ਪੰਜਾਬ

ਢਕਾਨਸੂ ਕਲਾਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਜ਼ਿਲ੍ਹੇ ਦੇ ਸੋਹਣੇ ਸਕੂਲਾਂ ਵਿੱਚ ਸ਼ੁਮਾਰ

ਕੌਮੀ ਮਾਰਗ ਬਿਊਰੋ | May 17, 2021 03:57 PM

ਪਟਿਆਲਾ -  ਕਿਸੇ ਸਮੇਂ ਨਕਾਰਾਤਮਕ ਪੱਖੋਂ ਸੁਰਖੀਆਂ 'ਚ ਰਹੇ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਕਾਨਸੂ ਕਲਾਂ ਦੀ ਬਦਲੀ ਦਿੱਖ ਨੇ ਹਰੇਕ ਨੂੰ ਅਚੰਭਿਤ ਕਰ ਦਿੱਤਾ ਹੈ। ਯਕੀਨ ਹੀ ਨਹੀਂ ਆਉਂਦਾ ਕਿ ਬੁਨਿਆਦੀ ਸਹੂਲਤਾਂ ਨੂੰ ਵੀ ਤਰਸਦਾ ਇਹ ਉਹੀ ਸਕੂਲ ਹੈ। ਖਸਤਾ ਹਾਲਤ ਇਮਾਰਤ ਜਿਸ ਹੇਠ ਬੈਠਣਾ ਵੀ ਜਾਨ ਦਾ ਖੌਅ ਸੀ , ਦੀ ਜਗ੍ਹਾ ਅੱਜ ਸੋਹਣੇ ਸਮਾਰਟ ਕਲਾਸ ਰੂਮਜ ਨੇ ਮੱਲ ਲਈ ਹੈ। ਸਕੂਲ ਦਾ ਪ੍ਰਵੇਸ਼ ਦੁਆਰਾ ਪਹਿਲੀ ਨਜ਼ਰੇ ਹੀ ਸਕੂਲ ਦੀ ਖ਼ੂਬਸੂਰਤੀ ਆਪਮੁਹਾਰੇ ਬਿਆਨ ਕਰਦਾ ਹੈ। ਰੰਗਦਾਰ ਫਰਨੀਚਰ , ਗਿਆਨ ਦਾ ਭੰਡਾਰ ਬਾਲਾ ਦਾ ਕੰਮ, ਸਕੂਲ ਦੇ ਚਾਰ ਚੁਫ਼ੇਰੇ ਨੂੰ ਚਾਰ ਚੰਨ ਲਗਾਉਂਦੇ ਫੁੱਲਦਾਰ ਪੌਦੇ ਅਤੇ ਪਾਰਕ ਕਹਿੰਦੇ ਕਹਾਉਂਦੇ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਹਨ।
ਕਹਿੰਦੇ ਹਨ ਕਿ ਸਫ਼ਲਤਾ ਕਦੇ ਵੀ ਰਾਤੋ ਰਾਤ ਨਸੀਬ ਨਹੀਂ ਹੁੰਦੀ , ਇਸ ਪਿੱਛੇ ਲੰਮੇ ਸਮੇਂ ਦੀ ਘਾਲਣਾ ਦਾ ਹੱਥ ਹੁੰਦਾ ਹੈ। ਇਹੋ ਜਿਹੀ ਹੀ ਕਹਾਣੀ ਇਸ ਸਕੂਲ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੀ ਪਹਿਲਕਦਮੀ ਨੇ ਵੀ ਸਮੂਹ ਸਿੱਖਿਆ ਅਮਲੇ ਨੂੰ ਸਕੂਲਾਂ ਦੀ ਨੁਹਾਰ ਬਦਲਣ ਲਈ ਪ੍ਰੇਰਿਤ ਕੀਤਾ ਹੈ।
ਇੰਜੀ: ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਸਹਿਯੋਗ ਦਾ ਢਕਾਨਸੂ ਸਕੂਲ ਨੂੰ ਵਿਲੱਖਣ ਦਿੱਖ ਪ੍ਰਦਾਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਜਿਸ ਸਦਕਾ ਇਹ ਸਕੂਲ ਜ਼ਿਲ੍ਹੇ ਦੇ ਸਮੂਹ ਸਕੂਲਾਂ ਲਈ ਵੀ ਇੱਕ ਮਿਸਾਲ ਬਣ ਰਿਹਾ ਹੈ।
ਬਲਵਿੰਦਰ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-2 ਦਾ ਕਹਿਣਾ ਹੈ ਕਿ ਉਹਨਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਬਲਾਕ ਦਾ ਸਕੂਲ ਹਰ ਪੱਖੋਂ ਨਿਪੁੰਨ ਬਣਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਹੁਣ ਉਹਨਾਂ ਦੇ ਬਲਾਕ ਦੇ ਬਹੁਗਿਣਤੀ ਸਕੂਲ ਇਸ ਸਕੂਲ ਦੇ ਨਕਸ਼ੇ ਕਦਮਾਂ 'ਤੇ ਚੱ ਪਏ ਹਨ।

