ਨਵੀਂ ਦਿੱਲੀ- ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਮਹਿਲ ਸਿੰਘ ਬੱਬਰ ਜੋ 50 ਸਾਲਾਂ ਤੋਂ ਪਾਕਿਸਤਾਨ ਦੀ ਧਰਤੀ ਤੇ ਜਲਾਵਤਨੀ ਕੱਟ ਰਹੇ ਸਨ, ਪਿਛਲੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦੇ ਸੰਬੰਧ ਵਿੱਚ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਪਾਏ ਗਏ ਉਪਰੰਤ ਵੱਖ-ਵੱਖ ਪੰਥਕ ਬੁਲਾਰਿਆਂ ਨੇ ਭਾਈ ਮਹਿਲ ਸਿੰਘ ਦੇ ਜੀਵਨ ਅਤੇ ਉਹਨਾਂ ਦੀ ਕੁਰਬਾਨੀ ਦਾ ਵਰਣਨ ਸੰਗਤ ਦੇ ਸਨਮੁੱਖ ਕੀਤਾ । ਪੰਥਕ ਬੁਲਾਰਿਆਂ ਨੇ ਚੱਲ ਰਹੇ ਕੌਮੀ ਸੰਘਰਸ਼ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਬਾਰੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਅਤੇ ਕੌਮੀ ਘਰ ਦੀ ਪ੍ਰਾਪਤੀ ਲਈ ਤਤਪਰ ਹੋਣ ਲਈ ਵੀ ਕਿਹਾ । ਇਸ ਦੌਰਾਨ ਪੰਥਕ ਬੁਲਾਰੇ ਜਿੰਨਾ ਦੇ ਵਿਚ ਜਥੇਦਾਰ ਅਜਾਇਬ ਸਿੰਘ ਬਾਗੜੀ, ਭਾਈ ਮੋਨਿੰਦਰ ਸਿੰਘ ਬੀ.ਸੀ. ਗੁਰਦੁਆਰਾ ਕੌਂਸਲ ਅਤੇ ਗੁਰੂ ਘਰ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਭਾਈ ਸਾਹਿਬ ਦੇ ਜੀਵਨ ਅਤੇ ਪੰਥ ਅੰਦਰ ਚਲ ਰਹੇ ਮਸਲਿਆਂ ਬਾਰੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਭਾਈ ਗੁਰਮੀਤ ਸਿੰਘ ਤੂਰ ਨੇ ਆਉਣ ਵਾਲੇ ਰੈਫਰੈਂਡਮ ਵਿਚ ਜੋ ਕੇ 18 ਅਗਸਤ 2025 ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਦੀ ਧਰਤੀ ਤੇ ਹੋਣਾ ਹੈ ਉਸ ਵਿਚ ਵੀ ਵੱਧ-ਚੜ ਕੇ ਹਿੱਸਾ ਪਾਉਣ ਦੀ ਅਤੇ ਸਾਥ ਦੇਣ ਦੀ ਬੇਨਤੀ ਕੀਤੀ ਅਤੇ ਸੰਗਤਾਂ ਨੂੰ ਓਥੇ ਵਡੀ ਗਿਣਤੀ ਅੰਦਰ ਪਹੁੰਚਣ ਦੀ ਬੇਨਤੀ ਕੀਤੀ ਤਾ ਜੋ ਚੱਲ ਰਹੇ ਕੌਮੀ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਅਤੇ ਕਾਮਯਾਬ ਬਣਾਇਆ ਜਾ ਸਕੇ । ਸਮਾਗਮ ਵਿਚ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮੋਨਿੰਦਰ ਸਿੰਘ, ਜਥੇਦਾਰ ਅਜਾਇਬ ਸਿੰਘ ਬਾਗੜੀ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਸ਼ਾਮਿਲ ਸਨ।