ਪੰਜਾਬ

ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿੱਚ 11 ਅਨਮੋਲ ਜ਼ਿੰਦਗੀਆਂ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਦਾ ਐਲਾਨ

ਕੌਮੀ ਮਾਰਗ ਬਿਊਰੋ | July 25, 2025 07:33 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੰਘੀ 23 ਜੁਲਾਈ ਨੂੰ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ ਨਾਲ ਹਾਦਸੇ ਦਾ ਸ਼ਿਕਾਰ ਹੋਏ 11 ਲੋਕਾਂ ਨੂੰ ਸਹੀ ਸਲਾਮਤ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਨੂੰ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪੀ.ਸੀ.ਆਰ. ਟੀਮ ਦਾ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਜਿਨ੍ਹਾਂ ਵਿੱਚ ਦੋ ਏ.ਐਸ.ਆਈ. ਰਜਿੰਦਰ ਸਿੰਘ ਤੇ ਨਰਿੰਦਰ ਸਿੰਘ ਤੋਂ ਇਲਾਵਾ ਕਾਂਸਟੇਬਲ ਜਸਵੰਤ ਸਿੰਘ ਅਤੇ ਹਰਪਾਲ ਕੌਰ ਸ਼ਾਮਲ ਸਨ। ਇਸ ਮੌਕੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੇ ਸਮਰਪਿਤ ਭਾਵਨਾ ਤੇ ਦ੍ਰਿੜ੍ਹ ਵਚਨਬੱਧਤਾ ਨਾਲ ਲੋਕਾਂ ਦੀ ਸੇਵਾ ਕਰਕੇ ਪੰਜਾਬ ਪੁਲਿਸ ਦੀ ਗੌਰਵਮਈ ਵਿਰਾਸਤ ਨੂੰ ਕਾਇਮ ਰੱਖਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਕਿਉਂਕਿ ਹਾਦਸੇ ਦੀ ਇਤਲਾਹ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਜਵਾਨਾਂ ਨੇ ਹਰਕਤ ਵਿੱਚ ਆਉਂਦਿਆਂ ਪੰਜ ਬੱਚਿਆਂ ਸਮੇਤ 11 ਪੀੜਤਾਂ ਦੀ ਜਾਨ ਬਚਾਈ।
ਪੁਲਿਸ ਜਵਾਨਾਂ ਦੇ ਸਾਹਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਏ.ਐਸ.ਆਈ. ਨਰਿੰਦਰ ਸਿੰਘ ਨੇ ਕਾਰ ਵਿੱਚੋਂ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਕਾਂਸਟੇਬਲ ਜਸਵੰਤ ਸਿੰਘ ਜੋ ਤੈਰਨਾ ਵੀ ਨਹੀਂ ਜਾਣਦਾ ਸੀ, ਵੀ ਨਰਿੰਦਰ ਸਿੰਘ ਦੇ ਨਾਲ ਗਿਆ ਅਤੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਸਮੁੱਚੇ ਪਰਿਵਾਰ ਨੂੰ ਬਚਾ ਲਿਆ। ਭਗਵੰਤ ਸਿੰਘ ਮਾਨ ਨੇ ਪੀ.ਸੀ.ਆਰ. ਟੀਮ ਦੇ ਬਾਕੀ ਮੈਂਬਰਾਂ ਅਤੇ ਉਨ੍ਹਾਂ ਲੋਕਾਂ ਦੀ ਵੀ ਭਰਵੀਂ ਸ਼ਲਾਘਾ ਕੀਤੀ ਜਿਨ੍ਹਾਂ ਨੇ ਪੀੜਤਾਂ ਨੂੰ ਬਚਾਉਣ ਲਈ ਵਧ-ਚੜ੍ਹ ਕੇ ਸਹਾਇਤਾ ਕੀਤੀ।
ਇਸ ਘਟਨਾ ਨੂੰ ਬਹਾਦਰੀ ਅਤੇ ਪੇਸ਼ੇਵਰ ਵਚਨਬੱਧਤਾ ਦੱਸਦਿਆਂ ਮੁੱਖ ਮੰਤਰੀ ਨੇ ਬਠਿੰਡਾ ਦੇ ਐਸ.ਐਸ.ਪੀ. ਅਵਨੀਤ ਕੌਂਡਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਮਾਨਵਤਾ ਦੀ ਅਦਭੁਤ ਮਿਸਾਲ ਕਾਇਮ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਨ੍ਹਾਂ ਪੁਲਿਸ ਜਵਾਨਾਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਸ ਸਾਹਸ ਭਰੀ ਵਿਲੱਖਣ ਕਾਰਵਾਈ ਤੋਂ ਬਾਕੀ ਪੁਲਿਸ ਜਵਾਨ ਵੀ ਪ੍ਰੇਰਿਤ ਹੋਣਗੇ ਤਾਂ ਕਿ ਸੂਬੇ ਦੇ ਲੋਕਾਂ ਦੀ ਸੇਵਾ ਏਸੇ ਭਾਵਨਾ ਅਤੇ ਵਚਨਬੱਧਤਾ ਨਾਲ ਕੀਤੀ ਜਾ ਸਕੇ।

