ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਬੀਰ ਜਯੰਤੀ ਦੇ ਮੌਕੇ ’ਤੇ ਵਧਾਈ ਦਿੰਦੇ ਹੋਏ, ਲੋਕਾਂ ਨੂੰ ਇੱਕਜੁਟਤਾ ਨਾਲ ਕੰਮ ਕਰਨ ਅਤੇ ਮਹਾਨ ਸੰਤ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਸਮਾਜਿਕ ਸਦਭਾਵਨਾ, ਸਮਾਨਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਆਪਣੇ ਸੰਦੇਸ਼ ਵਿੱਚ, ਰਾਜਪਾਲ ਨੇ ਕਿਹਾ ਕਿ ਸੰਤ ਕਬੀਰ ਦਾ ਫ਼ਲਸਫ਼ਤਾ ਸੱਚਾ-ਸੁੱਚਾ ਜੀਵਨ, ਮਾਨਵਤਾਵਾਦ ਅਤੇ ਪਰਮਾਤਮਾ ਪ੍ਰਤੀ ਨਿਰਸਵਾਰਥ ਸ਼ਰਧਾ ਦਾ ਸੱਦਾ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਨ੍ਹਾਂ ਦੀ ਬਾਣੀ ਮਨ ਦੀ ਸ਼ੁੱਧਤਾ ਅਤੇ ਚੇਤਨਤਾ ਦੀ ਸੇਧ ਦਿੰਦੀ ਹੈ ਅਤੇ ਸਾਨੂੰ ਹਲੀਮੀ ਅਤੇ ਸ਼ਾਂਤੀ ਨਾਲ ਉਦੇਸ਼ਪੂਰਨ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਸਾਡੇ ਦੱਬੇ-ਕੁਚਲੇ ਵਰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਜਾਤ-ਪਾਤ ਅਤੇ ਵਰਗ-ਰਹਿਤ ਸਮਾਜ ਦਾ ਸੰਦੇਸ਼ ਦਿੱਤਾ।
ਰਾਜਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਨ ਰੂਹਾਨੀ ਮੁਰਸ਼ਿਦ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਅਤੇ ਸਾਡੇ ਸਮਾਜ, ਖਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਅਤੇ ਪਛੜੇ ਲੋਕਾਂ ਦੀ ਬਿਹਤਰੀ, ਤਰੱਕੀ ਅਤੇ ਖੁਸ਼ਹਾਲੀ ਲਈ ਉਨ੍ਹਾਂ ਦੇ ਫ਼ਲਸਫ਼ੇ ਦਾ ਪ੍ਰਚਾਰ ਕਰਨ।