ਅੰਮ੍ਰਿਤਸਰ-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਵਿਖੇ ਸਵਾਗਤ ਅਤੇ ਵਿਦਾਇਗੀ ਪਾਰਟੀ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ ਦੀ ਅਗਵਾਈ ਹੇਠ ਕਰਵਾਏ ਉਕਤ ਪ੍ਰੋਗਰਾਮ ਮੌਕੇ ਨਵੇਂ ਬੈਚ ਦੇ ਵਿਦਿਆਰਥੀਆਂ ਦਾ ਸਵਾਗਤ ਅਤੇ ਵਿੱਦਿਆ ਪ੍ਰਾਪਤ ਕਰਕੇ ਜਾਣ ਵਾਲਿਆਂ ਨੂੰ ਪਿਆਰ ਭਰੀ ਵਿਦਾਇਗੀ ਦਿੱਤੀ ਗਈ।
ਉਕਤ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਦੌਰਾਨ ਪ੍ਰਿੰਸੀਪਲ ਡਾ. ਮਲਹੋਤਰਾ ਨੇ ਸਮੂੰਹ ਵਿਦਿਆਰਥੀਆਂ ਨੂੰ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਕਾਲਜ ਅਲੂਮਨੀ ਦੇ ਮੈਂਬਰ ਬਣ ਕੇ ਉਹ ਹਮੇਸ਼ਾਂ ਹੀ ਸੰਸਥਾ ਦੀ ਵਿਰਾਸਤ ਦਾ ਹਿੱਸਾ ਰਹਿਣਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਕਾਲਜ ਤੇ ਸਹਿ-ਵਿਦਿਆਰਥੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਜ਼ਿੰਦਗੀ ’ਚ ਉਚਾਈਆਂ ਨੂੰ ਛੂਹਣ ਲਈ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ।
ਉਨ੍ਹਾਂ ਕਿਹਾ ਕਿ ਕੋਈ ਮੰਜਿਲ ਦੂਰ ਨਹੀਂ ਹੁੰਦੀ, ਬੱਸ ਉਸ ਨੂੰ ਹਾਸਲ ਕਰਨ ਲਈ ਇਕ ਜੋਸ਼ ਤੇ ਜਨੂੰਨ ਚਾਹੀਦਾ ਹੈ ਅਤੇ ਜਿੰਨ੍ਹਾਂ ਦੇ ਮਨ ਸਾਫ਼ ਹੁੰਦੇ ਹਨ ਉਹ ਕਦੇ ਵੀ ਅਸਫ਼ਲਤਾ ਦੇ ਨੇੜੇ ਵੀ ਨਹੀਂ ਫੱਟਕਦੇ। ਉਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਆਪਣੀਆਂ ਸ਼ੁਭਇੱਛਾਵਾਂ ਭੇਟ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਜਿਸ ’ਚ ਗਿੱਧਾ, ਡਾਂਸ, ਗੀਤ, ਸਕਿੱਟਾਂ ਆਦਿ ਰਾਹੀਂ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ।
ਉਨ੍ਹਾਂ ਨਵੇਂ ਅਤੇ ਜਾਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਜੀਵਨ ਦੇ ਅਸਲ ਮਕਸਦ ਨੂੰ ਪਛਾਨਣ ਲਈ ਸਹੀ ਜੀਵਨ ਸ਼ੈਲੀ ਅਪਨਾਉਣ ’ਤੇ ਜ਼ੋਰ ਦਿੱਤਾ।