ਅੰਮ੍ਰਿਤਸਰ-ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਮੋਹਾਲੀ ਵਿਖੇ ਗੁਰਦੁਆਰਾ ਸਾਹਿਬ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਪੁਲਿਸ ਵੱਲੋਂ ਕਈ ਸੀਨੀਅਰ ਪਾਰਟੀ ਆਗੂਆਂ ਸਮੇਤ ਹਿਰਾਸਤ ’ਚ ਲਏ ਜਾਣ ਦੀ ਘਟਨਾ ’ਤੇ ਸਖ਼ਤ ਨਿੰਦਾ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨਾ ਸਾਂਧਦਿਆਂ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ’ਤੇ ਪੁਲਿਸ ਦੁਆਰਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸ: ਬਾਦਲ ਅਤੇ ਹੋਰਨਾਂ ਆਗੂਆਂ ਨੂੰ ਹਿਰਾਸਤ ’ਚ ਲਏ ਜਾਣ ਨਾਲ ਜਿੱਥੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ, ਉਥੇ ਸਮੂਹ ਪੰਜਾਬੀਆਂ ’ਚ ਇਸ ਕਾਰਵਾਈ ਸਬੰਧੀ ਗੁੱਸੇ ਦੀ ਲਹਿਰ ਹੈ।
ਸ: ਛੀਨਾ ਨੇ ਕਿਹਾ ਕਿ ਜਦੋਂ ਤੋਂ ਸੂਬੇ ’ਚ ਆਪ ਪਾਰਟੀ ਹੋਂਦ ’ਚ ਆਈ ਹੈ, ਉਦੋਂ ਤੋਂ ਹੀ ਪੰਜਾਬ ’ਚ ਕਾਨੂੰਨ ਵਿਵਸਥਾ ਡਾਵਾਂਡੋਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕ ’ਚ ਅਤੇ ਸੂਬੇ ਦੇ ਵਿਕਾਸ ਲਈ ਆਵਾਜ਼ ਬੁਲੰਦ ਕਰਨ ਵਾਲੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਝੂਠੇ ਕੇਸ ਦਾਇਰ ਕਰਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਭਗਵੰਤ ਮਾਨ ਆਪਣੀਆਂ ਬੇਹੁਦਰੀ ਕਾਰਗੁਜ਼ਾਰੀਆਂ ਸਦਕਾ ਭਵਿੱਖ ’ਚ ਆਪਣੀ ਸਿਆਸੀ ਕੁਰਸੀ ਨੂੰ ਢਹਿ-ਢੇਰੀ ਹੁੰਦੀ ਪ੍ਰਤੱਖ ਵੇਖ ਰਿਹਾ ਹੈ, ਜਿਸ ਲਈ ਉਹ ਅਜਿਹੀਆਂ ਹਰਕਤਾਂ ’ਤੇ ਉਤਰ ਆਏ ਹਨ।
ਸ: ਛੀਨਾ ਨੇ ਕਿਹਾ ਕਿ ਸ: ਬਾਦਲ ਜੋ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅਕਾਲੀ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਕਈ ਹੋਰ ਪਾਰਟੀ ਵਰਕਰਾਂ ਸਮੇਤ ਗੁਰਦੁਆਰਾ ਸਾਹਿਬ ਜਾ ਰਹੇ ਸਨ, ਜਿਨ੍ਹਾਂ ਦੇ ਕਾਫਲੇ ਨੂੰ ਪੁਲਿਸ ਬਲਾਂ ਨੇ ਰੋਕਿਆ ਅਤੇ ਸ: ਬਾਦਲ ਦੇ ਇਸ ਦਾਅਵੇ ਦੇ ਬਾਵਜੂਦ ਕਿ ਉਹ ਪੈਦਲ ਗੁਰਦੁਆਰਾ ਅੰਬ ਸਾਹਿਬ ਜਾਣਗੇ ਤਾਂ ਪੁਲਿਸ ਨੇ ਉਚ ਅਧਿਕਾਰੀਆਂ ਦੇ ਇਸ਼ਾਰਿਆਂ ’ਤੇ ਸਮੂਹ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਕਿਹਾ ਕਿ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਪੂਰੀ ਤਰ੍ਹਾਂ ਅਧਿਆਤਮਿਕ ਸੀ।
ਸ: ਛੀਨਾ ਨੇ ਪੁਲਿਸ ਦੀ ਉਕਤ ਕਾਰਵਾਈ ਨੂੰ ਅਣਐਲਾਨੀ ਐਮਰਜੈਂਸੀ ਦੱਸਦਿਆਂ ਕਿਹਾ ਕਿ ਸ: ਬਾਦਲ ਤੇ ਹੋਰਨਾਂ ਆਗੂਆਂ ਨੂੰ ਹਿਰਾਸਤ ’ਚ ਲਏ ਜਾਣਾ ਇਹ ਵਿਰੋਧੀ ਧਿਰ ਦੇ ਜਮਹੂਰੀ ਅਧਿਕਾਰਾਂ ’ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਿੱਲੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਿਆ ਹੈ ਅਤੇ ਆਪ ਸਰਕਾਰ ਬਦਲਾਖੋਰੀ ਵਾਲਾ ਰਵੱਈਆ ਅਖਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਅਤੇ ‘ਆਪ’ ਸ਼ਾਸਨ ਦੇ ਤਾਨਾਸ਼ਾਹੀ ਕੰਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਗ੍ਰਿਫ਼ਤਾਰੀ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਸੂਬੇ ’ਚ ਵੱਧ ਰਹੀ ਅਸ਼ਾਂਤੀ ਅਤੇ ‘ਆਪ’ ਸਰਕਾਰ ਵੱਲੋਂ ਚੋਣਾਂ ਦੌਰਾਨ ਆਮ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ ’ਚ ਅਸਮਰੱਥਾ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਇਕ ਨਵੀਨਤਾਕਾਰੀ ਚਾਲ ਜਾਪਦੀ ਹੈ।