥੇ ਹੀ ਇਸ ਸਮਾਗਮ ਦੌਰਾਨ ਸਿਮਰਜੀਤ ਕੌਰ ਗਰੇਵਾਲ ਦੀ ਕਿਤਾਬ 'ਸੱਧਰਾਂ' ਅਤੇ ਗੁਰਨਾਮ ਕੰਵਰ ਹੁਰਾਂ ਦੀ ਕਿਤਾਬ 'ਚਾਸ਼ਨੀ' ਨੂੰ ਮਨਮੋਹਨ ਸਿੰਘ ਦਾਊਂ ਅਤੇ ਪ੍ਰਧਾਨ ਬਲਕਾਰ ਸਿੱਧੂ ਦੀ ਅਗਵਾਈ ਹੇਠ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ।
ਕਿਤਾਬ ਸੱਧਰਾਂ 'ਤੇ ਸਿਰੀਰਾਮ ਅਰਸ਼ ਅਤੇ ਮਲਕੀਅਤ ਬਸਰਾ ਨੇ ਚਰਚਾ ਕਰਦਿਆਂ ਗਰੇਵਾਲ ਦੀਆਂ ਲਿਖਤਾਂ ਨੂੰ ਪਰਿਵਾਰਕ ਸਾਂਝ ਤੇ ਹਾਅ-ਦਾ-ਨਾਅਰਾ ਮਾਰਨ ਵਾਲੀ ਲਿਖਤ ਦੱਸਦਿਆਂ ਕਿਤਾਬ ਨੂੰ ਇਕ ਲਾਇਬਰੇਰੀ ਕਰਾਰ ਦਿੱਤਾ। ਆਪਣੀ ਪਲੇਠੀ ਕਿਤਾਬ ਬਾਰੇ ਗੱਲ ਕਰਦਿਆਂ ਸਿਮਰਜੀਤ ਗਰੇਵਾਲ ਨੇ ਆਖਿਆ ਕਿ ਮੈਨੂੰ ਜਿੱਥੇ ਵੀ ਕਿਤੇ ਝੂਠ ਨਜ਼ਰ ਆਉਂਦਾ ਹੈ,  ਨਫ਼ਰਤ ਦਿਖਦੀ ਹੈ,  ਪਾੜਾ ਨਜ਼ਰ ਆਉਂਦਾ ਹੈ ਤੇ ਬੇਇਨਸਾਫ਼ੀ 'ਤੇ ਨਜ਼ਰ ਪੈਂਦੀ ਹੈ ਤਦ ਮੇਰੀ ਕਲਮ ਕਵਿਤਾ ਲਿਖਦੀ ਹੈ। ਇਸੇ ਸਮਾਗਮ ਵਿਚ ਇਨਕਲਾਬੀ ਕਵੀ ਗੁਰਨਾਮ ਕੰਵਰ ਹੁਰਾਂ ਦੀ ਕਿਤਾਬ 'ਚਾਸ਼ਨੀ' 'ਤੇ ਜਿੱਥੇ ਮਨਜੀਤ ਕੌਰ ਮੀਤ ਹੁਰਾਂ ਨੇ ਦਿਲ ਨੂੰ ਟੁੰਬਣ ਵਾਲਾ ਪਰਚਾ ਪੜ੍ਹਿਆ,  ਉਥੇ ਹੀ ਬਲਕਾਰ ਸਿੱਧੂ ਹੁਰਾਂ ਨੇ ਕੰਵਰ ਹੁਰਾਂ ਦੀ ਕਿਤਾਬ 'ਚੋਂ ਇਕ ਗੀਤ ਪੇਸ਼ ਕੀਤਾ। ਜਦੋਂਕਿ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਹੁਰਾਂ ਨੇ ਆਖਿਆ ਕਿ ਗੁਰਨਾਮ ਕੰਵਰ ਲੋਕਾਂ ਦਾ ਸ਼ਾਇਰ ਹੈ,  ਉਹ ਲੋਕਾਂ ਦੇ ਹੱਕ ਸੱਚ ਲਈ ਲਿਖਤਾ ਹੈ ਤੇ ਉਸ ਦੀ ਪਿਆਰ ਦੀ ਸ਼ਾਇਰੀ ਵਿਚ ਵੀ ਇਨਕਲਾਬ ਝਲਕਦਾ ਹੈ। ਉਸ ਦੀ ਕਵਿਤਾ,  ਗੀਤ ਘੁੰਗਰੂਆਂ ਵਾਂਗ ਛਣਕਦੇ ਹਨ। ਮਨਮੋਹਨ ਸਿੰਘ ਦਾਊਂ ਨੇ ਦੋਵਾਂ ਲੇਖਕਾਂ ਦੀਆਂ ਕਿਤਾਬਾਂ ਦੇ ਲੋਕ ਅਰਪਣ ਮੌਕੇ ਮੁਬਾਰਕਾਂ ਦਿੱਤੀਆਂ। ਜਦੋਂਕਿ ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਗੁਰਨਾਮ ਕੰਵਰ ਹੁਰਾਂ ਨੇ ਕਿਹਾ ਕਿ ਮੈਂ ਆਪਣੇ ਦਿਲ ਦੀ ਸੁਣਦਾ ਹਾਂ ਤੇ ਮਨ ਆਈ ਲਿਖਦਾ ਹਾਂ। ਮੈਂ ਸੁਪਨੇ ਨਹੀਂ ਦੇਖਦਾ ਮੈਂ ਸੁਪਨੇ ਪੂਰੇ ਕਰਨ ਲਈ ਜਾਗਦਾ ਹਾਂ ਤੇ ਸਮਾਜ ਵਿਚ ਕੁੱਝ ਚਾਨਣ ਕਰਨ ਲਈ ਕਵਿਤਾ ਅਤੇ ਗੀਤਾਂ ਦੀ ਰਚਨਾ ਕਰਦਾ ਹਾਂ। ਧਿਆਨ ਰਹੇ ਕਿ ਸਮਾਗਮ ਦੇ ਸ਼ੁਰੂ ਵਿਚ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਹੁਣ ਮਹਿਫ਼ਲਾਂ ਫਿਰ ਇੰਝ ਸਜਿਆ ਕਰਨਗੀਆਂ।
ਇਹ ਸਮਾਗਮ ਉਸ ਸਮੇਂ ਹੰਗਾਮੀ ਸੈਮੀਨਾਰ ਦਾ ਰੂਪ ਧਾਰ ਗਿਆ ਜਦੋਂ ਉਘੇ ਪੱਤਰਕਾਰ ਹਮੀਰ ਸਿੰਘ ਹੁਰਾਂ ਨੇ ਨਵੇਂ ਆਏ ਤਿੰਨੋਂ ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਪੂਰੀ ਕਹਾਣੀ ਸਾਹਮਣੇ ਰੱਖੀ ਕਿ ਕਿੰਝ ਇਹ ਖੇਤੀ ਕਾਨੂੰਨ ਇਕੱਲੇ ਕਿਸਾਨ ਨਹੀਂ ਬਲਕਿ ਸਮਾਜ ਤੇ ਦੇਸ਼ ਵਿਰੋਧੀ ਵੀ ਹਨ। ਹਮੀਰ ਸਿੰਘ ਹੁਰਾਂ ਨੇ ਆਖਿਆ ਕਿ ਖੇਤੀ ਇਕ ਪੇਸ਼ਾ ਹੈ ਵਪਾਰ ਜਾਂ ਵਣਜ ਨਹੀਂ। ਨਵੇਂ ਕਾਨੂੰਨਾਂ ਦੇ ਆਉਣ ਨਾਲ ਖੇਤੀ ਵਪਾਰ ਬਣ ਜਾਵੇਗੀ ਤੇ ਜਿਸ ਨੂੰ ਵਪਾਰੀ ਚਲਾਉਣਗੇ ਕਿਉਂਕਿ ਕਿਸਾਨ ਵਪਾਰੀ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਸਰਕਾਰ ਚੰਦ ਕਾਰਪੋਰੇਟ ਘਰਾਣਿਆਂ ਦੇ ਘਨੇੜ੍ਹੇ ਚੜ੍ਹ ਕੇ ਕਿਸਾਨ ਤੇ ਖੇਤੀ ਨੂੰ ਮੁਕਾਉਣ 'ਤੇ ਤੁਲੀ ਹੈ ਜਦੋਂਕਿ ਇਹ ਸ਼ੀਸ਼ੇ 'ਚ ਸਾਫ਼ ਦਿਖ ਰਿਹਾ ਹੈ ਕਿ ਜੇਕਰ ਕੁਦਰਤ ਨੂੰ ਜਿਊਂਦਾ ਰੱਖਣਾ ਹੈ ਤਾਂ ਉਸ ਦੇ ਲਈ ਕਿਸਾਨ ਅਤੇ ਖੇਤੀ ਦਾ ਜਿਊਂਦਾ ਰਹਿਣਾ ਲਾਜ਼ਮੀ ਹੈ। ਕੁਦਰਤ ਵਿਚ ਤਿਤਲੀ ਤੋਂ ਲੈ ਕੇ ਸ਼ੇਰ ਲਈ ਥਾਂ ਹੈ ਭਾਵ ਹਰ ਛੋਟੇ-ਵੱਡੇ ਲਈ ਸਮਾਜ ਵਿਚ ਥਾਂ ਹੈ ਪਰ ਕਾਰਪੋਰੇਟ ਘਰਾਣੇ ਤੇ ਮੌਜੂਦਾ ਸਰਕਾਰ ਦੀ ਸੋਚ ਹਰ ਛੋਟੇ,  ਸਾਧਾਰਨ ਤੇ ਆਮ ਵਿਅਕਤੀ ਨੂੰ,  ਆਮ ਧਿਰਾਂ ਨੂੰ ਖਤਮ ਕਰਨ 'ਤੇ ਤੁਲੀ ਹੈ। ਉਨ੍ਹਾਂ ਆਖਿਆ ਕਿ ਸੂਬਿਆਂ ਨੂੰ ਜਿੱਥੇ ਵੱਧ ਅਧਿਕਾਰਾਂ ਲਈ ਲੜਨਾ ਪਵੇਗਾ,  ਉਥੇ ਹੀ ਪੰਚਾਇਤਾਂ ਨੂੰ ਵੀ ਆਪਣੇ ਅਧਿਕਾਰ ਪਛਾਨਣੇ ਪੈਣਗੇ। ਹਮੀਰ ਸਿੰਘ ਹੁਰਾਂ ਨੇ ਜਿੱਥੇ ਗ੍ਰਾਮ ਸਭਾ ਦੀ ਮਹੱਤਤਾ ਅਤੇ ਤਾਕਤ ਬਾਰੇ ਵਿਸਥਾਰਤ ਗੱਲ ਕੀਤੀ,  ਉਥੇ ਹੀ ਇਹ ਅਪੀਲ ਵੀ ਕੀਤੀ ਕਿ ਇਹ ਕੇਵਲ ਕਿਸਾਨ ਅੰਦੋਲਨ ਨਹੀਂ,  ਇਹ ਇਨਸਾਨ ਅੰਦੋਲਨ ਹੈ,  ਜਿਸ ਵਿਚ ਸਭ ਨੂੰ ਸ਼ਾਮਲ ਹੋਣਾ ਪਵੇਗਾ ਕਿਉਂਕਿ ਕਿਸਾਨ ਤੋਂ ਬਿਨਾ ਰੋਟੀ ਦਾ ਸੁਪਨਾ ਵੀ ਤੁਸੀਂ ਨਹੀਂ ਲੈ ਸਕਦੇ। 
ਇਸੇ ਤਰ੍ਹਾਂ ਇਨ੍ਹਾਂ ਖੇਤੀ ਬਿਲਾਂ ਸਬੰਧੀ ਐਡਵੋਕੇਟ ਪਰਵਿੰਦਰ ਸਿੰਘ ਗਿੱਲ ਨੇ ਕਾਨੂੰਨੀ ਨੁਕਤਿਆਂ ਤੋਂ ਗੱਲ ਕਰਦਿਆਂ ਇਸ ਦੇ ਮਾਰੂ ਪ੍ਰਭਾਵਾਂ ਨੂੰ ਸਾਹਮਣੇ ਲਿਆਂਦਾ। ਜਦੋਂਕਿ ਸਭਾ ਵੱਲੋਂ ਹਾਥਰਸ ਘਟਨਾ ਦੀ ਨਿੰਦਾ ਤੇ ਸਰਕਾਰ ਤੇ ਪ੍ਰਸ਼ਾਸਨ ਦੀ ਘਟੀਆ ਕਾਰਵਾਈ ਦੇ ਵਿਰੁੱਧ ਮਤਾ ਬੀਬੀ ਸੁਰਜੀਤ ਕੌਰ ਕਾਲੜਾ ਵੱਲੋਂ ਪੇਸ਼ ਕੀਤਾ ਗਿਆ ਤੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਮਤਾ ਭੁਪਿੰਦਰ ਸਿੰਘ ਮਲਿਕ ਹੁਰਾਂ ਵੱਲੋਂ ਪੇਸ਼ ਕੀਤਾ ਗਿਆ,  ਜਿਸ ਨੂੰ ਸਭਾ ਵਿਚ ਹੱਥ ਖੜ੍ਹੇ ਕਰਕੇ ਪਾਸ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਸਭਾ ਦੇ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਪਤੰਗ ਨੇ ਕੀਤਾ ਤੇ ਸਮੁੱਚੇ ਸਮਾਗਮ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਚਲਾਈ। 
ਇਸ ਮੌਕੇ ਪ੍ਰਿੰਸੀਪਲ ਗੁਰਦੇਵ ਕੌਰ,  ਪਰਮਜੀਤ ਪਰਮ,  ਰਜਿੰਦਰ ਕੌਰ,  ਡਾ. ਗੁਰਮੇਲ ਸਿੰਘ,  ਮਨਜੀਤ ਇੰਦਰਾ,  ਕੁਲਦੀਪ ਭੁੱਲਰ,  ਸੁਨੀਤਾ ਰਾਣੀ,  ਦਵਿੰਦਰ ਦਮਨ,  ਬਲਵਿੰਦਰ ਜੰਮੂ,  ਜਗਦੀਪ ਨੂਰਾਨੀ,  ਪਾਲ ਅਜਨਬੀ,  ਡਾ. ਮਨਜੀਤ ਬੱਲ,  ਧਿਆਨ ਸਿੰਘ ਕਾਹਲੋਂ,  ਸੁਰਜੀਤ ਬੈਂਸ,  ਰਘੂਵੀਰ ਵੜੈਚ,  ਗੁਰਦਰਸ਼ਨ ਮਾਵੀ,  ਤੇਜਾ ਸਿੰਘ ਥੂਹਾ,  ਕਰਮ ਸਿੰਘ ਵਕੀਲ,  ਬਲਵਿੰਦਰ ਕੌਰ ਸ਼ੇਰਗਿੱਲ,  ਊਸ਼ਾ ਕੰਵਰ,  ਪ੍ਰਵੀਨ ਭੁੱਲਰ,  ਕਰਨਵੀਰ ਭੁੱਲਰ,  ਦਰਸ਼ਨ ਤ੍ਰਿਊਣਾ,  ਬਾਬੂ ਰਾਮ ਦੀਵਾਨਾ,  ਕਰਮਜੀਤ ਸਿੰਘ ਬੱਗਾ,  ਸੰਜੀਵਨ ਸਿੰਘ,  ਜਗਜੀਵਨ ਮੀਤ ਤੇ ਵੱਡੀ ਗਿਣਤੀ ਵਿਚ ਲੇਖਕ,  ਸਹਿਤਕਾਰ ਤੇ ਸਰੋਤੇ ਮੌਜੂਦ ਸਨ।

