ਅੰਮ੍ਰਿਤਸਰ- ਬਾਬੇ ਕੇ ਫਾਰਮ ਤਪ ਅਸਥਾਨ ਸੰਤ ਬਾਬਾ ਨਾਹਰ ਸਿੰਘ ਸਨੇਰਾਂ ਵਾਲਿਆਂ ਦੇ ਅਸਥਾਨ ਵਿਖੇ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ 80ਵੀਂ ਸਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਸਿੱਖ ਧਰਮ ਨਾਲ ਸਬੰਧਤ ਉਚ ਧਾਰਮਿਕ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਜਿਸ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਮੈਂਬਰ ਪਾਰਲੀਮੈਂਟ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਦੇਵ ਸਿੰਘ ਜੋਗੇਵਾਲ ਅਤੇ ਪੰਥਕ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਉਚੇਚੇ ਤੌਰ ਤੇ ਪੁਜੇ। ਸਟਾਰਟਫੋਰਡ ਦੇ ਜੰਗਲ ਵਿੱਚ ਬਾਬਾ ਨਾਹਰ ਸਿੰਘ ਦੇ ਸੇਵਕਾਂ ਵੱਲੋਂ ਰੌਣਕਾਂ ਤੇ ਧਾਰਮਿਕ ਫ਼ਿਜਾ ਦਾ ਮੰਗਲ ਸਿਰਜਿਆ ਹੋਇਆ ਸੀ।
ਇਸ ਵਿਸ਼ਾਲ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਨੰਦ ਸਿੰਘ ਨੇ ਬੁੱਢਾ ਦਲ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਅਤੇ ਮਹੱਲੇ ਦੀ ਪਰੰਪਰਾ ਬਾਰੇ ਵੀ ਇਤਿਹਾਸਕ ਤੇ ਧਾਰਮਿਕ ਪੱਖ ਤੋਂ ਸੰਗਤਾਂ ਨਾਲ ਸਾਂਝ ਪਾਈ। ਸ਼ਸਤਰਾਂ ਦੇ ਦਰਸ਼ਨਾਂ ਲਈ ਉਤਸੁਕ ਹੋਈਆਂ ਸੰਗਤਾਂ ਨੇ ਖਾਲਸਾਈ ਜੈਕਾਰਿਆਂ ਨਾਲ ਸ਼ਸਤਰਾਂ ਦਾ ਸਵਾਗਤ ਕੀਤਾ। ਬਾਬਾ ਬਲਬੀਰ ਸਿੰਘ ਨੇ ਬੁੱਢਾ ਦਲ ਪਾਸ ਇਤਿਹਾਸਕ ਸ਼ਸਤਰਾਂ ਦਾ ਇਤਿਹਾਸ ਤੇ ਇਨ੍ਹਾਂ ਦੀ ਮਹਾਨਤਾ ਬਾਰੇ ਜਾਣਕਾਰੀ ਸੰਗਤਾਂ ਨੂੰ ਦੇਂਦਿਆਂ ਸਤਿਕਾਰ ਸਹਿਤ ਦਰਸ਼ਨ ਕਰਵਾਏ। ਇਸ ਸਮੇਂ ਗਿਆਨੀ ਮੁਖਤਿਆਰ ਸਿੰਘ ਜਫਰ ਦੇ ਢਾਡੀ ਜਥੇ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਨ੍ਹਾਂ ਬਰਸੀ ਸਮਾਗਮਾਂ ਦੇ ਮੁੱਖ ਪ੍ਰਬੰਧਕ ਬਾਬਾ ਜਸਵਿੰਦਰ ਸਿੰਘ ਕਾਲਾ ਅਤੇ ਸ. ਮਨਜੀਤ ਸਿੰਘ ਭੋਗਲ ਐਡਵੋਕੇਟ ਵੱਲੋਂ ਸਫਲ ਤੇ ਚੰਗੇ ਪ੍ਰਬੰਧ ਕੀਤੇ ਹੋਏ ਸਨ।
ਇਸ ਸਮੇਂ ਬਾਬਾ ਬਲਬੀਰ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ, ਬਾਣੀ ਬਾਣੇ ਦੇ ਧਾਰਨੀ ਹੋਣ। ਨਿਹੰਗ ਮੁਖੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਖੇ ਨਿਹੰਗ ਸਿੰਘ ਦਲਾਂ ਵੱਲੋਂ ਬੁੱਢਾ ਦਲ ਦੀ ਅਗਵਾਈ ਵਿੱਚ ਕੱਢੇ ਜਾਂਦੇ ਮਹੱਲੇ ਲਈ ਸੰਤ ਸੀਚੇਵਾਲ ਵੱਲੋਂ ਸਟੇਜ ਤੇ ਬੈਰੀਕੇਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਮੇਂ ਤਪ ਅਸਥਾਨ ਬਾਬੇ ਕੇ ਫਾਰਮ ਦੇ ਪ੍ਰਬੰਧਕਾਂ ਵੱਲੋਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦਾ ਸਾਂਝੇ ਤੌਰ ਤੇ ਸਨਮਾਨ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਬਲਦੇਵ ਸਿੰਘ ਜੋਗੇਵਾਲ, ਸ. ਜਸਵੰਤ ਸਿੰਘ ਵਿਰਦੀ ਮੇਅਰ, ਸ. ਗੁਰਮੀਤ ਸਿੰਘ, ਸ. ਸੁਖਵਿੰਦਰ ਸਿੰਘ, ਬਾਬਾ ਜਸਵਿੰਦਰ ਸਿੰਘ ਕਾਲਾ, ਸ. ਮਨਜੀਤ ਸਿੰਘ ਭੋਗਲ ਐਡਵੋਕੇਟ, ਸ. ਭੁਪਿੰਦਰ ਸਿੰਘ ਬਵੀ, ਸ. ਕਿਰਤਰਾਜ ਸਿੰਘ ਸਕੱਤਰ ਤੇ ਕੌਸਲਰ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਜਸਵਿੰਦਰ ਸਿੰਘ ਇੰਚਾਰਜ਼ ਬੁੱਢਾ ਦਲ ਅਮਰੀਕਾ ਤੇ ਹੋਰ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।