ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ, ਜਿਸ ਵਿੱਚ ਸ਼੍ਰੀਮਤੀ ਜਸਬੀਰ ਕੋਰ ਜੱਸੀ ਪ੍ਰਧਾਨ ਅਕਾਲੀ ਦਲ ਯੂਥ ਵਿੰਗ ਪੰਜਾਬ, ਸ਼੍ਰੀ ਰਾਮ ਅਰਸ਼, ਸ.ਬਲਕਾਰ ਸਿੰਘ ਸਿੱਧੂ ਪ੍ਰਧਾਨ ਪੰਜਾਬੀ ਲੇਖਕ ਸਭਾ, ਚੰਡੀਗੜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਜਿਸ ਉਪਰੰਤ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਨੇ 26 ਜਨਵਰੀ ਦੇ ਇਤਿਹਾਸ ਉੱਤੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ/ਸਤਿਕਾਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅੱਜਕਲ੍ਹ ਦੇ ਇੱਕ ਬਹੁਤ ਹੀ ਗੰਭੀਰ ਮਸਲੇ ਉੱਤੇ ਵਿਚਾਰ ਚਰਚਾ ਕੀਤੀ ਗਈ, ਜੋ ਕਿ ਅਜਕੱਲ ਬੱਚੇ ਅਪਨੇ ਮਾਪਿਆਂ ਨੂੰ ਅਨਾਥ ਆਸਰਮਾ ਵਿੱਚ ਛੱਡ ਰਹੇ ਹਨ, ਜਾਂ ਫਿਰ ਉਹਨਾਂ ਨੇ ਮਾਪਿਆਂ ਨੂੰ ਘਰਾਂ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਹੱਲ ਕਰਨ ਬਾਰੇ ਸਾਰਿਆਂ ਨੇ ਆਪਨੇ ਆਪਨੇ ਸੁਝਾਅ ਦਿੱਤੇ। ਪ੍ਰੋਗਰਾਮ ਵਿੱਚ ਸ਼ਾਮਿਲ ਸ਼੍ਰੀਮਤੀ ਜਸਬੀਰ ਕੋਰ ਜੱਸੀ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਗੱਲ ਹੈ ਕਿ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਸਮਾਜ ਨੂੰ ਅਪਨੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ, ਉਹਨਾਂ ਨੇ ਇਹ ਵੀ ਕਿਹਾ ਪਰਵੀਨ ਸੰਧੂ ਜੀ ਜੋ ਇਹ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਇਹ ਸੇਵਾ ਹੋਰ ਸਾਰੀਆਂ ਸੇਵਾਵਾਂ ਤੋਂ ਉੱਪਰ ਹੈ। ਜਸਬੀਰ ਕੋਰ ਜੱਸੀ ਨੇ ਪਰਵੀਨ ਸੰਧੂ ਦੀ ਸੰਸਥਾ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਨਾਲ ਜੁੜਨ ਲਈ ਦਿਲੋਂ ਦਿਲਚਸਪੀ ਸਾਂਝੀ ਕੀਤੀ ਤਾਂ ਜੋ ਉਹ ਇਸ ਸੰਸਥਾ ਨਾਲ ਜੁੜ ਕੇ ਹੋਰ ਵੀ ਵੱਧ ਚੜ੍ਹ ਕੇ ਸਮਾਜ ਸੇਵੀ ਕੰਮ ਕਰ ਸਕਣ। ਉਸਤਾਦ ਗਜ਼ਲਗੋ ਸ੍ਰੀ ਰਾਮ ਅਰਸ਼ ਜੀ ਨੇ ਸਾਰਿਆਂ ਨੂੰ ਏਕਤਾ ਦਾ ਸੰਦੇਸ਼ ਦਿੰਦੇ ਹੋਏ ਹੱਕਾਂ ਤੋਂ ਪਹਿਲਾਂ ਆਪਣੇ ਫਰਜ਼ ਪਛਾਣਨ ਦੀ ਗੱਲ ਕੀਤੀ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਜੀ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਹੋਏ ਇੱਕ ਆਪਣੇ ਦਿਲਕਸ਼ ਅੰਦਾਜ਼ ਵਿੱਚ ਨਗਮਾ ਪੇਸ਼ ਕੀਤਾ ਤੇ ਸਾਰੀ ਮਹਿਫਲ ਨੂੰ ਝੂਮਣ ਲਾ ਦਿੱਤਾ। ਸ਼ਾਇਰ ਭੱਟੀ ਨੇ ਸਵਿਧਾਨ ਦੇ ਰਚੇਤਾ ਡਾ. ਬੀ. ਆਰ. ਅੰਬੇਡਕਰ ਨੂੰ ਯਾਦ ਕੀਤਾ ਤੇ ਉਹਨਾ ਦੇ ਕੀਤੇ ਮਹਾਨ ਕਾਰਜਾਂ ਤੇ ਚਾਨਣਾ ਵੀ ਪਾਇਆ। ਇਸਦੇ ਨਾਲ ਹੀ ਮੀਟਿੰਗ ਵਿੱਚ ਸ਼ਾਮਿਲ ਸਾਰੀਆਂ ਸਖਸੀਅਤਾਂ ਪ੍ਰੋ.ਤੇਜਾ ਸਿੰਘ ਧੂਹਾ, ਅਮਰਜੀਤ ਕੋਰ ਧੂਹਾ, ਮਨਜੀਤ ਕੋਰ ਮੀਤ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ, ਰਾਖੀ ਬਾਲਾ ਸੁਬਰਾਮਨੀਅਮ, ਬਲਬੀਰ ਸੋਨੀ, ਸ਼ੀਨੂੰ ਵਾਲੀਆ, ਪਲਵੀ ਰਾਮਪਾਲ, ਡਾ.ਮੀਨਾ ਚੱਢਾ, ਹਰਜੀਤ ਕੰਗ, ਪਰੀਨੂਰ ਢਿੰਡਸਾ, ਬਲਜੀਤ ਕੋਰ, ਜਸਮਾਈਨ, ਅਰਸ਼ਲੀਨ ਆਹਲੂਵਾਲੀਆ, ਨਿਤਿਨ ਰਾਮਪਾਲ, ਨਾਕੁਲ, ਵਿਟਲ, ਸੁਖਰਾਜ ਸਿੱਧੂ, ਆਸ਼ੀਸ਼ ਮਸੀਹ ਨੇ ਆਪਣੇ-ਆਪਣੇ ਵਿਚਾਰ ਸਾਂਝੇਂ ਕੀਤੇ। ਹਰ ਪ੍ਰੋਗਰਾਮ ਦੀ ਤਰ੍ਹਾਂ ਇਹ ਪ੍ਰੋਗਰਾਮ ਵੀ ਬਹੁਤ ਹੀ ਸਫਲਤਾਪੂਰਵਕ ਰਿਹਾ।