ਪੰਜਾਬ

ਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | August 15, 2025 08:53 PM

ਸ੍ਰੀ ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬੀ ਅੱਜ ਵੀ ਸੰਨ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ ਅਤੇ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਇਹੋ ਜਿਹੀ ਵੰਡ ਅਤੇ ਕਤਲੇਆਮ ਵਾਲਾ ਵਰਤਾਰਾ ਕਦੇ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਵਿੱਚ ਰਹਿਣ ਵਾਲੇ ਸਮੂਹ ਪੰਜਾਬੀ ਸਿੱਖ, ਹਿੰਦੂ ਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ। ਭਾਵੇਂ ਕਿ ਉਸ ਸਮੇਂ ਦੋ-ਦੇਸ਼ ਸਿਧਾਂਤ ਦੇ ਤਹਿਤ ਦੋ ਵੱਖ-ਵੱਖ ਦੇਸ਼ ਬਣ ਗਏ ਪਰ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਸਮਾਂ ਸੀ। ਸੰਨ 1947 ਵਿੱਚ ਪੰਜਾਬ ਅੰਦਰ ਕਈ ਦਿਨਾਂ ਤੱਕ ਕਤਲੇਆਮ ਹੋਇਆ, ਮਨੁੱਖਤਾ ਦਾ ਘਾਣ ਹੋਇਆ ਅਤੇ ਵੰਡ-ਪਾਊ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਜਿਸ ਦਾ ਸੰਤਾਪ ਅੱਜ ਵੀ ਦੇਸ਼-ਦੁਨੀਆ ਵਿੱਚ ਰਹਿੰਦੇ ਪੰਜਾਬੀ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ 1947 ਵਿੱਚ ਹੋਏ ਕਤਲੇਆਮ ਵਿੱਚ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਵੀ ਸ਼ਾਮਲ ਸਨ।
ਜਥੇਦਾਰ ਗੜਗੱਜ ਨੇ ਕਿਹਾ ਕਿ 1947 ਵਿੱਚ ਮਾਰੇ ਗਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ 14 ਅਗਸਤ ਨੂੰ ਹੋ ਚੁੱਕੀ ਹੈ, ਜਿਸ ਦੇ ਭੋਗ 16 ਅਗਸਤ ਨੂੰ ਪੈਣਗੇ ਅਤੇ ਉਪਰੰਤ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਮਾਰੇ ਗਏ ਪੰਜਾਬੀਆਂ ਨੂੰ ਸਤਿਕਾਰ ਭੇਟ ਕਰਦਿਆਂ ਯਾਦ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਤੇ ਸੰਗਤਾਂ ਨੂੰ ਇਸ ਅਰਦਾਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਜਥੇਦਾਰ ਗੜਗੱਜ ਨੇ ਕਿਹਾ 1947 ਦੇ ਵਿੱਚ ਪੰਜਾਬੀਆਂ ਖ਼ਾਸਕਰ ਸਿੱਖਾਂ ਨੇ ਲਹਿੰਦੇ ਪੰਜਾਬ ਵਾਲੇ ਪਾਸੇ ਵੰਡ ਕਰਕੇ ਆਪਣੀ ਕੀਮਤੀ ਤੇ ਉਪਜਾਊ ਜ਼ਮੀਨ ਛੱਡੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਜਾਨ ਤੋਂ ਪਿਆਰੇ 200 ਤੋਂ ਵੱਧ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਹਿਆ। ਇਹ ਦਰਦ ਸਿੱਖਾਂ ਨੇ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਅਤੇ ਹਰ ਰੋਜ਼ ਸਿੱਖ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸਿੱਖ ਸੰਗਤ ਦੀਆਂ ਅਰਦਾਸਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਦੋਵੇਂ ਪਾਸੇ ਵੱਸਦੇ ਪੰਜਾਬੀਆਂ ਨੂੰ ਇੱਕ-ਦੂਜੇ ਨਾਲ ਮਿਲਣ ਦਾ ਰਾਹ ਮਿਲਿਆ, ਸਾਲਾਂ ਤੋਂ ਆਪਸ ਵਿੱਚ ਵਿੱਛੜੇ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਮਿਲੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਦੋਵੇਂ ਦੇਸ਼ਾਂ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਉਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤ ਤੇ ਪੰਜਾਬੀ ਸਰਕਾਰ ਪਾਸੋਂ ਇਸ ਲਾਂਘੇ ਨੂੰ ਦੁਬਾਰਾ ਜਲਦ ਹੀ ਖੋਲ੍ਹਣ ਦੀ ਮੰਗ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਆ ਰਿਹਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਵੇ ਤਾਂ ਸੰਗਤ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਉੱਤੇ ਨਤਮਸਤਕ ਹੋ ਸਕਣਗੀਆਂ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਲਾਂਘਾ ਜਲਦ ਖੋਲ੍ਹਣ ਲਈ ਕਾਰਜ ਕਰਨ ਨੂੰ ਆਖਿਆ। ਉਨ੍ਹਾਂ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਆਪਸੀ ਮੁਹੱਬਤ ਤੇ ਸਾਂਝੀਵਾਲਤਾ ਵਧੇ ਅਤੇ ਜਿਹੋ ਜਿਹੇ ਦਿਨ ਪੰਜਾਬ ਨੇ ਸੰਨ 1947 ਵਿੱਚ ਦੇਖੇ ਇਹੋ ਜਿਹੇ ਕਿਸੇ ਨੂੰ ਨਾ ਦੇਖਣੇ ਪੈਣ।

Have something to say? Post your comment

 
 
 

ਪੰਜਾਬ

79ਵੇਂ ਆਜ਼ਾਦੀ ਦਿਵਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਰੂਪਨਗਰ 'ਚ ਲਹਿਰਾਇਆ ਤਿਰੰਗਾ ਝੰਡਾ

ਮੁੱਖ ਮੰਤਰੀ ਨੇ ਟਿੱਲਾ ਬਾਬਾ ਸ਼ੇਖ ਫ਼ਰੀਦ ਵਿਖੇ ਮੱਥਾ ਟੇਕਿਆ

ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ

ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅਦਾ ਕੀਤੀ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ

ਪੰਜਾਬ ਭਰ ਵਿੱਚ ਸੁਤੰਤਰਤਾ ਦਿਵਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਵਿਸ਼ੇਸ਼ ਸਨਮਾਨ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲਹਿਰਾਇਆ ਕੌਮੀ ਝੰਡਾ

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮਲਟੀਪਰਪਜ ਸਪੋਰਟਸ ਸਟੇਡੀਅਮ ਪਠਾਨਕੋਟ ਵਿਖੇ ਲਹਿਰਾਇਆ ਤਿਰੰਗਾ

ਬਠਿੰਡਾ ਵਿਖੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਤਿਰੰਗਾ

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ, 1961 ਵਿੱਚ ਸੋਧਾਂ ਨੂੰ ਮਨਜ਼ੂਰੀ

ਪੁਲਿਸ ਟੀਮਾਂ ਨੇ ਲਗਾਤਾਰ ਦੂਜੇ ਦਿਨ ਵੀ ਸੰਵੇਦਨਸ਼ੀਲ ਥਾਵਾਂ 'ਤੇ ਚਲਾਈ ਤਲਾਸ਼ੀ ਮੁਹਿੰਮ