ਅੰਮ੍ਰਿਤਸਰ-ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਆਪਣੀ ਯੂ.ਕੇ ਦੀ ਧਾਰਮਿਕ ਯਾਤਰਾ ਸਮੇਂ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਦੀਵਾਨ ਓਲਡਬਰੀ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਬਰਮਿੰਘਮ ਅਤੇ ਗੁਰਦੁਆਰਾ ਹਰਿਰਾਏ ਸਾਹਿਬ ਵੈਸਟ ਬਰੋਵਿਚ ਵਿਖੇ ਪੁਜੇ। ਗੁ: ਹਰਿਰਾਏ ਸਾਹਿਬ ਦੇ ਪਿੱਛੇ ਵਿਸ਼ਾਲ ਪਾਰਕ ਵਿਚ ਕੀਤੇ ਗੁਰਮਤਿ ਸਮਾਗਮਾਂ ਸਮੇਂ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ। ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਸੰਤ ਕਰਤਾਰ ਸਿੰਘ ਮੁਖੀ ਦਮਦਮੀ ਟਕਸਾਲ ਅਤੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਸਨ। ਇਸ ਸਮਾਗਮ ਦੇ ਪ੍ਰਬੰਧਕ ਸੰਤ ਭਗਵਾਨ ਸਿੰਘ ਬੇਗੋਵਾਲ, ਬਾਬਾ ਹਰਜਿੰਦਰ ਸਿੰਘ ਖੇਲਾ ਅਤੇ ਟਕਸਾਲ ਦੇ ਭੁਜੰਗੀਆਂ ਨੇ ਸਮਰਪਿਤ ਭਾਵਨਾ ਨਾਲ ਸੰਗਤਾਂ ਦੀ ਸੇਵਾ ਕੀਤੀ।
ਇਨ੍ਹਾਂ ਸਮਾਗਮਾਂ ਵਿੱਚ ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਸੰਤ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਬਲਦੇਵ ਸਿੰਘ ਜੋਗੇਵਾਲ ਵਿਸ਼ੇਸ਼ ਤੌਰ ਪੁਜੇ। ਸਮਾਗਮ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਸ਼ਸਤਰਾਂ ਦੀ ਆਮਦ ਮੌਕੇ ਸਮਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਜੈਕਾਰਿਆਂ ਨਾਲ ਸਵਾਗਤ ਕੀਤਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਟਕਸਾਲ ਤੇ ਬੁੱਢਾ ਦਲ ਦੇ ਆਪਸੀ ਸਬੰਧਾਂ ਬਾਰੇ ਬੋਲਦਿਆਂ ਕਿਹਾ ਮਿਸਲ ਸ਼ਹੀਦਾਂ ਦੇ ਮੁਖੀ ਬਾਬਾ ਦੀਪ ਸਿੰਘ ਬੁੱਢਾ ਦਲ ਦੇ ਹੀ ਸਿਪਾ ਸਲਾਰ ਸਨ। ਉਹ ਦੇਗੀਏ ਵੱਜੋਂ ਸੇਵਾ ਨਿਭਾਉਂਦੇ ਰਹੇ ਹਨ। ਉਨ੍ਹਾਂ ਕਿਹਾ ਜਦੋਂ ਸੰਤ ਕਰਤਾਰ ਸਿੰਘ ਨੂੰ ਮੁਖੀ ਬਨਾਇਆ ਜਾਣਾ ਸੀ ਬਾਬਾ ਸੰਤਾ ਸਿੰਘ ਵੱਲੋਂ ਪਹਿਲੀ ਦਸਤਾਰ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਸੰਤ ਈਸ਼ਰ ਸਿੰਘ ਰਾੜੇ ਵਾਲਿਆਂ ਵੀ ਬੁੱਢਾ ਦਲ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਜੋ ਸ਼ਸਤਰ ਗੁਰੂ ਸਾਹਿਬਾਨ ਵੱਲੋਂ ਬੁੱਢਾ ਦਲ ਦੇ ਮੁਖੀਆਂ ਨੂੰ ਬਖਸ਼ਿਸ਼ ਹੋਏ ਉਨ੍ਹਾਂ ਦੇ ਦਰਸ਼ਨ ਸੰਗਤਾਂ ਸਰਧਾ ਭਾਵਨਾ ਨਾਲ ਕਰ ਰਹੀਆਂ ਹਨ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਟਾਰ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ, ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਢਾਲ, ਅਕਾਲੀ ਬਾਬਾ ਫੂਲਾ ਸਿੰਘ ਦਾ ਖੰਜਰ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਮਸ਼ੀਰ, ਸ਼ਹੀਦ ਬਾਬਾ ਦੀਪ ਸਿੰਘ ਦੀ ਦਸਤਾਰ ਦਾ ਚੱਕਰ ਆਦਿ ਦੇ ਵਾਰੋਵਾਰੀ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ। ਇਹ ਵੀ ਵਰਨਣਯੋਗ ਹੈ ਕਿ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਯੂ.ਕੇ ਫੇਰੀ ਨੂੰ ਸਿੱਖ ਸੰਗਤਾਂ ਵੱਲੋਂ ਮਿਲ ਰਿਹਾ ਇਤਿਹਾਸਕ ਹੁੰਗਾਰਾ।
ਇਸ ਮੌਕੇ ਸੰਤ ਭਗਵਾਨ ਸਿੰਘ ਬੇਗੋਵਾਲ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਸੰਤ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਬਾਬਾ ਬਲਬੀਰ ਸਿੰਘ ਦਾ ਭਰਵਾ ਸਨਮਾਨ ਕੀਤਾ। ਉਪਰੰਤ ਵੱਖ-ਵੱਖ ਜਥਿਆਂ ਨੇ ਰਾਤਰੀ ਰੈਣ ਸੁਬਾਈ ਕੀਰਤਨ ਕੀਤਾ। ਇਸ ਸਮੇਂ ਸ. ਦਲਜੀਤ ਸਿੰਘ ਸਹੋਤਾ, ਗਿਆਨੀ ਭਗਵਾਨ ਸਿੰਘ ਜੌਹਲ, ਬਾਬਾ ਜਸਵਿੰਦਰ ਸਿੰਘ ਜੱਸੀ ਇੰਚਾਰਜ਼ ਬੁੱਢਾ ਦਲ ਅਮਰੀਕਾ, ਬਾਬਾ ਹਰਜੀਤ ਸਿੰਘ ਰਾਗੀ ਖੰਡਾ ਖੜਕੇਗਾ, ਸ. ਭੁਪਿੰਦਰ ਸਿੰਘ ਬਵੀ, ਸ. ਕਿਰਤਰਾਜ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।