ਪੰਜਾਬ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | April 19, 2024 06:12 PM

ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੋਤਾ ਚੀਮਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਮੂਹ ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਅਤੇ ਸੇਵਾਦਾਰਾਂ ਨੂੰ ਆਦੇਸ਼ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਪੁਖਤਾ ਪ੍ਰਬੰਧ ਕਰਦਿਆਂ ਹਰੇਕ ਗੁਰਦੁਆਰਾ ਸਾਹਿਬ ਵਿਖੇ 24 ਘੰਟੇ ਪਹਿਰੇਦਾਰੀ ਨੂੰ ਯਕੀਨੀ ਬਣਾਇਆ ਜਾਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਅੱਜ ਜਾਰੀ  ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੀਤੇ ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੋਤਾ ਚੀਮਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਹਨ। ਜਦੋਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਅਸਹਿਣਯੋਗ ਠੇਸ ਪੁੱਜਦੀ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਢਿੱਲੀ ਕਾਨੂੰਨ ਅਤੇ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਦੇ ਨਿੰਦਣਯੋਗ ਵਰਤਾਰੇ ਨੂੰ ਠੱਲ੍ਹ ਨਹੀਂ ਪੈ ਰਹੀ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਜਦੋਂ ਵਾਰ-ਵਾਰ ਗੁਰੂ-ਘਰਾਂ ਵਿਚ ਬੇਅਦਬੀਆਂ ਹੋ ਰਹੀਆਂ ਹੋਣ ਤਾਂ ਸਿਰਫ਼ ਸਰਕਾਰਾਂ ਕੋਲੋਂ ਹੀ ਇਨਸਾਫ ਦੀ ਟੇਕ ਰੱਖਣ ਦੀ ਬਜਾਇ ਸਿੱਖ ਸੰਗਤਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਉਨ੍ਹਾਂ ਸਖ਼ਤ ਲਹਿਜ਼ੇ ਵਿਚ ਆਖਿਆ ਕਿ ਭਵਿੱਖ ਵਿਚ ਕਿਸੇ ਵੀ ਬੇਅਦਬੀ ਦੀ ਘਟਨਾ ਲਈ ਸਬੰਧਿਤ ਗੁਰਦੁਆਰਾ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਖ਼ਿਲ਼ਾਫ਼ ਵੀ ਧਾਰਮਿਕ ਤੇ ਕਾਨੂੰਨੀ ਕਾਰਵਾਈ ਹੋਵੇਗੀ।
ਗਿਆਨੀ ਰਘਬੀਰ ਸਿੰਘ ਨੇ ਨਾਲ ਹੀ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਗੁਰਦੁਆਰਾ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਵਧੇਰੇ ਅਹਿਤਿਆਤ ਰੱਖਣ ਦੇ ਆਦੇਸ਼ ਦਿੰਦਿਆਂ ਆਖਿਆ ਹੈ ਕਿ ਪ੍ਰਕਾਸ਼ ਅਸਥਾਨਾਂ ਅਤੇ ਸੁੱਖ-ਆਸਨ ਅਸਥਾਨਾਂ ‘ਤੇ ਪਲਾਸਟਿਕ ਦੇ ਪੱਖੇ, ਕੂਲਰ ਆਦਿ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਗਰਮੀ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗਣ ਦਾ ਜ਼ੋਖਮ ਵਧਾਉਂਦੇ ਹਨ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕਾਂ ਨੂੰ ਵੀ ਆਪਣੇ ਹਲਕਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਦੀ ਕੌਂਸਲਿੰਗ ਕਰਨ ਅਤੇ ਇਸ ਸਬੰਧੀ ਆਪੋ-ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੇ ਵੀ ਆਦੇਸ਼ ਕੀਤੇ ਹਨ। ਉਨ੍ਹਾਂ ਆਖਿਆ ਕਿ ਹਰੇਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦਿਆਂ 24 ਘੰਟੇ ਪਹਿਰੇਦਾਰੀ ਯਕੀਨੀ ਬਣਾਉਣ ਲਈ ਗੁਰਦੁਆਰਾ ਕਮੇਟੀਆਂ ਤੇ ਗ੍ਰੰਥੀ ਸਿੰਘ ਆਪਣੀ ਜ਼ਿੰਮੇਵਾਰੀ ਸੰਭਾਲਣ ਅਤੇ ਭਵਿੱਖ ਵਿਚ ਬੇਅਦਬੀ ਵਰਗੀ ਮਾੜੀ ਘਟਨਾ ਲਈ ਗੁਰਦੁਆਰਾ ਪ੍ਰਬੰਧਕ ਅਤੇ ਗ੍ਰੰਥੀ ਸਿੰਘ ਵੀ ਜ਼ਿੰਮੇਵਾਰ ਹੋਣਗੇ ਅਤੇ ਸਿੱਖ ਰਵਾਇਤਾਂ ਅਨੁਸਾਰ ਸਖ਼ਤ ਧਾਰਮਿਕ ਸਜ਼ਾ ਦੇ ਹੱਕਦਾਰ ਹੋਣਗੇ।

 

Have something to say? Post your comment

 

ਪੰਜਾਬ

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ -ਜ਼ਿਲ੍ਹਾ ਪੱਧਰੀ ਆਗੂ ਵੀ ਹੋਏ ‘ਆਪ’ ‘ਚ ਸ਼ਾਮਲ ਹੋਏ

ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ: ਬੂਟਾ ਸਿੰਘ ਬੁਰਜਗਿੱਲ

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ

ਅਕਾਲੀ ਦਲ ਪੰਜਾਬ ਵਿਚੋਂ ਗੈਂਗਸਟਰ ਤੇ ਨਸ਼ੇ ਖਤਮ ਕਰ ਕੇ ਪੰਜਾਬ ਵਿਚ ਨਿਵੇਸ਼ਕਾਂ ਲਈ ਢੁਕਵੇਂ ਮਾਹੌਲ ਦੀ ਸਿਰਜਣਾ ਕਰੇਗਾ: ਸੁਖਬੀਰ ਸਿੰਘ ਬਾਦਲ

ਸ਼ਹੀਦ ਬੀਬੀਆਂ ਦੀ ਗਾਥਾ ‘‘ਕੌਰਨਾਮਾ’’ ਕਿਤਾਬ ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ ਕੀਤੀ ਜਾਵੇਗੀ ਜਾਰੀ

ਕੋਵਿਡ ਵੈਕਸੀਨ ਸਬੰਧੀ ਪੈਦਾ ਹੋਏ ਵਿਵਾਦ ਦੀ ਉਚ ਪੱਧਰੀ ਜਾਂਚ ਹੋਵੇ: ਬਾਬਾ ਬਲਬੀਰ ਸਿੰਘ

ਸ੍ਰੀ ਗੁਰੂ ਤੇਗ ਬਹਾਦਰ ਵੂਮੈਨ ਦੀ ਵਿਦਿਆਰਥਣ ਨੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕੀਤਾ

ਗੱਤਕੇ ਨੂੰ ਏਸ਼ੀਆਈ ਖੇਡਾਂ 'ਚ ਸ਼ਾਮਲ ਕਰਵਾਉਣ ਲਈ ਆਲਮੀ ਗੱਤਕਾ ਫੈਡਰੇਸ਼ਨਾਂ ਵੱਲੋਂ ਯਤਨ ਜਾਰੀ : ਗਰੇਵਾਲ

ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