ਅੰਮ੍ਰਿਤਸਰ- ਹਰਿਆਣਾ ਪ੍ਰਾਂਤ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਸ਼੍ਰੋਮਣੀ ਕਮੇਟੀ ਤੋਂ ਅਲੱਗ ਹੋ ਕੇ ਹੋਂਦ ਵਿਚ ਆਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਧਾਨ ਸੰਤ ਕਰਮਜੀਤ ਸਿੰਘ ਯਮਨਾਨਗਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੂੰ ਬਤੌਰ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਰਸਮੀ ਤੌਰ ਤੇ ਸ. ਦੀਨਪੁਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਸਮੇਂ ਮਹੰਤ ਕਰਮਜੀਤ ਸਿੰਘ ਪ੍ਰਧਾਨ ਹਰਿਆਣਾ ਗੁ:ਪ੍ਰ: ਕਮੇਟੀ ਅਤੇ ਸੀਨੀਅਰ ਆਗੂ ਸ. ਭੁਪਿੰਦਰ ਸਿੰਘ ਅਸੰਧ ਨੇ ਸ. ਦੀਨਪੁਰ ਨੂੰ ਸਿਰਪਾਓ ਬਖਸ਼ਿਸ਼ ਕਰਕੇ ਮੁੱਖ ਸਕੱਤਰ ਦੀ ਕੁਰਸੀਪੱਦ ਤੇ ਬਿਠਾਇਆ ਤੇ ਲੱਡੂਆਂ ਨਾਲ ਉਸ ਦਾ ਮੂੰਹ ਮਿੱਠਾ ਕਰਵਾਇਆ। ਯਾਦ ਰਹੇ ਸ. ਦੀਨਪੁਰ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨਾਂਦੇੜ ਸਾਹਿਬ ਬੋਰਡ ਦੇ ਵੀ ਬਤੌਰ ਸੁਪਰਡੈਂਟ ਦੀ ਸੇਵਾ ਨਿਭਾ ਚੁੱਕੇ ਹਨ। ਬੁੱਢਾ ਦਲ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਸਮੇਂ ਉਹ ਸਹਿਯੋਗੀ ਰਹੇ ਹਨ। ਮੁੱਖ ਸਕੱਤਰ ਦਾ ਪੱਦ ਸੰਭਾਲਣ ਮੌਕੇ ਸ. ਦੀਨਪੁਰ ਨੇ ਕਿਹਾ ਕਿ ਮੈਂ ਪ੍ਰਧਾਨ ਸੰਤ ਕਰਮਜੀਤ ਸਿੰਘ, ਸ. ਭੁਪਿੰਦਰ ਸਿੰਘ ਅਸੰਧ ਤੇ ਬਾਕੀ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਦਿਆਂ ਮੈਂਨੂੰ ਇਹ ਜੁੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਤਨਦੇਹੀ ਤੇ ਮੈਂਬਰਾਂ, ਮੁਲਾਜਮਾਂ ਦੇ ਸਹਿਯੋਗ ਨਾਲ ਪ੍ਰਬੰਧ ਨੂੰ ਸੁਚਾਰੂ ਲੀਹਾਂ ਨਾਲ ਚਲਾਉਣ ਦਾ ਭਰੋਸਾ ਦੇਂਦਾ ਹਾਂ। ਇਸ ਮੌਕੇ ਸ. ਦੀਨਪੁਰ ਨੂੰ ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸ. ਜਗਜੀਤ ਸਿੰਘ ਜੱਗੀ, ਸ. ਜਸਵਿੰਦਰ ਸਿੰਘ ਦੀਪ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਭਗਤ ਸਿੰਘ, ਪਿ੍ਰੰ: ਇੰਦਰਪਾਲ ਸਿੰਘ, ਸ. ਸਵਿੰਦਰ ਸਿੰਘ ਦੋਬਲੀਆਂ ਆਦਿ ਨੇ ਵਧਾਈ ਦਿਤੀ ਹੈ।