ਨਵੀਂ ਦਿੱਲੀ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਬੀਬੀ ਹਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ 25 ਸਾਲਾਂ ਤੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਲਈ ਨਿਤਨੇਮ ਕਲਾਸਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਬੱਚਿਆਂ ਨੂੰ ਨਿਤਨੇਮ ਦੀਆਂ ਬਾਣੀਆਂ ਦੇ ਨਾਲ-ਨਾਲ ਅਰਦਾਸ, ਗੁਰੂ ਇਤਿਹਾਸ, ਕੀਰਤਨ, ਦਸਤਾਰ ਸਜਾਉਣ ਆਦਿ ਦੀ ਵੀ ਸਿੱਖਿਆ ਦਿੱਤੀ ਜਾਂਦੀ ਹੈ। ਇਨ੍ਹਾਂ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਭਾਗ ਲੈ ਕੇ ਲਾਭ ਉਠਾਉਂਦੇ ਹਨ।
ਇਸ ਵਾਰ ਵੀ ਨਿਤਨੇਮ ਕਲਾਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ. ਹਰਮਨਜੀਤ ਸਿੰਘ, ਧਰਮ ਪ੍ਰਚਾਰ ਦੇ ਸੁੰਦਰ ਸਿੰਘ ਨਾਰੰਗ ਅਤੇ ਬੀਬੀ ਹਰਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।
ਸ. ਹਰਮਨਜੀਤ ਸਿੰਘ ਦਾ ਮੰਨਣਾ ਹੈ ਕਿ ਜੋ ਬੱਚੇ ਇਨ੍ਹਾਂ ਕਲਾਸਾਂ ਵਿੱਚ ਆ ਕੇ ਸਿੱਖਿਆ ਲੈਂਦੇ ਹਨ, ਉਹ ਕਦੇ ਵੀ ਸਿੱਖੀ ਤੋਂ ਦੂਰ ਨਹੀਂ ਜਾ ਸਕਦੇ ਕਿਉਂਕਿ ਜੇ ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਗੌਰਵਮਈ ਵਿਰਸੇ ਦੀ ਜਾਣਕਾਰੀ ਮਿਲ ਜਾਏ ਅਤੇ ਉਹ ਮਾਤਭਾਸ਼ਾ ਨਾਲ ਜੁੜ ਜਾਣ ਤਾਂ ਉਹ ਕਦੇ ਵੀ ਰਾਹ ਭੁੱਲ ਨਹੀਂ ਸਕਦੇ। ਸ. ਹਰਮਨਜੀਤ ਸਿੰਘ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਮਤ ਨਾਲ ਜੋੜਣ ਲਈ ਕਾਰਜਕ੍ਰਮ ਕਰਵਾਏ ਜਾਣ।
ਉਨ੍ਹਾਂ ਨੇ ਬੀਬੀ ਹਰਜੀਤ ਕੌਰ ਦੀ ਖਾਸ ਤੌਰ 'ਤੇ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਪਿਛਲੇ 25 ਸਾਲਾਂ ਤੋਂ ਇਹ ਕਲਾਸਾਂ ਲਗਾਈਆਂ ਹਨ ਅਤੇ ਇਸ ਵਾਰ ਆਪਣੀ ਤੰਦਰੁਸਤੀ ਠੀਕ ਨਾ ਹੋਣ ਦੇ ਬਾਵਜੂਦ ਲਗਾਤਾਰ ਆ ਕੇ ਬੱਚਿਆਂ ਦੀਆਂ ਕਲਾਸਾਂ ਲਗਾਈਆਂ।
ਇਸ ਮੌਕੇ ਤੇ ਉਹਨਾਂ ਵਾਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਭੂਮਿਕਾ ਨਿਭਾਈ।