 

Have something to say? Post your comment

 
 
 

ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਜਨਰਲ ਇਜਲਾਸ ਲਈ ਐਸਜੀਪੀਸੀ ਨੂੰ ਬੇਨਤੀ ਪੱਤਰ ਸੌਂਪਿਆ ਗਿਆ

ਸਕੱਤਰ ਸਿੰਘ ਬੱਲ ਪੀ.ਸੀ.ਐਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਾ. ਅੰਕੁਰ ਮਹਿੰਦਰੂ ਚੁਣੇ ਗਏ ਜਨਰਲ ਸਕੱਤਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਕੀਤਾ ਗਿਆ ਤਲਬ

ਕੈਪਟਨ ਸਾਹਿਬ ਗੁਟਕਾ ਸਾਹਿਬ ਜੀ ਦੀ ਸਹੁੰ ਕਿੱਥੇ ਗਈ?" ਭਗਵੰਤ ਮਾਨ

ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਐਲਾਨਣ ਦੀ ਯੂਐਨਓ ਤੋਂ ਕਰਾਂਗੇ ਮੰਗ-ਸ਼੍ਰੋਮਣੀ ਕਮੇਟੀ

ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ਹੀਦੀ ਸ਼ਤਾਬਦੀ ਮੌਕੇ ਸਮਾਗਮਾਂ ਨੂੰ ਵਕਾਰ ਦਾ ਸਵਾਲ ਨਾ ਬਣਾਓ - ਐਡਵੋਕੇਟ ਧਾਮੀ

ਅਮਨ ਅਰੋੜਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸੇਵਾਵਾਂ ਦੇ ਸੁਚੱਜੇ ਅਮਲ ਨੂੰ ਯਕੀਨੀ ਬਣਾਉਣ ਦੇ ਆਦੇਸ਼

ਮੁੱਖ ਮੰਤਰੀ ਵੱਲੋਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ

ਮਾਨ ਸਰਕਾਰ ਵੱਲੋਂ ਵੱਡੀ ਰਾਹਤ: 2634 ਲਾਭਪਾਤਰੀਆਂ ਲਈ 13.43 ਕਰੋੜ ਰੁਪਏ ਜਾਰੀ:ਡਾ.ਬਲਜੀਤ ਕੌਰ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਾਰਕੋਟਿਕਸ ਤਸਕਰੀ ਨੈੱਟਵਰਕ ਦਾ ਪਰਦਾਫਾਸ਼; ਚਾਰ ਕਿਲੋ ਹੈਰੋਇਨ ਸਮੇਤ 4 ਵਿਅਕਤੀ ਕਾਬੂ