ਸਕੂਲ ਦੇ ਮੌਜ਼ੂਦਾ ਇੰਚਾਰਜ ਮੈਡਮ ਅਨੁਰਾਧਾ ਕਟਾਰੀਆ ਅਨੁਸਾਰ ਸਕੂਲ ਨੂੰ ਸੋਹਣੇ ਸਮਾਰਟ ਸਕੂਲ ਵਿੱਚ ਤਬਦੀਲ ਕਰਨ ਵਿੱਚ ਸਕੂਲ ਦੇ ਮੁਖੀ ਰਹਿ ਚੁੱਕੇ ਮੈਡਮ ਇਕਬਾਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ। ਜਿਹਨਾਂ ਦੀ ਅਗਵਾਈ ਸਦਕਾ ਸਕੂਲ ਦੀ ਮਿਹਨਤੀ ਟੀਮ ਨੇ ਸਕੂਲ ਨੂੰ ਮੂਹਰਲੀਆਂ ਕਤਾਰਾਂ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ। ਬੁਨਿਆਦੀ ਸਹੂਲਤਾਂ ਤੋਂ ਸੱਖਣੇ ਸਕੂਲ ਦੀ ਮਿਆਰੀ ਸਿੱਖਿਆ ਦੇ ਉੱਚ ਪੱਧਰ ਨੇ ਵਿਭਾਗ ਅਤੇ ਦਾਨੀ ਸੱਜਣਾਂ ਨੂੰ ਵੀ ਇਸ ਕਦਰ ਪ੍ਰਭਾਵਿਤ ਕੀਤਾ ਕਿ ਥੋੜ੍ਹੇ ਹੀ ਸਮੇਂ ਵਿੱਚ ਸਕੂਲ ਦਾ ਨਕਸ਼ਾ ਬਦਲਣ ਦੀਆਂ ਯੋਜਨਾਵਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ।

ਸਕੂਲ ਮੁਖੀ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਸਿੱਖਿਆ ਅਧਿਕਾਰੀਆਂ ਦੇ ਯਤਨਾਂ ਅਤੇ ਸਮੇਂ-ਸਮੇਂ ਮਿਲੇ ਸਹਿਯੋਗ ਨੇ ਸਕੂਲ ਦੀ ਇਮਾਰਤ ਦਾ ਸੁੰਦਰੀਕਰਨ ਹੋਇਆ ਹੈ। ਬੁੰਗੇ ਇੰਡੀਆ ਕੰਪਨੀ ਰਾਜਪੁਰਾ ਵੱਲੋਂ ਉਚੇਚੇ ਤੌਰ ਤੇ ਭਵਿੱਖ ਵਿੱਚ ਆਰਥਿਕ ਪੱਖੋਂ ਸਕੂਲ ਦੀ ਜ਼ਿੰਮੇਵਾਰੀ ਉਠਾਉਣ ਦਾ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ।
ਸਿੱਖਿਆ ਵਿਭਾਗ ਦੀ ਯੋਗ ਰਹਿਨੁਮਾਈ, ਸਕੂਲ ਅਧਿਆਪਕਾਂ ਦੀ ਮਿਹਨਤੀ ਟੀਮ, ਪਿੰਡ ਦੀ ਪੰਚਾਇਤ ਅਤੇ ਕੰਪਨੀ ਦੇ ਸਾਂਝੇ ਯਤਨਾਂ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਸਕੂਲ ਮੁਖੀ ਅਨੁਸਾਰ ਅੱਜ ਉਹਨਾਂ ਦੇ ਸਕੂਲ ਦੀ ਗੁਣਾਤਮਿਕ ਸਿੱਖਿਆ ਦੀਆਂ ਚਾਰ ਚੁਫੇਰੇ ਪੈ ਰਹੀਆਂ ਧੁੰਮਾਂ ਕਰਕੇ ਇਲਾਕੇ ਦੇ ਨਾਮੀ ਨਿੱਜੀ ਸਕੂਲਾਂ ਤੋਂ ਹਟ ਕੇ ਸਾਡੇ ਸਕੂਲ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਦੀਆਂ ਕਤਾਰਾਂ ਲੱਗ ਰਹੀਆਂ ਹਨ।
ਸਕੂਲ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਾਲਾ ਹਰ ਸ਼ਖ਼ਸ ਅੱਜ ਵਧਾਈ ਦਾ ਪਾਤਰ ਹੈ। ਸਮਾਰਟ ਸਕੂਲ ਕੋਆਰਡੀਨੇਟਰ ਲੱਖਵਿੰਦਰ ਸਿੰਘ ਅਤੇ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਢਕਾਨਸੂ ਕਲਾਂ ਨੂੰ ਸਿੱਖਿਆ ਵਿਭਾਗ ਦੇ ਫੇਸਬੁੱਕ ਐਕਟੀਵਿਟੀ ਪੇਜ਼ ਤੇ ਸਾਂਝਾ ਕੀਤਾ ਗਿਆ ਹੈ ਅਤੇ ਸਕੂਲ ਦੇ ਅਧਿਆਪਕ ਅਤੇ ਹੋਰ ਸਹਾਇਕ ਸਟਾਫ ਨੂੰ ਸਕੱਤਰ ਸਕੂਲ ਸਿੱਖਿਆ ਵਲੋਂ ਵਧੀਆ ਕਾਰਜ ਲਈ ਹੌਂਸਲਾ ਅਫਜ਼ਾਈ ਕੀਤੀ ਹੈ। ਇਸ ਤੋਂ ਇਲਾਵਾ ਸਕੂਲ ਦੀ ਬਿਹਤਰੀ ਲਈ ਸ਼ਾਲਾਘਾ ਯੋਗ ਕਾਰਜ ਕਰਨ ਵਿੱਚ ਸਕੂਲ ਅਧਿਆਪਕ ਅਨੁਰਾਧਾ ਕਟਾਰੀਆ, ਪਰਮਿੰਦਰ ਕੌਰ, ਅਮਿਤਾ ਬਾਵਾ, ਪ੍ਰੇਮ ਕੁਮਾਰ, ਬਲਜਿੰਦਰ ਸਿੰਘ, ਇੰਦਰਜੀਤ, ਮਨਦੀਪ ਕੌਰ, ਮਿਡ ਡੇ ਮੀਲ ਵਰਕਰ ਸੁਨੀਤਾ, ਸੁਰਿੰਦਰ ਕੌਰ ਅਤੇ ਸ਼ਿਆਮ ਕੌਰ ਦੇ ਨਾਲ ਨਾਲ ਇਕਬਾਲ ਕੌਰ, ਬਲਾਕ ਮਾਸਟਰ ਟ੍ਰੇਨਰ ਪਰਵੀਨ ਕੁਮਾਰ, ਸਰਪੰਚ ਮਨਿੰਦਰ ਕੌਰ, ਸੈਂਟਰ ਹੈਡ ਟੀਚਰ ਜੋਤੀ ਪੁਰੀ ਅਤੇ ਸੰਦੀਪ ਕੁਮਾਰ ਸ਼ਾਮਿਲ ਹਨ।

