ਚੰਡੀਗੜ੍ਹ- ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਵਿਚ ਸ਼ਾਮਿਲ ਹੋਏ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਇੰਤਹਾ ਦੱਸਦੇ ਹੋਏ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਆਪਣੇ ਮੰਤਰੀ ਸੰਜੀਵ ਅਰੋੜਾ ਵੱਲੋਂ ਲੈਂਡ ਡਿਵੈਲਪਰ ਦੇ ਤੌਰ ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣ।
ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਭਾਜਪਾ ਪ੍ਰਧਾਨ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦਿੱਲੀ ਦੇ ਆਗੂਆਂ ਨੂੰ ਠੇਕੇ ਤੇ ਦੇ ਰੱਖੀ ਹੈ ਪਰ ਉਹ ਯਾਦ ਰੱਖਣ ਕਿ ਸਰਕਾਰ ਬਦਲੀ ਬਾਅਦ ਸਰਕਾਰ ਦੇ ਕਾਰਜਕਾਲ ਵਿਚ ਸਰਕਾਰੀ ਖਜਾਨੇ ਦੀ ਹੋਈ ਲੁੱਟ ਦੇ ਗੁਨਾਹਾਂ ਦੀ ਸਜਾ ਸਬੰਧਤ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਭੁਗਤਣੀ ਪੈਂਦੀ ਹੈ ।
ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਨੂੰ ਖਤਮ ਕਰਨ ਦੀ ਬਜਾਏ ਖੁਦ ਇਕ ਸਿਆਸੀ ਗੈਂਗ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਣਜੀਤ ਸਿੰਘ ਗਿੱਲ ਤੇ ਕਾਰਵਾਈ ਲੋਕਤੰਤਰਿਕ ਮਰਿਆਦਾ ਦਾ ਉਲੰਘਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਾਹੀਂ ਸਰਕਾਰ ਵਿਰੋਧੀਆਂ ਨੂੰ ਡਰਾਉਣਾ ਚਾਹੁੰਦੀ ਹੈ ਕਿ ਜੋ ਕੋਈ ਵੀ ਸਰਕਾਰ ਦਾ ਲਾਈਨ ਤੋਂ ਪਾਸੇ ਜਾਵੇਗਾ ਜਾਂ ਵਿਰੋਧੀ ਪਾਰਟੀ ਵਿਚ ਜਾਵੇਗਾ ਉਸ ਨਾਲ ਅਜਿਹਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਇਕ ਨੂੰ ਆਪਣੇ ਸਿਆਸੀ ਰਾਹ ਚੁਣਨ ਦਾ ਅਖਤਿਆਰ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਇਸ ਰੇਡ ਪਿੱਛੇ ਕਿਤੇ ਆਪ ਪਾਰਟੀ ਦੇ ਕੋਈ ਆਰਥਿਕ ਹਿੱਤ ਤਾਂ ਨਹੀਂ ਜੁੜੇ ਜਾਂ ਲੈਂਡ ਪੁਲਿੰਗ ਤੇ ਕਿਸੇ ਹੋਰ ਬਿਲਡਰ ਨਾਲ ਸਰਕਾਰ ਦੀ ਸਾਂਠਗਾਂਠ ਦਾ ਕੋਈ ਸਬੰਧ ਤਾਂ ਜਿੰਮੇਵਾਰ ਨਹੀਂ ਹੈ।
ਨਾਲ ਹੀ ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਮੰਤਰੀ ਸੰਜੀਵ ਅਰੋੜਾ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ ਜਿੰਨ੍ਹਾਂ ਨੂੰ 2016 ਵਿਚ ਸੇਬੀ ਵੱਲੋਂ ਸ਼ੇਅਰਧਾਰਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸੇ ਤਰਾਂ ਸੰਜੀਵ ਅਰੋੜਾ ਜਿੰਨ੍ਹਾਂ ਤੇ ਜਦ 2023 ਵਿਚ ਈਡੀ ਦੀ ਰੇਡ ਹੋਈ ਸੀ ਤਾਂ ਆਪ ਆਗੂ ਬਦਲਾਖੋਰੀ ਦੱਸ ਰਹੇ ਸਨ ਅਤੇ ਖੁਦ ਹੁਣ ਰਣਜੀਤ ਸਿੰਘ ਗਿੱਲ ਨਾਲ ਉਹੀ ਬਦਲਾਖੋਰੀ ਸਰਕਾਰ ਕਰ ਰਹੀ ਹੈ। ਜਦ ਕਿ ਈਡੀ ਪੁਖ਼ਤਾ ਸਬੂਤ ਹੋਣ ਤੇ ਹੀ ਰੇਡ ਕਰਦੀ ਹੈ।
ਉਨ੍ਹਾਂ ਨੇ ਹੋਰ ਯਾਦ ਕਰਵਾਇਆ ਗਿਆ ਕਿ ਲੁਧਿਆਣਾ ਦੇ ਸਾਬਕਾ ਸਵਰਗੀ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਵੀ ਸੰਜੀਵ ਅਰੋੜਾ ਦੀ ਕੰਪਨੀ ਵੱਲੋਂ ਇੰਡਸਟਰੀਅਲ ਜਰੂਰਤਾਂ ਲਈ ਜਮੀਨ ਨੂੰ ਮੰਤਵ ਬਦਲ ਕੇ ਰਿਹਾਇਸੀ ਕਲੋਨੀ ਬਣਾਉਣ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਵਿਧਾਇਕ ਹੀ ਸੰਜੀਵ ਅਰੋੜਾ ਵੱਲੋਂ ਕੀਤੀਆਂ ਗੜਬੜੀਆਂ ਤੇ ਸਵਾਲ ਕਰ ਰਹੇ ਸਨ।
ਸੁਨੀਲ ਜਾਖੜ ਨੇ ਚਿਤਾਵਨੀ ਦਿੱਤੀ ਕਿ ਮੁੱਖ ਮੰਤਰੀ ਸਿਆਸੀ ਬਦਲਾਖੋਰੀ ਬੰਦ ਕਰਕੇ ਪੰਜਾਬ ਦੇ ਵਿਗੜ ਰਹੇ ਅਮਨ ਕਾਨੂੰਨ ਦੇ ਹਲਾਤ ਸੁਧਾਰਨ ਬਾਰੇ ਕੰਮ ਕਰਨ ।