ਪੰਜਾਬ

ਪੰਥ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸ ਤਰ੍ਹਾਂ ਘੱਟਗਿਣਤੀਆਂ ਦੇ ਹੱਕ-ਹਕੂਕ ਖਤਮ ਕੀਤੇ ਜਾ ਰਹੇ ਹਨ-ਐਡਵੋਕੇਟ ਧਾਮੀ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | April 30, 2024 09:04 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਸ੍ਰੀ ਹਰਜੀਤ ਗਰੇਵਾਲ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਪੰਥ ਦੀ ਪਹਿਰੇਦਾਰ ਹੁੰਦਿਆਂ ਸਿੱਖ ਸਿਧਾਂਤਾਂ ਵਿਰੁੱਧ ਗਤੀਵਿਧੀਆਂ ’ਤੇ ਹਮੇਸ਼ਾ ਅਵਾਜ਼ ਉਠਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਭਾਜਪਾ ਵਿੱਚ ਜਾਣ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਕੀਤੇ ਜਾਣ ਮਗਰੋਂ ਹਰਜੀਤ ਗਰੇਵਾਲ ਸਿੱਖ ਸਿਧਾਂਤਾਂ ਨੂੰ ਰਲਗੱਡ ਕਰਨ ਵਾਲੀ ਭਾਜਪਾ ਦੀ ਸਾਜ਼ਸ਼ੀ ਨੀਤੀ ਤਹਿਤ ਬਿਆਨਬਾਜੀ ਕਰ ਰਹੇ ਹਨ, ਜਦਕਿ ਸਿੱਖ ਪੰਥ ਜਾਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸ ਤਰ੍ਹਾਂ ਘੱਟਗਿਣਤੀਆਂ ਦੇ ਹੱਕ-ਹਕੂਕ ਖਤਮ ਕੀਤੇ ਜਾ ਰਹੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਆਰਐੱਸਐੱਸ ਦੇ ਏਜੰਡੇ ਤਹਿਤ ਕੰਮ ਕਰਨ ਵਾਲੀ ਭਾਜਪਾ ਸਿੱਖ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਕਰਕੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸਿੱਧੇ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਨਾ ਚਾਹੁੰਦੀ ਹੈ, ਜਦਕਿ ਹਰਜੀਤ ਗਰੇਵਾਲ ਵਰਗੇ ਲੋਕ ਭਾਜਪਾ ਦੇ ਸਿੱਖ-ਵਿਰੋਧੀ ਏਜੰਡੇ ਨੂੰ ਲਾਗੂ ਕਰਨ ਵਿੱਚ ਕਾਹਲੇ ਦਿਸਦੇ ਹਨ।
ਐਡੋਵੇਕਟ ਧਾਮੀ ਨੇ ਕਿਹਾ ਕਿ ਜਿਸ ਭਾਜਪਾ ਨੂੰ ਸ੍ਰੀ ਗਰੇਵਾਲ ਸਿੱਖ-ਹਿਤੈਸ਼ੀ ਪਾਰਟੀ ਦੱਸ ਰਹੇ ਉਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੰਬਿਤ ਪਏ ਸਿੱਖ ਮਾਮਲੇ ਸੁਲਝਾਉਣ ਵਿੱਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਅੰਦਰ ਨਜ਼ਰਬੰਦ ਸਿੱਖਾਂ ਦਾ ਮਸਲਾ ਹੋਵੇ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਨਾਲ ਸਬੰਧਤ ਗੁਰੂ ਘਰਾਂ ਦੇ ਮਾਮਲੇ ਹੋਣ, ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਦੇ ਵੀ ਹੱਲ ਕਰਨ ਦੀ ਪਹਿਲਕਦਮੀ ਨਹੀਂ ਕੀਤੀ। ਇੱਥੋਂ ਤੱਕ ਕੇ ਭਾਜਪਾ ਦੀ ਸਰਕਾਰ ਵੱਲੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਸਿੱਖ ਮਸਲਿਆਂ ਸਬੰਧੀ ਸਮਾਂ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਜਾਂਦਾ।
ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਤੋਂ ਅਣਜਾਣ ਗਰੇਵਾਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕੋ ਧਾਰਾ ਦੇ ਹੀ ਦੋ ਅੰਗ ਹਨ, ਜਿਨ੍ਹਾਂ ਨੇ ਹਮੇਸ਼ਾ ਹੀ ਸੰਯੁਕਤ ਯਤਨਾਂ ਨਾਲ ਸਿੱਖ ਮਾਮਲਿਆਂ ਦੀ ਤਰਜਮਾਨੀ ਕੀਤੀ ਹੈ। ਪੰਥ ਦੀਆਂ ਇਹ ਸੰਸਥਾਵਾਂ ਕਿਸੇ ਇੱਕ ਦੀ ਮਲਕੀਅਤ ਨਹੀਂ ਸਗੋਂ ਇਨ੍ਹਾਂ ਦਾ ਇਤਿਹਾਸ ਲੋਕ ਸੰਘਰਸ਼ ਦਾ ਪ੍ਰਤੀਨਿਧ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਮੇਂ-ਸਮੇਂ ਸਰਕਾਰਾਂ ਵੱਲੋਂ ਇਨ੍ਹਾਂ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ, ਜਿਨ੍ਹਾਂ ਦਾ ਕੌਮ ਨੇ ਹਮੇਸ਼ਾ ਮੂੰਹਤੋੜ ਜਵਾਬ ਦਿੱਤਾ ਹੈ। ਮੌਜੂਦਾ ਸਮੇਂ ਵੀ ਇਹ ਸੰਸਥਾਵਾਂ ਸਿੱਖਾਂ ਦੀਆਂ ਤਰਜਮਾਨ ਹਨ ਅਤੇ ਹਰ ਸਿੱਖ ਵਿਰੋਧੀ ਵਰਤਾਰੇ ਨੂੰ ਚੁਣੌਤੀ ਦਿੰਦੀਆਂ ਰਹਿਣਗੀਆਂ।
ਬੇਅਦਬੀ ਦੇ ਮਾਮਲੇ ਸਬੰਧੀ ਗਰੇਵਾਲ ਵੱਲੋਂ ਉਠਾਏ ਸਵਾਲ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਵਿਰੋਧੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਵਾ ਕੇ ਸੂਬੇ ਦਾ ਮਾਹੌਲ ਖਰਾਬ ਕੀਤਾ ਗਿਆ। ਉਨ੍ਹਾਂ ਕਿਹਾ ਬੀਤੇ ਸਮੇਂ ਵਿੱਚ ਸਾਹਮਣੇ ਆਏ ਤੱਥਾਂ ਤੋਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਸਿੱਧੇ ਤੌਰ ’ਤੇ ਡੇਰਾ ਸਿਰਸਾ ਨਾਲ ਸਬੰਧਤ ਲੋਕਾਂ ਵੱਲੋਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸ੍ਰੀ ਗਰੇਵਾਲ ਇਹ ਦੱਸਣ ਕਿ ਬੇਅਦਬੀ ਦੇ ਦੁਖਦਾਈ ਮਾਮਲੇ ਦੇ ਮੁੱਖ ਦੋਸ਼ੀ ਵਜੋਂ ਨਾਮਜ਼ਦ ਹੋ ਚੁੱਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ’ਤੇ ਹਰਿਆਣਾ ਅੰਦਰ ਕਿਸਦੀ ਸਰਕਾਰ ਮੇਹਰਬਾਨ ਹੈ? ਉਸ ਨੂੰ ਬਾਰ-ਬਾਰ ਬੇਰੋਕ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ?
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਹਰਜੀਤ ਗਰੇਵਾਲ ਨੂੰ ਇਸ ਗੱਲ ਦੀ ਵੀ ਕੋਈ ਸਮਝ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਸਿੱਖੀ ਪ੍ਰਚਾਰ ਦੇ ਨਾਲ-ਨਾਲ ਦੇਸ਼ ਭਰ ਅੰਦਰ 100 ਤੋਂ ਵੱਧ ਵਿਦਿਅਕ ਅਦਾਰੇ ਚਲਾ ਰਹੀ ਹੈ। ਉਨ੍ਹਾਂ ਆਖਿਆ ਕਿ ਭਾਵੇਂ ਵਿਦਿਆ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਕੰਮ ਹੈ ਪਰੰਤੂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੇ ਮੋਹਰੀ ਹੋ ਕੇ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਅੰਦਰ ਵੀ ਕਾਮਯਾਬੀ ਨਾਲ ਵਿਦਿਅਕ ਅਦਾਰੇ ਚਲਾਏ ਹਨ। ਇਸ ਦੀ ਮਿਸਾਲ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀ ਹਨ, ਜਿਨ੍ਹਾਂ ਨੂੰ ਸਿਖਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਸਿੱਖ ਵਿਰਾਸਤ ਨਾਲ ਵੀ ਜੋੜਿਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਸਿਧਾਂਤਾਂ ਤੇ ਸਿੱਖ ਸਰੋਕਾਰਾਂ ਦੀ ਤਰਜਮਾਨੀ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟੇਗੀ।

