ਪੰਜਾਬ

ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜੱਥੇਦਾਰ ਨਿਯਮ ਕਮੇਟੀ ਤੋਂ ਹਟਾਇਆ ਜਾਵੇ: ਗਲੋਬਲ ਸਿੱਖ ਕੌਂਸਲ

ਕੌਮੀ ਮਾਰਗ ਬਿਊਰੋ | July 02, 2025 08:32 PM

ਚੰਡੀਗੜ੍ਹ - ਆਲਮੀ ਪੱਧਰ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਦੀ ਨੁਮਾਇੰਦਗੀ ਕਰ ਰਹੀ ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਸੇਵਾ ਨਿਯਮ ਬਣਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਹਾਲ ਹੀ ਵਿੱਚ ਬਣਾਈ ਗਈ 34 ਮੈਂਬਰੀ ਸਲਾਹਕਾਰ ਕਮੇਟੀ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਜਥੇਦਾਰ ਸਾਹਿਬਾਨ ਲਈ ਯੋਗਤਾਵਾਂ, ਜਿ਼ੰਮੇਵਾਰੀਆਂ, ਨਿਯੁਕਤੀ ਪ੍ਰਕਿਰਿਆ ਅਤੇ ਕਾਰਜਕਾਲ ਸੰਬੰਧੀ ਇੱਕ ਸਪੱਸ਼ਟ ਅਤੇ ਪਾਰਦਰਸ਼ੀ ਢਾਂਚਾ ਸਥਾਪਤ ਕਰਨ ਲਈ ਐਸਜੀਪੀਸੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕੌਂਸਲ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਸਿਧਾਂਤ, ਗੁਰਮਤਿ-ਅਧਾਰਤ ਪਰੰਪਰਾਵਾਂ ਅਤੇ ਇੱਕ ਵਿਅਕਤੀ ਤੇ ਸਿਰਫ਼ ਇੱਕ ਹੀ ਅਹੁਦਾ ਤੇ ਰਹਿੰਦਿਆਂ ਪੰਥ ਦੀ ਸੇਵਾ ਨਿਭਾਉਣ ਵਾਲੇ ਪ੍ਰਗਟਾਏ ਜਨਤਕ ਭਰੋਸੇ ਦਾ ਵੀ ਸਵਾਗਤ ਕੀਤਾ ਹੈ।

