ਨਵੀਂ ਦਿੱਲੀ - ਅਕਾਲੀ ਦਲ ਦੀ ਪੁਨਰ ਸੁਰਜੀਤੀ ਕਿਵੇਂ ਦੀ ਹੋਵੇ ਅਤੇ ਉਸ ਦਾ ਵਿਧੀ ਵਿਧਾਨ ਤੇ ਸੰਵਿਧਾਨ ਕੀ ਹੋਵੇ, ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਉੱਦਮ ਅਤੇ ਸਿੱਖ ਜਥਿਆਂ ਤੇ ਸਿੱਖ ਸਖਸ਼ੀਅਤਾਂ ਦੇ ਸਹਿਯੋਗ ਨਾਲ ਸੰਤ ਅਤਰ ਸਿੰਘ ਜੀ ਦੀ 100 ਸਾਲਾ ਬਰਸੀ ਨੂੰ ਸਮਰਪਿਤ 1, 2 ਅਤੇ 3 ਅਗਸਤ ਨੂੰ ਸੰਤ ਤੇਜਾ ਸਿੰਘ ਹਾਲ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਕੀਤੀ ਜਾ ਰਹੀ ਹੈ। ਇਸ ਵਿਚਾਰ ਗੋਸ਼ਟੀ ਦੇ ਵਿੱਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਪੱਤਰਕਾਰ, ਵਿਦਵਾਨ ਅਤੇ ਕਾਰਕੁੰਨ ਆਪਣੇ ਵਿਚਾਰ ਸਾਂਝੇ ਕਰਨਗੇ। ਇਸੇ ਸਬੰਧ ਵਿੱਚ ਮਸਤੂਆਣਾ ਸਾਹਿਬ ਵਿਖੇ ਪ੍ਰਬੰਧਕੀ ਟੀਮ ਵੱਲੋਂ ਇਕੱਤਰਤਾ ਕੀਤੀ ਗਈ ਜਿਸ ਵਿੱਚ ਪ੍ਰਬੰਧਕਾਂ ਨੇ ਵਿਚਾਰ ਗੋਸ਼ਟੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਕੱਤਰਤਾ ਉਪਰੰਤ ਪ੍ਰਬੰਧਕਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪ੍ਰਬੰਧਕੀ ਟੀਮ ਦੇ ਬੁਲਾਰਿਆਂ ਨੇ ਬੋਲਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਣਨ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਸਾਰੇ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਖ-ਵੱਖ ਰੂਪਾਂ ਅਤੇ ਭੂਮਿਕਾਵਾਂ ਵਿਚ ਵਿਚਰਿਆ ਹੈ। ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਗੱਲ ਚੱਲੀ ਹੈ, ਪਰ ਪੁਨਰ ਸੁਰਜੀਤੀ ਤੋਂ ਪਹਿਲਾਂ ਅਕਾਲੀ ਦਲ ਦੇ ਇਸ ਸਥਿਤੀ ਵਿੱਚ ਪਹੁੰਚਣ ਸਬੰਧੀ ਮੰਥਨ ਹੋਣਾ ਚਾਹੀਦਾ ਸੀ ਜੋ ਨਹੀਂ ਹੋ ਸਕਿਆ ਜਿਸ ਕਰਕੇ ਪੁਨਰ ਸੁਰਜੀਤੀ ਕਰਨ ਦੇ ਵਿਧੀ ਵਿਧਾਨ ਅਤੇ ਨੀਤੀ ਵਿੱਚ ਖੱਪਾ ਰਹਿ ਗਿਆ ਹੈ। ਇਸ ਸਾਰੇ ਕਰਕੇ ਪੰਥ ਵਿਚ ਇਕਸੁਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਇਸ ਸਾਰੇ ਮਾਹੌਲ ਵਿਚ ਇਹ ਜਰੂਰੀ ਹੈ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਸਿਰਫ ਚਿਹਰੇ ਬਦਲਕੇ ਨਾ ਕੀਤੀ ਜਾਵੇ ਸਗੋਂ ਨਿੱਠ ਕੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਹੁਣ ਦੇ ਸਮੇਂ ਅਕਾਲੀ ਦਲ ਕਿਸ ਰੂਪ ਵਿਚ ਪੁਨਰ ਸੁਰਜੀਤ ਕੀਤਾ ਜਾਵੇ ਅਤੇ ਉਸ ਦੀ ਨੀਤੀ ਕੀ ਹੋਵੇ..? ਇਸੇ ਨੁਕਤੇ ਤੋਂ ਇਹ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਸਾਰੀਆਂ ਸਰਗਰਮ ਸਿਆਸੀ ਅਤੇ ਗੈਰ ਸਿਆਸੀ ਧਿਰਾਂ ਦੇ ਵਿਚਾਰ ਲਏ ਜਾਣਗੇ ਅਤੇ ਕੋਈ ਸਾਂਝੀ ਰਾਇ ਬਣਾਉਣ ਦਾ ਯਤਨ ਕੀਤਾ ਜਾਵੇਗਾ। ਇਸ ਵਿਚਾਰ ਚਰਚਾ ਤੋਂ ਬਾਅਦ ਇਸੇ ਲੜੀ ਤਹਿਤ ਪੰਥ ਪੰਜਾਬ ਦੇ ਹੋਰ ਅਹਿਮ ਮੁੱਦਿਆਂ ‘ਤੇ ਵੀ ਸਮਾਗਮ ਉਲੀਕੇ ਜਾਣਗੇ। ਇਸ ਦੌਰਾਨ ਅਕਾਲ ਕਾਲਜ ਕੌਂਸਲ ਤੋਂ ਸਕੱਤਰ ਸ.ਜਸਵੰਤ ਸਿੰਘ ਖਹਿਰਾ, ਕੌਂਸਲ ਮੈਂਬਰ ਗਮਦੂਰ ਸਿੰਘ, ਸਿਆਸਤ ਸਿੰਘ ਗਿੱਲ ਅਤੇ ਡਾ. ਗੁਰਮੀਤ ਸਿੰਘ, ਲੁਧਿਆਣਾ ਤੋਂ ਸ.ਅਵਤਾਰ ਸਿੰਘ ਗਿੱਲ, ਬਲਦੇਵ ਸਿੰਘ ਭੱਮਾਬੱਦੀ, ਹਰਪਾਲ ਸਿੰਘ ਖਹਿਰਾ, ਕੁਲਵੰਤ ਸਿੰਘ ਸਾਰੋਂ, ਨਿਰਮਲ ਸਿੰਘ ਸਾਰੋਂ, ਬਲਵੰਤ ਸਿੰਘ ਸਿੱਧੂ, ਜਥੇਦਾਰ ਸਚਦੇਵ ਸਿੰਘ ਗਿੱਲ, ਤੇਜਾ ਸਿੰਘ ਕਮਾਲਪੁਰ (ਸ਼੍ਰੋਮਣੀ ਕਮੇਟੀ ਮੈਂਬਰ), ਪਟਿਆਲਾ ਤੋਂ ਸ.ਜਗਵਿੰਦਰਜੀਤ ਸਿੰਘ ਸੰਧੂ, ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਗੁਰਜੀਤ ਸਿੰਘ ਦੁੱਗਾਂ, ਜਤਿੰਦਰ ਸਿੰਘ ਸੰਗਰੂਰ, ਮਲਕੀਤ ਸਿੰਘ ਚੰਗਾਲ (ਸ਼੍ਰੋਮਣੀ ਕਮੇਟੀ ਮੈਂਬਰ), ਭੁਪਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਲੋਂਗੋਵਾਲ, ਸ. ਜਸਵਿੰਦਰ ਸਿੰਘ ਪ੍ਰਿੰਸ (ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ), ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਥੇਦਾਰ ਹਰਜੀਤ ਸਿੰਘ ਸਜੂਮਾ ਅਤੇ ਸ.ਬਹਾਦਰ ਸਿੰਘ ਭਸੌੜ, ਸ. ਦਰਸ਼ਨ ਸਿੰਘ ਲੌਂਗੋਵਾਲ, ਪ੍ਰੋ.ਜਸਪਾਲ ਸਿੰਘ, ਲਾਭ ਸਿੰਘ ਸੰਗਰੂਰ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ), ਇੰਦਰਪ੍ਰੀਤ ਸਿੰਘ ਸੰਗਰੂਰ, ਮਨਪ੍ਰੀਤ ਸਿੰਘ ਗਿੱਲ, ਡਾ. ਗੁਰਵੀਰ ਸਿੰਘ ਸੋਹੀ, ਸਤਪਾਲ ਸਿੰਘ ਸੰਗਰੂਰ (ਗੁਃ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ) ਆਦਿ ਸੰਸਥਾਵਾਂ ਤੋਂ ਸਖਸੀਅਤਾਂ ਹਾਜ਼ਰ ਸਨ।