 

Have something to say? Post your comment

 

ਪੰਜਾਬ

ਸੁਭਾਸ਼ ਸ਼ਰਮਾ ਨੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਮੁਖੀ ਸ. ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਲਿਆ ਅਸ਼ੀਰਵਾਦ

1 ਜੂਨ ਨੂੰ ਤੁਸੀਂ ਪਹਿਰਾ ਦਿਓ, ਉਸ ਤੋਂ ਬਾਅਦ ਪੰਜ ਸਾਲ ਮੈਂ ਤੁਹਾਡੇ ਲਈ ਪਹਿਰਾ ਦੇਵਾਂਗਾ- ਪਵਨ ਕੁਮਾਰ ਟੀਨੂੰ

ਭਾਜਪਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਉਸ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ-ਭਗਵੰਤ ਮਾਨ

ਭਾਈ ਅੰਮ੍ਰਿਤਪਾਲ ਨੂੰ ਮਿਲਿਆ ਚੋਣ ਨਿਸ਼ਾਨ ਮਾਈਕ ਅਤੇ ਅੰਮ੍ਰਿਤਸਰ ਅਕਾਲੀ ਦਲ ਨੂੰ ਮਿਲਿਆ ਚੋਣ ਨਿਸ਼ਾਨ ਬਾਲਟੀ

ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀ ਕੁਸ਼ਲਦੀਪ ਸਿੰਘ, ਵਿਸ਼ਵਦੀਪ ਸਿੰਘ, ਜ਼ਪਨੀਤ ਕੌਰ ਤੇ ਜ਼ਸਲੀਨ ਕੌਰ ਨੇ ਦਸਵੀ ਕਲਾਸ ਦੇ ਬਣੇ ਟਾਪਰ

328 ਉਮੀਦਵਾਰ 13 ਲੋਕ ਸਭਾ ਸੀਟਾਂ ਤੋਂ ਪੰਜਾਬ ਵਿੱਚ ਅਜਮਾ ਰਹੇ ਹਨ ਆਪਣੀ ਕਿਸਮਤ-ਸਿਬਿਨ ਸੀ

ਪੰਜਾਬ ਪੁਲਿਸ ਨੇ ਅਮਰੀਕਾ ਵਿੱਚ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ

ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰੀ ਸਿੰਘ ਗਰੇਵਾਲ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਵੜਿੰਗ ਨੇ ਔਰਤਾਂ ਲਈ 8500 ਰੁਪਏ ਮਹੀਨਾ ਭੱਤਾ, ਐਮਐਸਪੀ ਨੂੰ ਕਾਨੂੰਨੀ ਦਰਜਾ ਅਤੇ ਨੌਜਵਾਨਾਂ ਲਈ ਨੌਕਰੀਆਂ ਦਾ ਕੀਤਾ ਵਾਅਦਾ