ਐਸਜੀਪੀਸੀ ਪ੍ਰਧਾਨ ਨੂੰ ਭੇਜੇ ਇੱਕ ਪੱਤਰ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਨੇ ਮੌਜੂਦਾ ਕਮੇਟੀ ਦੀ ਬਣਤਰ ਉੱਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਸਮੇਂ ਕਮੇਟੀ ਦੇ ਬਹੁਤੇ ਮੈਂਬਰ ਕਥਿਤ ਤੌਰ ਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰ ਰਹੇ ਅਤੇ ਮੂਲ ਸਿੱਖ ਸਿਧਾਂਤਾਂ ਦੇ ਉਲਟ ਕਰਮ-ਕਾਂਡਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਜੀਐਸਸੀ ਨੇ ਕਿਹਾ ਹੈ ਕਿ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਾ ਕਰਨ ਵਾਲੇ ਜਾਂ ਆਪਣੇ ਡੇਰਿਆਂ, ਬੁੰਗਿਆਂ ਅਤੇ ਠਾਠਾਂ ਵਿੱਚ ਗੈਰ-ਸਿੱਖ ਪਿਰਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਵਿਅਕਤੀਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕਰਨਾ ਨਿਯਮ ਬਣਾਉਣ ਸਬੰਧੀ ਪੂਰੀ ਪ੍ਰਕਿਰਿਆ ਦੀ ਪਵਿੱਤਰਤਾ ਅਤੇ ਭਰੋਸੇਯੋਗਤਾ ਬਾਰੇ ਗੰਭੀਰ ਸਵਾਲ ਖੜੇ ਕਰ ਸਕਦਾ ਹੈ। ਇਸ ਤੋਂ ਇਲਾਵਾ, ਕੌਂਸਲ ਨੇ ਨਿਰਾਸ਼ਾ ਪ੍ਰਗਟਾਈ ਕਿ ਵਿਸ਼ਵਵਿਆਪੀ ਸਿੱਖ ਭਾਈਚਾਰੇ ਦੇ ਪ੍ਰਸਿੱਧ ਵਿਦਵਾਨਾਂ ਅਤੇ ਨੁਮਾਇੰਦਿਆਂ ਨੂੰ ਇਸ ਮਹੱਤਵਪੂਰਨ ਕਮੇਟੀ ਤੋਂ ਪੂਰੀ ਤਰਾਂ ਬਾਹਰ ਕਰ ਦਿੱਤਾ ਗਿਆ ਹੈ। ਕੌਂਸਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਜਿਹਾ ਵਰਤਾਰਾ ਨਾ ਸਿਰਫ਼ ਖਾਲਸਾ ਪੰਥ ਦੇ ਇੱਕ ਮਹੱਤਵਪੂਰਨ ਹਿੱਸੇ ਨੂੰ ਦੂਰ ਕਰਦਾ ਹੈ ਬਲਕਿ ਸਮੂਹਿਕ ਪੰਥਕ ਸਲਾਹ—ਮਸ਼ਵਰੇ ਦੀ ਭਾਵਨਾ ਨੂੰ ਵੀ ਢਾਹ ਲਾਉਂਦਾ ਹੈ।
ਐਸਜੀਪੀਸੀ ਪ੍ਰਧਾਨ ਨੂੰ ਲਿਖੇ ਆਪਣੇ ਪੱਤਰ ਵਿੱਚ ਗਲੋਬਲ ਸਿੱਖ ਕੌਂਸਲ ਨੇ ਮੰਗ ਕੀਤੀ ਹੈ ਕਿ ਕਮੇਟੀ ਦਾ ਪੁਨਰਗਠਨ ਕੀਤਾ ਜਾਵੇ ਤਾਂ ਜੋ ਉਨ੍ਹਾਂ ਮੈਂਬਰਾਂ ਨੂੰ ਬਾਹਰ ਰੱਖਿਆ ਜਾ ਸਕੇ ਜੋ ਸਿੱਖ ਰਹਿਤ ਮਰਿਆਦਾ ਦੀ ਸਖ਼ਤੀ ਨਾਲ ਪਾਲਣਾ ਨਹੀਂ ਕਰ ਰਹੇ ਹਨ। ਇਸ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਕਮੇਟੀ ਦੇ ਸਾਰੇ ਮੈਂਬਰਾਂ ਤੋਂ ਇੱਕ ਲਿਖਤੀ ਸਵੈ-ਘੋਸ਼ਣਾ ਪੱਤਰ ਉੱਪਰ ਦਸਤਖਤ ਕਰਵਾਏ ਜਾਣ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨਾ, ਸਿੱਖ ਰਹਿਤ ਮਰਿਆਦਾ ਵਿੱਚ ਦ੍ਰਿੜਤਾ ਭਰੋਸਾ ਤੇ ਪਾਲਣਾ ਸਮੇਤ ਖਾਲਸਾ ਪੰਥ ਦੀ ਸ਼ਾਨਾਮੱਤੀ ਵਿਰਾਸਤ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਜਾਵੇ।
ਗਲੋਬਲ ਸਿੱਖ ਕੌਂਸਲ ਨੇ ਐਸਜੀਪੀਸੀ ਨੂੰ ਆਪਣੀ ਇਤਿਹਾਸਕ ਅਤੇ ਧਾਰਮਿਕ ਜਿੰਮੇਵਾਰੀ ਨੂੰ ਪੂਰੀ ਪਾਰਦਰਸ਼ਤਾ, ਪੰਥਕ ਅਖੰਡਤਾ ਅਤੇ ਸੁਹਿਰਦਤਾ ਨਾਲ ਨਿਭਾਉਣ ਦੀ ਵੀ ਅਪੀਲ ਕੀਤੀ। ਇਸ ਮਹੱਤਵਪੂਰਨ ਪਹਿਲਕਦਮੀ ਦਾ ਸਮਰਥਨ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦਿਆਂ ਕੌਂਸਲ ਨੇ ਐਸਜੀਪੀਸੀ ਨੂੰ ਇੱਕ ਵਿਆਪਕ ਸਲਾਹਕਾਰੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ ਜੋ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਦੀ ਤਰਜੁਮਾਨੀ ਕਰਦੀ ਹੋਵੇ। ਜੀ.ਐਸ.ਸੀ. ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੰਥ ਲਈ ਗੁਰਮਤਿ ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਇੱਕਜੁੱਟ ਹੋਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੈਤਿਕ ਅਧਿਕਾਰਾਂ ਨੂੰ ਮਜ਼ਬੂਤ ਕਰਨ ਦਾ ਵੇਲਾ ਹੈ।

