ਅੰਮ੍ਰਿਤਸਰ-ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਬਲੱਡ ਪ੍ਰੈਸ਼ਰ ਨਾਲ ਸਬੰਧਿਤ ਜਾਣਕਾਰੀ ਨੂੰ ਲੋਕਾਂ ਨਾਲ ਸਾਂਝਾ ਕਰਨ ਦੇ ਮਕਸਦ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਪ੍ਰੋਗਰਾਮ ਨਰਸਿੰਗ ਟਿਊਟਰਸ ਅਮਰਦੀਪ ਕੌਰ ਅਤੇ ਸਿਮਰਨਜੀਤ ਕੌਰ (ਨਰਸਿੰਗ ਟਿਊਟਰ) ਦੀ ਅਗਵਾਈ ਹੇਠ ਜੀ. ਐੱਨ. ਐੱਮ. ਤੀਜੇ ਸਾਲ ਦੇ ਵਿਦਿਆਰਥੀਆਂ ਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ, ਨਰਾਇਣਗੜ੍ਹ ਵਿਖੇ ਉਲੀਕਿਆ ਗਿਆ। ਉਕਤ ਸੈਂਟਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸਿੰਘ ਵਾਲੀਆ ਅਤੇ ਐੱਮ. ਡੀ. ਡਾ. ਜ਼ਸ਼ਨ ਦੀ ਮੌਜੂਦਗੀ ’ਚ ਹਾਈ ਬਲੱਡ ਪ੍ਰੈਸ਼ਰ ਨਾਲ ਜੁੜੇ ਗਿਆਨ ਨੂੰ ਵਧਾਉਣ ਲਈ ਸਿੱਖਿਆ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦਾ ਮੰਤਵ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਬਾਰੇ ਜਾਗਰੂਕ ਕਰਨਾ ਅਤੇ ਇਸ ਦੇ ਕਾਰਨ, ਲੱਛਣ ਅਤੇ ਰੋਕਥਾਮ ਸਬੰਧੀ ਸੂਚਨਾ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਪੋਸਟਰ ਪ੍ਰਦਰਸ਼ਨ ਰਾਹੀਂ ਹਾਈ ਬਲੱਡ ਪ੍ਰੈਸ਼ਰ ਦੇ ਖ਼ਤਰੇ ਅਤੇ ਇਸ ਤੋਂ ਬਚਾਅ ਕਰਨ ਦੇ ਤਰੀਕਿਆਂ ਸਬੰਧੀ ਜਾਗ੍ਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਵਿੱਦਿਅਕ ਪ੍ਰੋਗਰਾਮ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਭਾਰ ਮਾਪਣ ਲਈ ਇਕ ਸੈੱਟਅੱਪ ਦਾ ਵੀ ਆਯੋਜਨ ਕੀਤਾ।
ਇਸ ਦੌਰਾਨ ਸੈਂਟਰ ਦੇ ਡਾ. ਵਾਲੀਆ ਅਤੇ ਡਾ. ਜਸ਼ਨ ਨੇ ਵਿਦਿਆਰਥੀਆਂ ਨੂੰ ਉਕਤ ਪ੍ਰੋਗਰਾਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਅਜਿਹੇ ਜਾਗਰੂਕਤਾ ਪ੍ਰੋਗਰਾਮ ਉਲੀਕਣ ਲਈ ਪੇ੍ਰਰਿਤ ਕੀਤਾ।