ਚੰੜੀਗੜ - ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਰਟੀ ਦੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਲੀਡਰਸ਼ਿਪ ਨਾਲ ਆਪਣੀ ਪਲੇਠੀ ਮੀਟਿੰਗ ਵਿੱਚ ਇਸ ਦੀ ਜ਼ਿੰਮੇਵਾਰੀ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਨੂੰ ਸੌਂਪੀ ਗਈ ਸੀ। ਏਸੇ ਜ਼ਿੰਮੇਵਾਰੀ ਨੂੰ ਅੱਗੇ ਤੋਰਦਿਆਂ ਅੱਜ ਚੰਡੀਗੜ ਸਥਿਤ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਇਸਤਰੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਲੇਠੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਬੀਬੀ ਜਗੀਰ ਨੇ ਕਿਹਾ ਕਿ, ਅੱਜ ਦੇਸ਼ ਦੀ ਰਾਜਨੀਤੀ ਵਿੱਚ ਔਰਤਾਂ ਦੀ ਮਜ਼ਬੂਤ ਭਾਗੀਦਾਰੀ ਹੈ, ਇਸ ਮਜ਼ਬੂਤ ਭਾਗੀਦਾਰੀ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਲਿਆਉਣ ਲਈ ਅਹਿਮ ਕੋਸ਼ਿਸ਼ ਹੋਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸਕਰਾਤਮਕ ਸੋਚ ਤੋਂ ਰਾਜਨੀਤੀ ਦੂਰ ਹੋ ਚੁੱਕੀ ਹੈ। ਅੱਜ ਔਰਤ ਇੱਕ ਇੱਕ ਧੀ, ਇੱਕ ਮਾਂ, ਇੱਕ ਭੈਣ ਅਤੇ ਪਤਨੀ ਦੇ ਰੂਪ ਵਿੱਚ ਆਪਣੀ ਪੂਰੀ ਦ੍ਰਿੜਤਾ ਨਾਲ ਜ਼ਿੰਮੇਵਾਰੀ ਅਦਾ ਕਰਦੀ ਹੈ। ਮਾਈ ਭਾਗੋ ਵਰਗੀ ਦ੍ਰਿੜ ਸੋਚ ਨੂੰ ਅੱਗੇ ਵਧਾਉਂਦੇ ਹੋਏ ਪੂਰੇ ਪੰਜਾਬ ਨੂੰ ਵੱਖ ਵੱਖ ਜ਼ੋਂਨ ਹੇਠ ਵੰਡ ਕੇ ਇਸਤਰੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਬੂਥ ਤੱਕ ਦੀ ਕੋਸ਼ਿਸ਼ ਰਹੇਗੀ ਕਿ ਇਸਤਰੀ ਅਕਾਲੀ ਦਲ ਨੂੰ ਸੰਗਠਨ ਦੇ ਤੌਰ ਤੇ ਮਜ਼ਬੂਤ ਰੂਪ ਦਿੱਤਾ ਜਾ ਸਕੇ। ਇਸ ਕਰਕੇ ਪੰਜ ਮੈਬਰੀ ਕਮੇਟੀ ਬਣਾ ਕੇ ਹਰ ਜ਼ੋਨ ਲਈ ਪ੍ਰੋਗਰਾਮ ਬਣਾਏ ਜਾਣਗੇ।ਅੱਜ ਦੀ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਵਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਚੁਣੇ ਜਾਣ ਨੂੰ ਪੰਥਕ ਸਫਿਆਂ ਵਿੱਚ ਸ਼ੁਭ ਸੰਕੇਤ ਦਿੱਤਾ। ਇਸ ਮੀਟਿੰਗ ਵਿੱਚ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਸਾਂਸਦ, ਬੀਬੀ ਰਣਜੀਤ ਕੌਰ ਤਲਵੰਡੀ, ਬੀਬੀ ਗਗਨਦੀਪ ਕੌਰ ਢੀਂਡਸਾ, ਬੀਬਾ ਗੁਰਪ੍ਰੀਤ ਕੌਰ ਰੱਖੜਾ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਜਸਮੀਤ ਕੌਰ ਛੀਨਾ ਮਿਸਲ ਸਤਲੁਜ, ਬੀਬੀ ਨਿਰਮਲ ਕੌਰ ਸੇਖੋਂ ਚੰਡੀਗੜ, ਬੀਬੀ ਕ੍ਰਿਪਾਲ ਕੌਰ ਸੈਣੀ ਮਾਜਰਾ, ਬੀਬੀ ਸਿਮਰਜੀਤ ਕੌਰ ਸਿੱਧੂ, ਬੀਬੀ ਸੁਨੀਤਾ ਸ਼ਰਮਾ, ਬੀਬਾ ਕੁਲਵਿੰਦਰ ਕੌਰ ਫਿਲੌਰ ਅਤੇ ਬੀਬੀ ਅਵਨੀਤ ਕੌਰ ਨੇ ਵੀ ਸੰਬੋਧਨ ਕੀਤਾ।