ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ਤੇ ਸਰਕਾਰ ਨੇ ਗੰਭੀਰਤਾ ਮਦਵਖਾਉਂਦੇ ਹੋਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦਾ ਖਰੜਾ - "ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪ੍ਰਾਧਾਂ ਦੀ ਰੋਕਥਾਮ ਬਿਲ, 2025" ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ, ਜਿਸ ਸਬੰਧੀ ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਵੱਲੋਂ ਸਰਦਾਰ ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਜੋ ਲੋਕਾਂ ਦੀ ਰਾਏ ਲੈ ਕੇ ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕਰਨ ਲਈ ਹਰ ਹਫਤੇ ਮੀਟਿੰਗ ਕਰ ਰਹੀ ਹੈ। ਲੋਕਾਂ ਦੇ ਸੁਝਾਅ ਲੈਣ ਲਈ ਵੱਖ-ਵੱਖ ਅਖਬਾਰਾਂ ਵਿੱਚ ਮਿਤੀ 31.7.2025 ਅਤੇ 14.8.2025 ਨੂੰ ਇਸ਼ਤਿਹਾਰ ਦਿੱਤੇ ਗਏ ਹਨ ਅਤੇ ਕਮੇਟੀ ਨੂੰ ਲੋਕਾਂ ਦੇ ਬਹੁਤ ਸੁਝਾਅ ਪ੍ਰਾਪਤ ਹੋ ਰਹੇ ਹਨ।
ਕਮੇਟੀ ਦੀ ਮੀਟਿੰਗ ਮਿਤੀ 12.8.2025 ਨੂੰ ਪੰਜਾਬੀ ਯੂਨੀਵਰਸਟੀ, ਪਟਿਆਲਾ ਦੇ ਵਿਦਵਾਨਾਂ - ਡਾ. ਜਸਪ੍ਰੀਤ ਕੌਰ ਸੰਧੂ, ਡਿਪਾਰਟਮੈਂਟ ਆਫ ਸਿੱਖਇਜ਼ਮ; ਡਾ. ਗੁਰਪ੍ਰੀਤ ਸਿੰਘ ਸਿੱਧੂ, ਡਿਪਾਰਟਮੈਂਟ ਆਫ ਰਿਲੀਜਨ; ਡਾ. ਧਰਮਵੀਰ ਸਿੰਘ, ਡਿਪਾਰਟਮੈਂਟ ਆਫ ਸਿੱਖਇਜ਼ਮ; ਡਾ. ਗੁਰਮਿਲ ਸਿੰਘ, ਧਰਮ ਅਧਿਐਨ ਵਿਭਾਗ; ਡਾ. ਜਸਵਿੰਦਰ ਸਿੰਘ ਅਤੇ ਡਾ. ਤੇਜਿੰਦਰ ਕੌਰ, ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼ ਹਾਜ਼ਰ ਹੋਏ। ਉਨ੍ਹਾਂ ਨੇ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਆਪਣੇ ਵਿਚਾਰ ਦਿੱਤੇ।
ਸਿਲੈਕਟ ਕਮੇਟੀ ਦੀ ਅੱਜ ਦੀ ਮੀਟਿੰਗ ਮਿਤੀ 19.8.2025 ਨੂੰ ਬਿਲ ਸਬੰਧੀ ਆਪਣੇ ਸੁਝਾਅ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਦੇ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਟੱਡੀਜ਼ ਦੇ ਵਿਦਵਾਨਾਂ - ਪ੍ਰੋ. ਅਰਜੀਤ ਸਿੰਘ, ਸਿੱਖੀ, ਸਿੱਖ ਸਟੱਡੀਜ਼ ਚੇਅਰ; ਡਾ. ਸਾਈਦ ਰਾਇਹਾਨ ਹਸਨ ਮਰਜਵੀ, ਉਰਦੂ ਵਿਭਾਗ; ਪ੍ਰੋ. ਸੁਨੀਲ ਕਮਾਰ, ਸਿੱਖੀ, ਹਿੰਦੀ ਵਿਭਾਗ; ਪ੍ਰੋ. ਪਵਨ ਕਮਾਰ, ਲਾਅ ਵਿਭਾਗ; ਡਾ. ਮਾਂਟ ਐਰਿਸਨ, ਆਰਕੀਟੈਕਚਰ ਵਿਭਾਗ; ਅਤੇ ਪ੍ਰੋ. ਸਤਨਾਮ ਸਿੰਘ ਮਦੌਲ, ਸਿੱਖੀ, ਰਾਜਨੀਤੀ ਸ਼ਾਸਤਰ ਵਿਭਾਗ ਹਾਜ਼ਰ ਹੋਏ। ਉਨ੍ਹਾਂ ਨੇ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਆਪਣੇ ਵਿਚਾਰ ਦਿੱਤੇ।
ਸਿਲੈਕਟ ਕਮੇਟੀ ਦੀ ਮੀਟਿੰਗ ਵਿੱਚ ਸਭਾਪਤੀ ਸਮੇਤ ਸਾਰੇ ਮੈਂਬਰ ਹਾਜ਼ਰ ਸਨ।
ਕਮੇਟੀ ਵੱਲੋਂ ਆਪਣੀ ਅਗਲੀ ਮੀਟਿੰਗ ਮਿਤੀ 26.8.2025 ਨੂੰ ਪ੍ਰਧਾਨ, ਬਾਰ ਐਸੋਸੀਏਸ਼ਨ ਅਤੇ ਚੇਅਰਮੈਨ, ਬਾਰ ਕਾਊਂਸਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਆਪਣੇ ਸੁਝਾਅ ਦੇਣ ਲਈ ਬੇਨਤੀ ਕੀਤੀ ਗਈ ਹੈ। ਕਮੇਟੀ ਨੇ ਇਸੇ ਤਰੀਕੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਨੂੰ ਆਪਣੇ ਵਿਚਾਰ/ਸੁਝਾਅ ਲਿਖਤੀ ਤੌਰ ਤੇ ਦੇਣ ਲਈ ਵੀ ਬੇਨਤੀ ਕੀਤੀ ਹੋਈ ਹੈ।