Have something to say? Post your comment

 
 
 

ਪੰਜਾਬ

190 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਲਈ ਜੰਗੀ ਪੱਧਰ 'ਤੇ ਤਿਆਰੀਆਂ

ਮੋਹਿੰਦਰ ਭਗਤ ਨੇ ਪੈਸਕੋ ਦੇ ਕੰਮ-ਕਾਜ ਦਾ ਲਿਆ ਜਾਇਜ਼ਾ : ਸਾਬਕਾ ਸੈਨਿਕਾਂ ਨੂੰ ਹੋਰ ਰੁਜ਼ਗਾਰ ਮੌਕੇ ਪ੍ਰਦਾਨ ਕਰਨ ਉੱਤੇ ਕੇਂਦਰਿਤ ਰਹੀ ਵਿਚਾਰ-ਚਰਚਾ

ਰੂਸ ਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਸਰ ਕਰਨ ਵਾਲੇ ਛੇ ਸਾਲਾ ਤੇਗ਼ਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ

ਸੰਜੀਵ ਅਰੋੜਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ

ਵਿਸ਼ਵ ਸਿੱਖ ਪ੍ਰਚਾਰਕ ਗਿ. ਕਰਨੈਲ ਸਿੰਘ ਗਰੀਬ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਪ੍ਰਗਟਾਇਆ

ਜੂਨ 1984 ਦੇ ਘੱਲਘੂਾਰੇ ਸਮੇਂ ਸਰਕਾਰ ਦੇ ਜ਼ੁਲਮਾਂ ਨੂੰ ਉਜਾਗਰ ਕਰਦੀ ਸਚਿੱਤਰ ਪੁਸਤਕ ਐਡਵੋਕੇਟ ਧਾਮੀ ਵੱਲੋਂ ਜਾਰੀ

4 ਜੁਲਾਈ 1955 ਨੂੰ ਕਾਂਗਰਸ ਸਰਕਾਰ ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੀ ਯਾਦ ’ਚ ਭਲਕੇ ਹੋਵੇਗਾ ਸਮਾਗਮ - ਸ਼੍ਰੋਮਣੀ ਕਮੇਟੀ

ਤੁਹਾਡੇ ਕੋਲ ਸੱਚਮੁੱਚ ਪੂਰੇ ਪੰਜਾਬ ਵਿੱਚ ਹਜ਼ਾਰਾਂ ਵਰਕਰ ਬਚੇ ਹਨ? ਅਮਨ ਅਰੋੜਾ ਨੇ ਸੁਖਬੀਰ ਬਾਦਲ ਨੂੰ ਮਾਰਿਆ ਤਾਅਨਾ

ਮੋਹਾਲੀ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ

ਮੋਹਾਲੀ ਅਦਾਲਤ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ 4 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