ਚੰਡੀਗੜ੍ਹ -ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੇਸ਼ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਖਿਲਾਫ ਕੀਤੀਆਂ ਗੈਰ ਮਰਿਆਦਿਤ ਟਿੱਪਣੀਆਂ ਦੀ ਸਖਤ ਨਿੰਦਿਆ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਮਰਿਆਦਾਵਾਂ ਭੁੱਲ ਚੁੱਕੇ ਹਨ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਸੱਤਾ ਦਾ ਹੰਕਾਰ ਮੁੱਖ ਮੰਤਰੀ ਦੇ ਸਿਰ ਚੜ ਬੋਲ ਰਿਹਾ ਹੈ ਅਤੇ ਉਹ ਆਪਣੀ ਬੋਲ ਬਾਣੀ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਨੂੰ ਵੀ ਠੇਸ ਪਹੁੰਚਾ ਰਹੇ ਹਨ। ਉਨਾਂ ਇਸ ਸਬੰਧੀ ਇੱਕ ਟਵੀਟ ਵਿੱਚ ਲਿਖਿਆ, " ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਹਾਡੇ ਤੋਂ ਬਿਹਤਰ ਇਹ ਕੌਣ ਜਾਣਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਪਰਛਾਈ ਉਸਦੇ ਕੱਦ ਤੋਂ ਵੱਡੀ ਹੋਣ ਲੱਗੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜਦੋਂ ਕਿਸੇ ਵਿਅਕਤੀ ਦੀ ਜੁਬਾਨ ਉਸਦੀ ਔਕਾਤ ਤੋਂ ਲੰਬੀ ਹੋਣ ਲੱਗੇ ਤਾਂ ਇਸ ਦਾ ਅਰਥ ਹੁੰਦਾ ਹੈ ਕਿ ਉਸ ਵਿਅਕਤੀ ਦੇ ਪਤਨ ਦਾ ਸਮਾਂ ਆ ਗਿਆ ਹੈ।"
ਸ੍ਰੀ ਜਾਖੜ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਜਦੋਂ ਉਹ ਲੋਕ ਸਭਾ ਮੈਂਬਰ ਸਨ ਤਾਂ ਉਨਾ ਦੇ ਸਾਥੀ ਸਾਂਸਦਾਂ ਨੇ ਸਪੀਕਰ ਨੂੰ ਸ਼ਿਕਾਇਤ ਕੀਤੀ ਸੀ ਕਿ ਤੁਹਾਡੇ ਵਿੱਚੋਂ ਸ਼ਰਾਬ ਦੀ ਬਦਬੂ ਆਉਂਦੀ ਹੈ ਪਰ ਅੱਜ ਦੀ ਤੁਹਾਡੀ ਭਾਸ਼ਾ ਸੁਣ ਕੇ ਤੁਹਾਡੇ ਵਿੱਚੋਂ ਹੰਕਾਰ ਦੀ ਬਦਬੂ ਆਉਂਦੀ ਹੈ।
ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਇੱਕ ਪਵਿੱਤਰ ਧਰਤੀ ਹੈ ਅਤੇ ਜਿੱਥੇ ਬੋਲਚਾਲ ਦੀ ਇੱਕ ਮਰਿਆਦਾ ਹੈ ਪਰ ਮੁੱਖ ਮੰਤਰੀ ਇਹ ਮਰਿਆਦਾ ਭੁੱਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੀ ਇਸ ਬਦ ਜੁਬਾਨੀ ਲਈ ਮਾਫੀ ਮੰਗਣੀ ਚਾਹੀਦੀ ਹੈ।।