Have something to say? Post your comment

 

ਟ੍ਰਾਈਸਿਟੀ

ਸਿਟੀ ਸਾਈਕਲਿੰਗ ਕਲੱਬ ਖਰੜ ਵਲੋਂ ਨਵੀ ਕਾਰਜਕਾਰਨੀ ਕਮੇਟੀ ਦੇ ਅਹੁੱਦੇਦਾਰ ਨਿਯੁਕਤ ਕੀਤੇ

ਕੌਸਲ ਚੋਣਾਂ ਦੀ ਤਿਆਰੀਆਂ ਲਈ ਸ੍ਰੋਮਣੀ ਅਕਾਲੀ ਦਲ ਵਲੋ ਮੀਟਿੰਗ ਕਰਕੇ ਕੀਤੀ ਰੂਪਾ ਰੇਖਾ ਤਿਆਰ

ਸਿੱਖਿਆ ਸਕੱਤਰ ਨੇ ਵਿਭਾਗ ਦੇ ਵੱਖ-ਵੱਖ ਅਕਾਦਮਿਕ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੇ ਸਰਵਿਸ ਸਬੰਧੀ ਮਸਲਿਆਂ ਦਾ ਹੁਣ ਹੋਵੇਗਾ ਆਨਲਾਈਨ ਨਿਪਟਾਰਾ

ਆੜਤੀ ਐਸੋਸੀਏਸ਼ਨ ਖਰੜ ਦੇ ਸੁਨੀਲ ਅਗਰਵਾਲ ਬਣੇ ਪ੍ਰਧਾਨ, ਰਾਜੇਸ਼ ਸੂਦ ਬਣੇ ਚੇਅਰਮੈਨ

ਮੋਦੀ ਸਰਕਾਰ 'ਚ ਲੋਕਤੰਤਰ ਤੇ ਸਭਿਅਤਾ ਨੂੰ ਵੱਡਾ ਖਤਰਾ ,ਰਾਜਸੀ ਹਿਤਾਂ ਲਈ ਦੇਸ਼ ਵਿਚ ਫੈਲਾਈ ਜਾ ਰਹੀ ਫਿਰਕਾਪ੍ਰਸ਼ਤੀ- ਪ੍ਰਸ਼ਾਂਤ ਭੂਸ਼ਨ

ਡਾ: ਬੰਗੜ ਨੇ ਕੀਤੀ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ

ਡਾ. ਸੁਨੀਲ ਕੁਮਾਰ ਨੂੰ ਮੈਡੀਕਲ ਸੈੱਲ ਅਤੇ ਐਡਵੋਕੇਟ ਨਿਕੁੰਜ ਧਵਨ ਨੂੰ ਆਈਟੀ ਸੈੱਲ ਦਾ ਜਿਲ੍ਹਾ ਇੰਚਾਰਜ ਲਗਾਇਆ

ਕੋਵਿਡ ਦਾ ਟੈਸਟ ਕਰਨ ਲਈ ਦੁਸਹਿਰਾ ਗਰਾਊਡ ਖਰੜ ਵਿਖੇ ਲਗਾਏ ਜਾ ਰਹੇ ਵਿਸ਼ੇਸ਼ ਕੈਪ: ਹਿਮਾਸੂੰ ਜੈਨ

ਖਰੜ - ਬਡਾਲਾ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