Have something to say? Post your comment

 

ਪੰਜਾਬ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਜੇਲ੍ਹ ਵਿਖੇ ਕੈਂਪ ਕੋਰਟ ਲਗਾਈ

ਰਾਜਿੰਦਰ ਸਿੰਘ ਚਾਨੀ ਨੇ ਐਜੂਸੈਟ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ

ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟ

1 ਜੂਨ ਤੋਂ 6 ਜੂਨ 2024 ਤੱਕ ‘ਸ਼ਹੀਦੀ ਸਪਤਾਹ’ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਦਿੱਤਾ ਗਿਆ ਆਦੇਸ਼ ਪੰਜ ਸਿੰਘ ਸਾਹਿਬਾਨ ਵੱਲੋਂ

ਸਵਾਤੀ ਮਾਲੀਵਾਲ ਮਾਮਲੇ 'ਤੇ ਰਾਹੁਲ ਅਤੇ ਪੰਜਾਬ ਕਾਂਗਰਸ ਦੀ ਚੁੱਪੀ ਸ਼ਰਮਨਾਕ : ਡਾ ਸੁਭਾਸ਼ ਸ਼ਰਮਾ

“ਭਾਜਪਾ ਨੂੰ ਸਜ਼ਾ ਦਿਓ ਅਤੇ ਬਾਕੀਆਂ ਨੂੰ ਸਵਾਲ ਕਰੋ” ਲੋਕ ਸਭਾ ਚੋਣਾਂ ਦੌਰਾਨ-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ

ਲੋਕ ਸਭਾ ਹਲਕਾ ਸੰਗਰੂਰ ਵਿਖੇ ਲੋਕ ਸਭਾ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ਵਿੱਚ: ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

ਵੋਟਿੰਗ ਮਸ਼ੀਨਾਂ ਦੀ ਪਹਿਲੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਹੋਈ

ਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰ 

ਬ੍ਰਿਟਿਸ਼ ਕਲੰਬੀਆ ਦੀ ਵਿਧਾਨ ਸਭਾ ਵਿੱਚ ਕਿਰਤ ਮੰਤਰੀ ਤੇ ਸਪੀਕਰ ਨੂੰ ਸ. ਚੰਗਿਆੜਾ ਵੱਲੋਂ ਪੁਸਤਕ ਭੇਟ