ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਧਰਮ ਦੇ ਮਹਾਨ ਸ਼ਹੀਦੀ ਪ੍ਰੰਪਰਾ ਨੂੰ ਯਾਦਗਾਰ ਬਣਾਉਂਦਿਆਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਮੋਲ ਸਾਥੀ ਸ਼ਹੀਦਾਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ — ਦੀ 350ਵੀ ਸ਼ਹੀਦੀ ਬਰਸੀ ਨੂੰ ਸਮਰਪਿਤ “ਕਵੀ ਦਰਬਾਰ” ਦਾ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਅਗਸਤ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ
ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਵਿੱਚ ਸਰਵਸ਼੍ਰੀ ਸ਼ੁਕਰਗੁਜ਼ਾਰ ਸਿੰਘ ਜੰਡਿਆਲਾ ਗੁਰੂ, ਗੁਰਚਚਨ ਸਿੰਘ ਚਰਨ, ਹਰੀ ਸਿੰਘ ਜਾਚਕ, ਦੀਪ ਸਿੰਘ ਲੁਧਿਆਣਾ , ਸ਼ੁਭਮ ਮੰਗਲਾ, ਕਰਮਜੀਤ ਸਿੰਘ ਨੂਰ, ਸ੍ਰੀ ਰਸ਼ਪਾਲ ਸਿੰਘ ਪਾਲ, ਬਲਵੀਰ ਸਿੰਘ ਬੱਲ, ਜਮੀਰ ਅਲੀ ਜਮੀਰ ਅਤੇ ਅਵਤਾਰ ਸਿੰਘ ਤਾਰੀ ਕਵੀ ਹਾਜ਼ਰ ਹੋ ਰਹੇ ਹਨ।
ਇਹ ਪਵਿੱਤਰ ਸਮਾਗਮ 23 ਅਗਸਤ 2025 ਨੂੰ ਰਾਤ 8 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਮੋਤੀ ਬਾਗ ਸਾਹਿਬ, ਨਵੀਂ ਦਿੱਲੀ ਵਿਖੇ ਸੁਸ਼ੋਭਤ ਹੋਵੇਗਾ। ਇਸ ਕਵੀ ਦਰਬਾਰ ਵਿੱਚ ਪ੍ਰਸਿੱਧ ਕਵੀਆਂ ਅਤੇ ਸ਼ਾਇਰਾਂ ਵੱਲੋਂ ਆਪਣੇ ਰਚਨਾਤਮਕ ਸ਼ਬਦਾਂ ਰਾਹੀਂ ਗੁਰੂ ਸਾਹਿਬਾਨ ਅਤੇ ਸ਼ਹੀਦ ਗੁਰਸਿੱਖਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਰੂਹਾਨੀ ਅਤੇ ਚਿੰਤਨਸ਼ੀਲ ਕਾਵਿ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਕੁਰਬਾਨੀ ਨਾ ਸਿਰਫ਼ ਸਿੱਖ ਕੌਮ, ਸਗੋਂ ਸਮੂਹ ਮਨੁੱਖਤਾ ਲਈ ਦਿੱਤੀ ਕੁਰਬਾਨੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਦੀ ਸ਼ਹੀਦੀ ਕੁਰਬਾਨੀ ਧਾਰਮਿਕ ਅਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਆਤਮਿਕ ਸ਼ਕਤੀ ਦਾ ਅਮਰ ਪ੍ਰਤੀਕ ਹੈ।
ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਇਸ ਰੂਹਾਨੀ ਕਾਵਿ ਦਰਬਾਰ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬਾਨ ਦੀ ਮਹਾਨ ਸ਼ਹੀਦੀ ਦਾ ਸਿਮਰਨ ਕਰਦਿਆਂ ਆਪਣੇ ਮਨਾਂ ਨੂੰ ਪਵਿਤ੍ਰ ਕਰਨ ਅਤੇ ਗੁਰੂ ਘਰ ਦੀ ਬਰਕਤਾਂ ਪ੍ਰਾਪਤ ਕਰਨ।