ਫ਼ਤਹਿਗੜ੍ਹ ਸਾਹਿਬ- “ਇੰਡੀਆਂ ਦੇ ਰੱਖਿਆ ਵਜੀਰ ਸ੍ਰੀ ਰਾਜਨਾਥ ਸਿੰਘ ਕਹਿ ਰਹੇ ਹਨ ਕਿ ਅਸੀ ਪਾਕਿਸਤਾਨ ਨੂੰ ਜਗਰਾਫੀਆ ਤੌਰ ਤੇ ਬਦਲ ਦਿੱਤਾ ਹੈ ਅਤੇ ਹੁਣ ਇਤਿਹਾਸਿਕ ਤੌਰ ਤੇ ਵੀ ਬਦਲਾਂਗੇ । ਉੱਧਰ ਪਾਕਿਸਤਾਨ ਦੇ ਰੱਖਿਆ ਵਜੀਰ ਜਨਾਬ ਖਵਾਜਾ ਮੁਹੰਮਦ ਆਸਿਫ ਕਹਿ ਰਹੇ ਹਨ ਕਿ ਅਸੀ ਇੰਡੀਆ ਨਾਲ ਸਿੰਝਣ ਲਈ ਹਰ ਤਰ੍ਹਾਂ ਤਿਆਰ ਹਾਂ । ਜੇਕਰ ਜੰਗ ਲੱਗ ਗਈ ਤਾਂ ਇਸ ਸੂਰਤ ਵਿਚ ਤਾਂ ਪ੍ਰਮਾਣੂ ਹਥਿਆਰਾਂ ਦੀ ਬਦੌਲਤ ਸਿੱਖ ਵਸੋ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਤਾਂ ਨਾਸਵਾਨ ਹੋ ਕੇ ਰਹਿ ਜਾਣਗੇ ਅਤੇ ਸਿੱਖ ਵਸੋਂ ਤਾਂ ਬਿਲਕੁਲ ਵੀ ਖਤਮ ਹੋ ਜਾਵੇਗੀ । ਜਦੋਕਿ ਸਿੱਖ ਕੌਮ ਤੇ ਪੰਜਾਬੀ ਤਾਂ ਕਦੀ ਵੀ ਜੰਗਾਂ-ਯੁੱਧਾਂ ਨੂੰ ਨਹੀ ਚਾਹੁੰਦੇ ਅਤੇ ਉਹ ਜਮਹੂਰੀਅਤ ਅਤੇ ਅਮਨਮਈ ਸੋਚ ਵਿਚ ਵਿਸਵਾਸ ਰੱਖਦੇ ਹਨ । ਜੰਗ ਲੱਗਣ ਦੀ ਸੂਰਤ ਵਿਚ ਇਹ ਸਿੱਖ ਵਸੋ ਵਾਲੇ ਇਲਾਕੇ ਹੀ ਮੈਦਾਨ ਏ ਜੰਗ ਬਣਨਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਸੰਸਥਾਂ ਯੂ.ਐਨ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕਰਨੀ ਚਾਹੇਗਾ ਕਿ ਉਹ ਮੋਹਰੀ ਤੇ ਜਿੰਮੇਵਾਰੀ ਵਾਲੀ ਭੂਮਿਕਾ ਨਿਭਾਕੇ ਉਪਰੋਕਤ ਸਿੱਖ ਵਸੋ ਵਾਲੇ ਇਲਾਕਿਆ ਨੂੰ ਤੁਰੰਤ ਕੌਮਾਂਤਰੀ ਕਾਨੂੰਨਾਂ ਅਨੁਸਾਰ ਨੋ ਫਲਾਈ ਜੋਨ ਦਾ ਐਲਾਨ ਕਰਕੇ ਸਾਡੀ ਸਿੱਖ ਵਸੋ ਨੂੰ ਸੁਰੱਖਿਅਤ ਕਰਨ ਦੇ ਯਕੀਨੀ ਬਣਾਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਅਤੇ ਪਾਕਿਸਤਾਨ ਜੋ ਦੋਵੇ ਪ੍ਰਮਾਣੂ ਹਥਿਆਰਾਂ ਤੇ ਤਕਨੀਕ ਨਾਲ ਲੈਸ ਹਨ, ਉਨ੍ਹਾਂ ਵੱਲੋ ਇਕ-ਦੂਸਰੇ ਵਿਰੁੱਧ ਜੰਗ ਲਗਾਉਣ ਤੇ ਹਰ ਤਰ੍ਹਾਂ ਦਾ ਮੁਕਾਬਲਾ ਕਰਨ ਦੀਆਂ ਕੀਤੀਆ ਜਾ ਰਹੀਆ ਗੱਲਾਂ ਉਤੇ ਸਿੱਖ ਵਸੋ ਵਾਲੇ ਇਲਾਕਿਆ ਦਾ ਵੱਡਾ ਨੁਕਸਾਨ ਹੋ ਜਾਣ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਯੂ.ਐਨ. ਦੀ ਸੰਸਥਾਂ ਨੂੰ ਫੌਰੀ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਇਲਾਕਿਆ ਦੀ ਸੁਰੱਖਿਆ ਲਈ ਨੋ ਫਲਾਈ ਜੋਨ ਐਲਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ 2 ਤਲਵਾਰਾਂ ਬਰਾਬਰ ਦੀਆਂ ਤਿੱਖੀਆ ਹੋਣਗੀਆ ਤਾਂ ਕੋਈ ਵੀ ਤਲਵਾਰ ਮਿਆਨ ਵਿਚੋ ਬਾਹਰ ਨਹੀ ਆਵੇਗੀ । ਜਦੋ ਇੰਡੀਆ ਹਥਿਆਰਾਂ ਤੇ ਅਸਲੇ ਵਿਚ ਮਜਬੂਤ ਕਹਿੰਦਾ ਹੈ ਤਾਂ ਪਾਕਿਸਤਾਨ ਵੀ ਇਸ ਮੁੱਦੇ ਤੇ ਮਜਬੂਤ ਹੋਣਾ ਚਾਹੀਦਾ ਹੈ । ਜਿਸ ਨਾਲ ਕੇਵਲ ਸਿੱਖ ਵਸੋ ਵਾਲੇ ਇਲਾਕੇ ਹੀ ਨਹੀ ਬਲਕਿ ਏਸੀਆ ਖਿੱਤੇ ਦਾ ਅਮਨ ਚੈਨ ਵੀ ਕਾਇਮ ਰਹਿ ਸਕੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਯੂ.ਐਨ ਸੰਸਥਾਂ ਜੋ ਅਕਸਰ ਹੀ ਕਿਸੇ ਵੀ ਮੁਲਕ ਜਾਂ ਜੰਗਾਂ-ਯੁੱਧਾਂ ਵਿਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਰੋਕਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ, ਉਹ ਸਾਡੇ ਸਿੱਖ ਵਸੋ ਵਾਲੇ ਇਲਾਕਿਆ ਨੂੰ ਜਲਦੀ ਹੀ ਨੋ ਫਲਾਈ ਜੋਨ ਐਲਾਨ ਕਰਕੇ ਘੱਟ ਗਿਣਤੀ ਸਿੱਖ ਕੌਮ ਨੂੰ ਇੰਡੀਆ ਵਿਚ ਸੁਰੱਖਿਅਤ ਕਰਨ ਦੀ ਜਿੰਮੇਵਾਰੀ ਪੂਰਨ ਕਰੇਗੀ ।