ਅੰਮ੍ਰਿਤਸਰ- ਅੰਤਰਰਾਸਟਰੀ ਸਿੱਖ ਪਚਾਰਕ, ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੋਸਾਇਟੀ ਦੇ ਚੇਅਰਮੈਨ ਗਿਆਨੀ ਕਰਨੈਲ ਸਿੰਘ ਗਰੀਬ ਸੰਖੇਪ ਸਾਹ ਦੀ ਬਿਮਾਰੀ ਕਾਰਨ ਇਕ ਹਸਪਤਾਲ ਵਿਚ ਮੋਹਾਲੀ ਵਿਖੇ ਜ਼ੇਰੇ ਇਲਾਜ਼ ਸਨ ਦੇ ਸਵਰਗਵਾਸ ਹੋ ਜਾਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸ਼੍ਰੋ:ਗੁ:ਪ੍ਰ ਕਮੇਟੀ ਤੇ ਸਾਬਕਾ ਅਤੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸਾਂਈ ਮੀਆਂਮੀਰ ਫਾਊਡੇਸ਼ਨ ਦੇ ਪ੍ਰਧਾਨ ਸ. ਹਰਭਜਨ ਸਿੰਘ ਬਰਾੜ, ਕੌਮਾਂਤਰੀ ਪ੍ਰਚਾਰਕ ਗਿ. ਬਲਬੀਰ ਸਿੰਘ ਚੰਗਿਆੜਾ ਕਨੇਡਾ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੈਨੇਜਰ ਸ. ਅਜਾਇਬ ਸਿੰਘ, ਸ. ਨਰਿੰਦਰਪਾਲ ਸਿੰਘ ਸੈਕਰਾਮੈਂਟੋ ਅਮਰੀਕਾ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮ ਦੇ ਪ੍ਰਚਾਰ ਖੇਤਰ ਵਿੱਚ ਨਾ ਪੂਰਿਆ ਜਾਣਾ ਵਾਲਾ ਘਾਟਾ ਦਸਿਆ ਹੈ। ਉਨ੍ਹਾਂ ਕਿਹਾ ਗੁ: ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਜਦ ਕਥਾ ਪ੍ਰਵਾਹ ਟੀ.ਵੀ ਤੇ ਅਰੰਭ ਹੋਇਆ ਤਾਂ ਭਾਈ ਕਰਨੈਲ ਸਿੰਘ ਗਰੀਬ ਮੁੱਢਲੇ ਕਥਾ ਪ੍ਰਚਾਰਕਾਂ ਵਿੱਚ ਸਨ।
ਗਿ. ਕਰਨੈਲ ਸਿੰਘ ਗਰੀਬ ਨੇ ਨਿਮਾਣਾ ਸਿੱਖ ਬਣ ਕੇ ਗੁਰੂ ਨਾਨਕ ਮਿਸ਼ਨ ਸੁਸਾਇਟੀ ਦੇ ਬੈਨਰ ਹੇਠ ਗਰੀਬ ਲੋੜਵੰਦ ਪ੍ਰੀਵਾਰਾਂ ਦੇ ਧੀਆਂ ਪੁੱਤਰਾਂ ਦੇ ਅਨੰਦ ਕਾਰਜ ਕਰਵਾਉਣ ਦੀ ਜੁੰਮੇਵਾਰੀ ਆਪ ਨੇ ਬਾਖੂਬੀ ਨਿਭਾਉਂਦਿਆ ਸੈਂਕੜੇ ਬੱਚਿਆਂ ਨੂੰ ਗ੍ਰਹਿਸਥੀ ਮਾਰਗ ਦੇ ਪਾਂਧੀ ਬਨਾਇਆ। ਉਨ੍ਹਾਂ ਕਿਹਾ ਐਸੇ ਨੇਕ ਦਿਲ ਇਨਸਾਨ ਦਾ ਤੁਰ ਜਾਣਾ ਸਮਾਜ ਲਈ ਘਾਟਾ ਤਾਂ ਹੁੰਦਾ ਹੀ ਹੈ। ਇਨ੍ਹਾਂ ਧਾਰਮਿਕ ਆਗੂਆਂ ਨੇ ਗਿਆਨੀ ਕਰਨੈਲ ਸਿੰਘ ਗਰੀਬ ਦੇ ਪ੍ਰੀਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਗਿ. ਕਰਨੈਲ ਸਿੰਘ ਗਰੀਬ ਦਾ ਪਰਿਵਾਰ ਅਮਰੀਕਾ ਵਿੱਚ ਰਹਿ ਰਿਹਾ ਹੈ। ਉਨ੍ਹਾਂ ਦੇ ਆਉਣ ਤੇ ਹੀ ਉਨ੍ਹਾਂ ਦੇ ਅੰਤਿਮ ਸਸਕਾਰ ਕਰਨ ਸਬੰਧੀ ਫੈਸਲਾ ਕੀਤਾ ਜਾਣਾ ਹੈ।