ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਸਰਕਾਰ ਵੱਲੋਂ ਘੱਟ ਗਿਣਤੀ ਵਿਦਿਆਰਥੀਆਂ ਲਈ ਸਾਲਾਨਾ ਫੀਸ ਵਾਪਸੀ ਦੀ ਹੱਦ 48 ਹਜ਼ਾਰ ਰੁਪਏ ਤੋਂ ਵਧਾਈ ਜਾਵੇ। ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੂੰ ਲਿਖੇ ਪੱਤਰ ਵਿਚ ਸਰਦਾਰ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਘੱਟ ਗਿਣਤੀ ਵਿਦਿਆਰਥੀਆਂ ਲਈ ਫੀਸ ਵਾਪਸੀ ਦੀ ਇਹ ਹੱਦ 48 ਹਜ਼ਾਰ ਰੁਪਏ ਹੈ ਪਰ ਅਨੇਕਾਂ ਸਕੂਲਾਂ ਨੇ 2025-26 ਲਈ ਫੀਸਾਂ ਵਿਚ ਚੋਖਾ ਵਾਧਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਦਰਾਂ ਦੇ ਹਿਸਾਬ ਨਾਲ ਫੀਸ ਵਾਪਸੀ ਨਾਲ ਘੱਟ ਗਿਣਤੀ ਨਾਲ ਸਬੰਧਤ ਪਰਿਵਾਰਾਂ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਅਪੀਲ ਕੀਤੀ ਕਿ ਮੌਜੂਦਾ ਦਰ 48 ਹਜ਼ਾਰ ਰੁਪਏ ਤੋਂ ਵਧਾ ਕੇ 60 ਹਜ਼ਾਰ ਰੁਪਏ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਦਰ ਵਿਚ ਵਾਧੇ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਘੱਟ ਗਿਣਤੀ ਵਰਗ ਦੇ ਮੈਰੀਟੋਰੀਅਸ ਤੇ ਕਾਬਲ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਨਾ ਹੋਣ। ਉਹਨਾਂ ਆਸ ਪ੍ਰਗਟ ਕੀਤੀ ਕਿ ਮਾਲੀਆ ਵਿਭਾਗ ਮੁੱਖ ਮੰਤਰੀ ਦੀ ਅਗਵਾਈ ਹੇਠ ਇਸ ਪਾਸੇ ਧਿਆਨ ਦਿੰਦਿਆਂ ਇਸ ਹੱਦ ਵਿਚ ਵਾਧਾ ਕਰੇਗਾ ਤਾਂ ਜੋ ਘੱਟ ਗਿਣਤੀ ਵਰਗ ਨੂੰ ਇਨਸਾਫ ਮਿਲ ਸਕੇ ਤੇ ਇਹਨਾਂ ਦੇ ਵਿਦਿਆਰਥੀ ਚੰਗੀ ਸਿੱਖਿਆ ਹਾਸਲ ਕਰ ਸਕਣ।